ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਸ਼ਟਰਪਤੀ ਨੂੰ ਖੇਤੀਬਾੜੀ ਬਿੱਲਾਂ ‘ਤੇ ਹਸਤਾਖ਼ਰ ਨਾ ਕਰਨ ਦੀ ਅਪੀਲ

    0
    135

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਅਪੀਲ ਕੀਤੀ ਕਿ ਉਹ ਸੰਸਦ ਵਿਚ ਪਾਸ ਖੇਤੀਬਾੜੀ ਜਿਣਸ ਮੰਡੀਕਰਣ ਬਿੱਲਾਂ ਨੂੰ ਪ੍ਰਵਾਨਗੀ ਨਾ ਦੇਣ। ਰਾਸ਼ਟਰਪਤੀ ਨੂੰ ਕੀਤੀ ਭਾਵੁਕ ਅਪੀਲ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਆਪ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਪਹਿਲਾਂ ਹੀ ਮੁਸ਼ਕਿਲਾਂ ਵਿਚ ਘਿਰੇ ਤੇ ਔਖ ਕੱਟ ਰਹੇ ਕਿਸਾਨਾਂ, ਖੇਤ ਮਜ਼ਦੂਰਾਂ, ਮੰਡੀ ਮਜ਼ਦੂਰਾਂ ਤੇ ਦਲਿਤਾਂ ਨਾਲ ਇਸ ਲੋੜ ਦੇ ਸਮੇਂ ਵਿਚ ਖੜ੍ਹੇ ਹੋਵੋ। ਉਹਨਾਂ ਦੀ ਲੁੱਟ ਖਸੁੱਟ ਹੋ ਰਹੀ ਹੈ ਤੇ ਉਹ ਦੇਸ਼ ਵਿਚ ਸਰਵਉਚ ਅਥਾਰਟੀ ਵਜੋਂ ਆਪ ਵੱਲ ਵੇਖ ਰਹੇ ਹਨ ਕਿ ਤੁਸੀਂ ਹਦਾਇਤਾਂ ਜਾਰੀ ਕਰੋਗੇ ਅਤੇ ਉਹਨਾਂ ਦੇ ਬਚਾਅ ਵਾਸਤੇ ਨਿਤਰੋਗੇ, ਇਹਨਾਂ ਬਿੱਲਾਂ ‘ਤੇ ਹਸਤਾਖ਼ਰ ਨਾ ਕਰ ਕੇ ਇਹਨਾਂ ਨੂੰ ਐਕਟ ਵਿਚ ਬਦਲਣ ਤੋਂ ਰੋਕ ਦੇਵੋਗੇ। ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਅਸਫਲ ਹੋ ਗਏ ਤਾਂ ਫਿਰ ਗ਼ਰੀਬ ਤੇ ਮੁਸੀਬਤਾਂ ਵਿਚ ਘਿਰਿਆ ਵਰਗ ਤੇ ਉਹਨਾਂ ਦੀਆਂ ਭਵਿੱਖੀ ਪੀੜੀਆਂ ਕਦੇ ਵੀ ਸਾਨੂੰ ਮੁਆਫ਼ ਨਹੀਂ ਕਰਨਗੀਆਂ।

    ਬਾਦਲ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਉਹ ਬਿੱਲਾਂ ਨੂੰ ਮੁੜ ਵਿਚਾਰ ਲਈ ਸੰਸਦ ਵਿਚ ਵਾਪਸ ਭੇਜਣ ਤਾਂ ਕਿ ਸਰਕਾਰ ਵੱਲੋਂ ਅੜਬਪੁਣੇ ਵਿਚ ਕਾਹਲੀ ਨਾਂਲ ਲਏ ਗਏ ਫ਼ੈਸਲੇ ਸਾਡੇ ਦੇਸ਼ ਦੇ ਮਨ ‘ਤੇ ਸਥਾਈ ਧੱਬੇ ਨਾ ਲਾਉਣ ਤੇਨਾ ਹੀ ਕਿਸਾਨਾਂ, ਖੇਤ ਤੇ ਮੰਡੀ ਮਜ਼ਦੂਰਾਂ ਦੇ ਚਿਰ ਕਾਲੀ ਹਿੱਤਾਂ ‘ਤੇ ਕੋਈ ਡੂੰਘਾ ਫੱਟ ਲੱਗੇ। ਰਾਜ ਸਭਾ ਵੱਲੋਂ ਇਹ ਬਿੱਲ ਪਾਸ ਕੀਤੇ ਜਾਣ ਨਾਲ ਹੁਣ ਇਹ ਹਸਤਾਖ਼ਰਾਂ ਵਾਸਤੇ ਰਾਸ਼ਟਰਪਤੀ ਕੋਲ ਜਾਣਗੇ ਤੇ ਇਸ ਮਗਰੋਂ ਹੀ ਇਹ ਬਿੱਲ ਐਕਟ ਬਣ ਸਕਣਗੇ।

    ਬਾਦਲ ਨੇ ਕਿਹਾ ਕਿ ਇਸ ਲਈ ਹਾਲੇ ਵੀ ਸਮਾਂ ਹੈ ਕਿ ਇਸ ਫ਼ੈਸਲੇ ‘ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਇਸ ਨਾਲ ਸਾਡੇ ਕੁੱਲ ਕੌਮੀ ਹਿੱਤਾਂ ਨੂੰ ਪੁੱਜਣ ਵਾਲੇ ਨੁਕਸਾਨ ਦੇ ਖ਼ਤਰੇ ਦੀ ਸਮੀਖਿਆ ਕੀਤੀ ਜਾਵੇ ਖਾਸ ਤੌਰ ‘ਤੇ ਉਦੋਂ ਜਦੋਂ ਸਾਡੇ ਦੇਸ਼ ਦੇ ਅਰਥਚਾਰੇ ਨੂੰ ਸਮਾਜਿਕ ਸਥਿਰਤਾ, ਸ਼ਾਂਤੀ ਤੇ ਸਦਭਾਵਨਾ ਦੀ ਜ਼ਰੂਰਤ ਹੈ ਤਾਂ ਜੋ ਉਹ ਕੋਰੋਨਾ ਮਹਾਂਮਾਰੀ ਤੋਂ ਬਾਅਦ ਦੇ ਕਾਲ ਵਿਚ ਮੁੜ ਉਭਰ ਸਕੇ।

