ਪੰਜਾਬ ‘ਚ ਕਿਸਾਨ ਸੰਘਰਸ਼ ਹੋਇਆ ਹੋਰ ਪ੍ਰਚੰਡ, ‘ਪੰਜਾਬ ਬੰਦ’ ਦੀਆਂ ਤਿਆਰੀਆਂ

    0
    162

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਚੰਡੀਗੜ੍ਹ : ਖੇਤੀ ਬਿੱਲਾਂ ਖ਼ਿਲਾਫ਼ ਪੰਜਾਬ ਵਿੱਚ ਕਿਸਾਨਾਂ ਦਾ ਸੰਘਰਸ਼ ਹੋਰ ਪ੍ਰਚੰਡ ਹੋ ਗਿਆ ਹੈ। ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੀ ਹਰ ਧਿਰ ਕਿਸਾਨ ਸੰਘਰਸ਼ ਦੀ ਹਮਾਇਤ ‘ਤੇ ਆ ਗਈ ਹੈ। ਇਸ ਵੇਲੇ ਸਿਰਫ਼ ਬੀਜੇਪੀ ਹੀ ਖੇਤੀ ਬਿੱਲਾਂ ਦੀ ਹਮਾਇਤ ਕਰ ਰਹੀ ਹੈ ਬਾਕੀ ਸਾਰੀਆਂ ਸਿਆਸੀ ਧਿਰਾਂ ਵੀ ਕਿਸਾਨਾਂ ਨਾਲ ਡਟ ਗਈਆਂ ਹਨ। ਫ਼ਿਲਮੀ ਕਲਾਕਾਰ, ਗਾਇਕ, ਆੜ੍ਹਤੀ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਸਿਆਸੀ ਪਾਰਟੀਆਂ ਸਭ ਕਿਸਾਨ ਸੰਘਰਸ਼ ਵਿੱਚ ਕੁੱਟ ਪਈਆਂ ਹਨ।

    ਇਸ ਲਈ ਅਗਲੇ ਦਿਨੀਂ ਪੰਜਾਬ ਦਾ ਪਾਰਾ ਹੋਰ ਚੜ੍ਹਨ ਦੇ ਆਸਾਰ ਹਨ। ਕਿਸਾਨਾਂ ਵੱਲੋਂ 24 ਤੋਂ 26 ਸਤੰਬਰ ਤੱਕ 48 ਘੰਟੇ ਰੇਲਾਂ ਰੋਕੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ 25 ਸਤੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਇਹ ਸੰਘਰਸ਼ ਲੰਬਾ ਚੱਲਣ ਦੇ ਆਸਾਰ ਹਨ ਕਿਉਂਕ ਮੋਦੀ ਸਰਕਾਰ ਕਿਸੇ ਵੀ ਕੀਮਤ ‘ਤੇ ਖੇਤੀ ਬਿੱਲਾਂ ਬਾਰੇ ਕੋਈ ਗੱਲ ਕਰਨ ਲਈ ਤਿਆਰ ਨਹੀਂ। ਕਿਸਾਨ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਕੇਂਦਰ ਨੇ ਰਾਜ ਸਭਾ ਵਿੱਚ ਖੇਤੀ ਬਿੱਲ ਪਾਸ ਕਰਵਾ ਕੇ ਆਪਣੀ ਜ਼ਿੱਦ ਪੁਗਾ ਲਈ ਹੈ ਪਰ ਹੁਣ ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਅਮਲ ਵਿੱਚ ਨਹੀਂ ਆਉਣ ਦੇਣਗੇ।

    ਕਿਸਾਨ ਲੀਡਰਾਂ ਨੇ ਦੱਸਿਆ ਕਿ ਕਿਸਾਨ ਮਾਰੂ ਕਾਨੂੰਨ ਨੂੰ ਕਿਸੇ ਵੀ ਹਾਲਤ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਏਗਾ। ਸਰਕਾਰ ਨੂੰ ਝੁਕਾਉਣ ਲਈ ਸੰਘਰਸ਼ ਹੋਰ ਤਿੱਖਾ ਕੀਤਾ ਜਾਏਗਾ। ਇਹ ਸੰਘਰਸ਼ ਹੁਣ 31 ਕਿਸਾਨ ਧਿਰਾਂ ਮਿਲ ਕੇ ਕਰ ਰਹੀਆਂ ਹਨ। ਪੰਜਾਬ ਦੀਆਂ 31 ਕਿਸਾਨ ਧਿਰਾਂ ਦੇ ਕੋਆਰਡੀਨੇਟਰ ਡਾ. ਦਰਸ਼ਨਪਾਲ ਪਟਿਆਲਾ ਨੇ ਦੱਸਿਆ ਕਿ ਕਿਸਾਨ ਸੰਘਰਸ਼ ਨੂੰ ਵੱਡਾ ਸਮਰਥਣ ਮਿਲ ਰਿਹਾ ਹੈ। ਉਂਝ ਉਨ੍ਹਾਂ ਸਪਸ਼ਟ ਕੀਤਾ ਕਿ ਇਨ੍ਹਾਂ ਕਿਸਾਨ ਧਿਰਾਂ ਵਿੱਚ ਕਿਸੇ ਵੀ ਸਿਆਸੀ ਪਾਰਟੀ ਦਾ ਕੋਈ ਕਿਸਾਨ ਵਿੰਗ ਸ਼ਾਮਲ ਨਹੀਂ।

    LEAVE A REPLY

    Please enter your comment!
    Please enter your name here