ਅਨਲਾਕ-4 ਤਹਿਤ ਖੁੱਲ੍ਹੇ ਸਕੂਲਾਂ ‘ਚ ਇਸ ਤਰ੍ਹਾਂ ਦਾ ਮਾਹੌਲ, ਮਾਪਿਆਂ ‘ਚ ਕੋਰੋਨਾ ਦਾ ਖੌਫ਼ ਬਰਕਰਾਰ

    0
    130

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ)

    ਚੰਡੀਗੜ੍ਹ : ਕੇਂਦਰ ਸਰਕਾਰ ਦੇ ਹੁਕਮਾਂ ਮੁਤਾਬਕ ਚੰਡੀਗੜ੍ਹ ਵਿੱਚ ਅਨਲਾਕ-4 ਤਹਿਤ ਅੱਜ ਤੋਂ ਸਕੂਲ ਖੋਲ੍ਹੇ ਗਏ ਹਨ। ਆਨਲਾਈਨ ਕਲਾਸ ਦੌਰਾਨ ਜਿਹੜੇ ਬੱਚਿਆਂ ਨੂੰ ਕੋਈ ਟੌਪਿਕ ਸਮਝ ਨਹੀਂ ਆਉਂਦਾ, ਉਹ ਵਿਦਿਆਰਥੀ ਮਾਪਿਆਂ ਦੀ ਇਜਾਜ਼ਤ ਨਾਲ ਸਕੂਲਾਂ ‘ਚ ਪਹੁੰਚ ਰਹੇ ਹਨ।

    ਚੰਡੀਗੜ੍ਹ ‘ਚ ਸੈਕਟਰ 40-B ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 20 ਵਿਦਿਆਰਥੀਆਂ ਨੇ ਮਾਪਿਆਂ ਦੀ ਆਗਿਆ ਲੈ ਕੇ ਸਕੂਲ ‘ਚ ਆਉਣਾ ਸੀ ਪਰ ਇੱਥੇ ਸਿਰਫ਼ ਦੋ ਹੀ ਬੱਚੇ ਕਲਾਸ ਲਵਾਉਣ ਲਈ ਪਹੁੰਚੇ। ਦਰਅਸਲ ਮਾਪਿਆਂ ਦੇ ਮਨਾਂ ਵਿੱਚ ਹਾਲੇ ਵੀ ਕੋਰੋਨਾਵਾਇਰਸ ਨੂੰ ਲੈ ਕੇ ਡਰ ਬਣਿਆ ਹੋਇਆ ਹੈ। ਇਸ ਲਈ ਬੱਚਿਆਂ ਨੂੰ ਘਰੋਂ ਬਾਹਰ ਨਹੀਂ ਭੇਜ ਰਹੇ। ਮਾਪੇ ਆਨਲਾਈਨ ਸਟੱਡੀ ‘ਚ ਹੀ ਯਕੀਨ ਬਣਾ ਰਹੇ ਹਨ।

    ਸਕੂਲ ਮੈਨੇਜਮੈਂਟ ਵੱਲੋਂ ਬੱਚਿਆਂ ਦੀ ਆਮਦ ਨੂੰ ਦੇਖਦੇ ਹੋਏ ਪੂਰੀ ਤਿਆਰੀ ਕੀਤੀ ਹੋਈ ਹੈ। ਸਕੂਲ ‘ਚ ਐਂਟਰੀ ਤੋਂ ਪਹਿਲਾਂ ਸਟਾਫ਼ ਤੇ ਸਟੂਡੈਂਟਸ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੱਥਾਂ ਨੂੰ ਸੈਨੇਟਾਈਜ਼ ਕੀਤਾ ਜਾਂਦਾ ਹੈ। ਕਲਾਸ ਵਿੱਚ ਵੀ ਇੱਕ ਬੈਂਚ ਛੱਡ ਕੇ ਬੱਚਿਆਂ ਦੇ ਬੈਠਣ ਦੀ ਵਿਵਸਥਾ ਕੀਤੀ ਹੋਈ ਹੈ। ਸਕੂਲ ਸਟਾਫ਼ ਤੇ ਵਿਦਿਆਰਥੀਆਂ ਲਈ ਮਾਸਕ ਲਾਜ਼ਮੀ ਕੀਤਾ ਹੋਇਆ ਹੈ।

