ਖੇਤੀ ਕਾਨੂੰਨਾਂ ‘ਤੇ ਮੋਦੀ ਸਰਕਾਰ ਦਾ ਸਟੈਂਡ ਸਪਸ਼ਟ, ਅੱਜ ਫਿਰ ਮੰਤਰੀਆਂ ਦਾ ਵਰਚੁਅਲ ਐਕਸ਼ਨ

    0
    114

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਕੇਂਦਰ ਸਰਕਾਰ ਕਿਸੇ ਵੀ ਹਾਲਤ ਵਿੱਚ ਖੇਤੀ ਕਾਨੂੰਨ ਵਾਪਸ ਲੈਣ ਦੇ ਮੂਡ ਵਿੱਚ ਨਹੀਂ ਹੈ। ਇਹ ਸੰਕੇਤ ਬੁੱਧਵਾਰ ਦਿੱਲੀ ਵਿੱਚ ਹੋਈ ਮੀਟਿੰਗ ਦੌਰਾਨ ਹੀ ਮਿਲ ਗਏ ਹਨ। ਇਸ ਦੇ ਨਾਲ ਹੀ ਮੋਦੀ ਸਰਕਾਰ ਨੇ ਆਪਣੇ 8 ਮੰਤਰੀਆਂ ਨੂੰ ਖੇਤੀ ਕਾਨੂੰਨਾਂ ਦੀਆਂ ਖ਼ੂਬੀਆਂ ਦੱਸਣ ਲਈ ਮੈਦਾਨ ਵਿੱਚ ਉਤਾਰ ਦਿੱਤਾ ਹੈ। ਬੁੱਧਵਾਰ ਦੇ ਘਟਨਾਕ੍ਰਮ ਤੋਂ ਬਾਅਦ ਅੱਜ ਫਿਰ ਕੇਂਦਰੀ ਮੰਤਰੀਆਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵਰੁਚਅਲ ਮੀਟਿੰਗਾਂ ਕਰਕੇ ਖੇਤੀ ਕਾਨੂੰਨਾਂ ਦੀ ਰੱਜ ਕੇ ਪ੍ਰਸ਼ੰਸਾ ਕੀਤੀ।

    ਇਸ ਤੋਂ ਪਹਿਲਾਂ ਮੋਦੀ ਸਰਕਾਰ ਨੇ ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਤਾਂ ਪੰਜਾਬ ਵੀ ਭੇਜਿਆ ਸੀ। ਉਨ੍ਹਾਂ ਤੋਂ ਇਲਾਵਾ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ, ਕੱਪੜਾ ਮੰਤਰੀ ਸਮ੍ਰਿਤੀ ਇਰਾਨੀ, ਖੇਤੀ ਰਾਜ ਮੰਤਰੀ ਕੈਲਾਸ਼ ਚੌਧਰੀ, ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ, ਕੇਂਦਰੀ ਰਾਜ ਪਸ਼ੂ ਪਾਲਣ ਮੰਤਰੀ ਸੰਜੀਵ ਬਾਲਿਆਨ, ਕੇਂਦਰੀ ਇਸਪਾਤ ਤੇ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਤੇ ਜਤਿੰਦਰ ਸਿੰਘ ਵਰਚੁਅਲ ਰੈਲੀਆਂ ਕਰ ਰਹੇ ਹਨ।

    ਦਿਲਚਸਪ ਗੱਲ ਹੈ ਕਿ ਇਨ੍ਹਾਂ ਵਰਚੁਅਲ ਬੈਠਕਾਂ ਵਿੱਚ ਕਿਸਾਨ ਸ਼ਾਮਲ ਹੀ ਨਹੀਂ ਹੋ ਰਹੇ ਸਗੋਂ ਜ਼ਿਆਦਾਤਰ ਬੀਜੇਪੀ ਵਰਕਰ ਹੀ ਸ਼ਾਮਲ ਹੋ ਰਹੇ ਹਨ। ਹੋਰ ਤਾਂ ਹੋਰ ਇਨ੍ਹਾਂ ਵਰਕਰਾਂ ਵਿੱਚੋਂ ਵੀ ਬਹੁਤਿਆਂ ਨੂੰ ਖੇਤੀਬਾੜੀ ਬਾਰੇ ਜਾਣਕਾਰੀ ਹੀ ਨਹੀਂ। ਮੋਦੀ ਸਰਕਾਰ ਦੇ ਇਸ ਡਬਲ ਸਟੈਂਡ ਤੋਂ ਕਿਸਾਨ ਕਾਫ਼ੀ ਔਖੇ ਹਨ। ਕਿਸਾਨ ਲੀਡਰ ਨਰਿੰਦਰ ਸਿੰਘ ਕੰਗ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਰੋਹ ਇਨ੍ਹਾਂ ਆਨਲਾਈਨ ਪ੍ਰਬੰਧਾਂ ਨਾਲ ਸ਼ਾਂਤ ਹੋਣ ਵਾਲਾ ਨਹੀਂ।

    ਕਿਸਾਨ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਇੱਕ ਪਾਸੇ ਦਿੱਲੀ ਵਿੱਚ ਉਨ੍ਹਾਂ ਨਾਲ ਕੋਈ ਗੱਲ ਕਰਨ ਵਾਲਾ ਨਹੀਂ ਤੇ ਦੂਜੇ ਪਾਸੇ ਮੰਤਰੀਆਂ ਦੀ ਵਰਚੁਅਲ ਮੀਟਿੰਗਾਂ ’ਤੇ ਡਿਊਟੀ ਲਾ ਕੇ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਸਮਝਾਉਣ ਦੇ ਨਾਂ ’ਤੇ ਟਕਰਾਅ ਕਰਾ ਕੇ ਸ਼ਾਂਤੀ ਭੰਗ ਕਰਨਾ ਚਾਹੁੰਦੀ ਹੈ।

    ਸਰਕਾਰ ਦਾ ਤਰਕ

    ” ਇਸ ਬਾਰੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਦਾ ਕਹਿਣਾ ਹੈ ਕਿ ਸਰਕਾਰ ਨਵੇਂ ਖੇਤੀ ਕਾਨੂੰਨਾਂ ਬਾਰੇ ਵਿਚਾਰ-ਚਰਚਾ ਲਈ ਹਮੇਸ਼ਾ ਤਿਆਰ ਹੈ। ਜਾਵੜੇਕਰ ਨੇ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਪਹਿਲਾਂ ਹੀ ਕਿਸਾਨ ਜੱਥੇਬੰਦੀਆਂ ਨਾਲ ਇਨ੍ਹਾਂ ਮੁੱਦਿਆਂ ’ਤੇ ਇੱਕ ਵਾਰ ਬੈਠਕ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਜੇ ਹੋਰ ਗੱਲਬਾਤ ਲੋੜੀਂਦੀ ਹੈ ਤਾਂ ਸਰਕਾਰ ਤਿਆਰ ਹੈ। ਜਾਵੜੇਕਰ ਨੇ ਕਿਹਾ ਕਿ ਤੋਮਰ ਬੁੱਧਵਾਰ ਕਿਸੇ ਹੋਰ ਜ਼ਰੂਰੀ ਕਾਰਜ ਵਿਚ ਰੁੱਝੇ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਜਦ ਵਿਹਲੇ ਹੋ ਜਾਣਗੇ ਤਾਂ ਸਾਰਿਆਂ ਨੂੰ ਮਿਲਣਗੇ। “

    LEAVE A REPLY

    Please enter your comment!
    Please enter your name here