    ਬਾਦਲ ਨੇ ਕਿਹਾ ਕਿ ਸੰਸਥਾਪਕਾਂ ਨੇ ਸੰਵਿਧਾਨ ਵਿਚ ਇਹ ਵਿਵਸਥਾ ਕੀਤੀ ਹੈ ਕਿ ਰਾਸ਼ਟਰਪਤੀ ਉਸ ਕੋਲ ਭੇਜੇ ਗਏ ਕਿਸੇ ਵੀ ਕਾਨੂੰਨ ਦੇ ਸਾਰੇ ਪਹਿਲੂਆਂ ‘ਤੇ ਵਿਚਾਰ ਕਰਨ ਤੋਂ ਬਾਅਦ ਇਸ ਵਿਚ ਦਖ਼ਲ ਦੇ ਸਕਦਾ ਹੈ। ਸਰਕਾਰ ਦੇ ਫ਼ੈਸਲੇ ਬਾਰੇ ਕੌਮੀ ਸਹਿਮਤੀ ਨਾ ਹੋਣ ‘ਤੇ ਰਾਸ਼ਟਰਪਤੀ ਸੰਸਦ ਨੂੰ ਫ਼ੈਸਲੇ ‘ਤੇ ਮੁੜ ਵਿਚਾਰ ਕਰਨ ਤੇ ਇਸਦੀ ਸਮੀਖਿਆ ਕਰਨ ਲਈ ਵੀ ਆਖ ਸਕਦਾ ਹੈ। ਕਦੇ ਵੀ ਭਾਰਤ ਦੇ ਰਾਸ਼ਟਰਪਤੀ ਵੱਲੋਂ ਆਪਣੇ ਅਖ਼ਤਿਆਰ ਵਰਤਣ ਦੇ ਇਸ ਤਰੀਕੇ ਦੇ ਆਪਾਤਕਾਲ ਦੇ ਹਾਲਾਤ ਨਹੀਂ ਬਣੇ ਜਿੰਨੇ ਅੱਜ ਬਣੇ ਹੋਏ ਹਨ ਕਿਉਂਕਿ ਮੌਜੂਦਾ ਕਾਨੂੰਨ ਦੇਸ਼ ਦੀ 80 ਫ਼ੀਸਦੀ ਆਬਾਦੀ ‘ਤੇ ਸਿੱਧੇ ਅਤੇ 20 ਫ਼ੀਸਦੀ ਦੇ ਭਵਿੱਖ ‘ਤੇ ਅਸਿੱਧੇ ਤੌਰ ‘ਤੇ ਸਵਾਲੀਆ ਨਿਸ਼ਾਨਾ ਲਗਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਹ ਰਾਸ਼ਟਰਪਤੀ ਵੱਲੋਂ ਆਪਣੀ ਸਿਆਣਪ ਵਰਤਣ ਤੇ ਸੰਸਦ ਦੇ ਦੋਵਾਂ ਸਦਨਾਂ ਨੂੰ ਬਿੱਲਾਂ ‘ਤੇ ਮੁੜ ਵਿਚਾਰ ਕਰਨ ਲਈ ਆਖਣ ਦਾ ਸਹੀ ਸਮਾਂ ਹੈ। ਅਜਿਹਾ ਕਰਨਾ ਦੇਸ਼ ਦੇ ਹਿੱਤ ਵਿਚ ਵੀ ਹੈ।

    ਬਾਦਲ ਨੇ ਕਿਹਾ ਕਿ ਜੋ ਕੁੱਝ ਵੀ ਅੱਜ ਸੰਸਦ ਵਿਚ ਹੋਇਆ, ਉਸਦਾ ਉਹਨਾਂ ਨੂੰ ਬੇਹੱਦ ਦੁੱਖ ਹੈ। ਲੋਕਤੰਤਰ ਸਿਰਫ਼ ਬਹੁਮਤ ਨਾਲ ਅਤਿਆਚਾਰ ਕਰਨਾ ਨਹੀਂ ਹੈ ਬਲਕਿ ਇਹ ਸਲਾਹ ਮਸ਼ਵਰਾ ਕਰਨਾ, ਰਾਜ਼ੀਨਾਮੇ ਕਰਨਾ ਅਤੇ ਸਹਿਮਤੀ ਬਣਾਉਣਾ ਹੈ। ਅੱਜ ਦੀ ਕਾਰਵਾਈ ਦੌਰਾਨ ਲੋਕਤੰਤਰ ਦੀਆਂ ਇਹ ਤਿੰਨੇ ਕਦਰਾਂ ਕੀਮਤਾਂ ਅਣਡਿੱਠ ਕੀਤੀਆਂ ਗਈਆਂ ਹਨ। ਇਹ ਗ਼ਲਤੀ ਸਿਰਫ਼ ਰਾਸ਼ਟਰਪਤੀ ਦੇ ਦਖ਼ਲ ਨਾਲ ਹੀ ਠੀਕ ਕੀਤੀ ਜਾ ਸਕਦੀ ਹੈ।

    LEAVE A REPLY

    Please enter your comment!
    Please enter your name here