    ਇੱਥੇ ਦੋ ਸ਼ਿਫਟਾਂ ਵਿੱਚ ਵਿਦਿਆਰਥੀ ਬੁਲਾਏ ਗਏ ਹਨ। ਪਹਿਲੀ ਸ਼ਿਫਟ ਵਿੱਚ ਸਾਇੰਸ ਤੇ ਕਮਰਸ ਦੇ ਸਟੂਡੈਂਟ ਨੂੰ ਆਗਿਆ ਮਿਲੀ ਹੈ। ਦੂਸਰੀ ਸ਼ਿਫਟ ਵਿੱਚ ਆਰਟਸ ਤੇ ਵੋਕੇਸ਼ਨਲ ਦੇ ਵਿਦਿਆਰਥੀ ਆਉਣਗੇ। ਸੈਕਟਰ 40-ਬੀ ਦੇ ਇਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਹਿਲੀ ਸ਼ਿਫ਼ਟ ਸਵੇਰੇ ਨੌਂ ਤੋਂ ਸਵੇਰੇ ਸਾਢੇ ਗਿਆਰਾਂ ਵਜੇ ਤੱਕ ਹੈ। ਦੂਸਰੀ ਸ਼ਿਫਟ ਦੁਪਹਿਰ 12 ਵਜੇ ਤੋਂ ਤਿੰਨ ਵਜੇ ਤੱਕ ਲਾਈ ਜਾਵੇਗੀ।

    ਪਹਿਲੀ ਸ਼ਿਫਟ ਵਿੱਚ ਉਮੀਦ ਤੋਂ ਵੀ ਘੱਟ ਵਿਦਿਆਰਥੀ ਕਲਾਸ ਲਾਉਣ ਲਈ ਪਹੁੰਚੇ ਹਨ। ਸਕੂਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਸਾਰੇ ਕਲਾਸ ਰੂਮ ਨੂੰ ਸੈਨੇਟਾਈਜ਼ ਕੀਤਾ ਗਿਆ ਹੈ। ਬੱਚਿਆਂ ਵਿੱਚ ਸਮਾਜਿਕ ਦੂਰੀ ਬਣੀ ਰਹੇ ਇਸ ਦੇ ਵੀ ਖ਼ਾਸ ਪ੍ਰਬੰਧ ਕੀਤੇ ਗਏ ਹਨ। ਜਿਹੜੀਆਂ ਕਲਾਸਾਂ ਵਿੱਚ ਸਵੇਰ ਦੀ ਸ਼ਿਫ਼ਟ ਲੱਗੇਗੀ ਉਨ੍ਹਾਂ ਵਿੱਚ ਈਵਨਿੰਗ ਸ਼ਿਫਟ ਦੇ ਬੱਚੇ ਨਹੀਂ ਬਿਠਾਏ ਜਾਣਗੇ। ਸ਼ਾਮ ਵਾਲੇ ਵਿਦਿਆਰਥੀਆਂ ਨੂੰ ਵੱਖ ਤੋਂ ਕਲਾਸਾਂ ਦਿੱਤੀਆਂ ਜਾਣਗੀਆਂ।

    ਉੱਧਰ, ਅੰਮ੍ਰਿਤਸਰ ‘ਚ ਹਾਲੇ ਸਰਕਾਰੀ ਸਕੂਲ ਨਹੀਂ ਖੋਲ੍ਹੇ ਗਏ। ਸਕੂਲਾਂ ‘ਚ ਸਿਰਫ਼ ਤੀਹ ਫ਼ੀਸਦੀ ਸਟਾਫ਼ ਹੀ ਪਹੁੰਚ ਰਿਹਾ ਹੈ। ਸਰਕਾਰੀ ਸਕੂਲਾਂ ਵਿੱਚ ਕੁੱਝ ਕੁ ਵਿਦਿਆਰਥੀ ਦਾਖ਼ਲਾ ਕਰਵਾਉਣ ਪਹੁੰਚ ਰਹੇ ਹਨ।

    LEAVE A REPLY

    Please enter your comment!
    Please enter your name here