ਸਰਕਾਰ ਦਾ ਯੂ-ਟਰਨ, ਠੇਕਾ ਅਧਿਆਪਕਾਂ ਦੀ ਨਹੀਂ ਘਟੇਗੀ ਤਨਖਾਹ

    0
    191

    ਐਸਏਐਸ ਨਗਰ(ਤੇਜਪਾਲ)   ਸਿੱਖਿਆ ਮੰਤਰੀ ਓਪੀ ਸੋਨੀ ਨਾਲ ਅਧਿਆਪਕ ਜਥੇਬੰਦੀਆਂ ਦੀ ਮੀਟਿੰਗ ਮਗਰੋਂ ਮਹਿਕਮੇ ਦੇ ਅਧਿਕਾਰੀ ਹਰਕਤ ਵਿੱਚ ਆ ਗਏ ਹਨ। ਤਨਖਾਹ ਕਟੌਤੀ ਬਾਰੇ ਸਿੱਖਿਆ ਵਿਭਾਗ ਦੇ ਬੁਲਾਰੇ ਸਪਸ਼ਟ ਕੀਤਾ ਹੈ ਕਿ ਸੁਸਾਇਟੀਆਂ ਅਧੀਨ ਕੰਮ ਕਰ ਰਹੇ ਅਧਿਆਪਕਾਂ ਦੀਆਂ ਤਨਖਾਹਾਂ ਘਟਾਉਣ ਦਾ ਕੋਈ ਵੀ ਇਰਾਦਾ ਨਹੀਂ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀਆਂ ਵਿੱਤੀ ਦਿੱਕਤਾਂ ਨੂੰ ਦੇਖਦੇ ਹੋਏ ਤਨਖਾਹਾਂ ਦੀ ਅੰਸ਼ਿਕ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਅੱਗੇ ਹੋਰ ਵੀ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ।

    ਯਾਦ ਰਹੇ ਪਿਛਲੇ 6-7 ਮਹੀਨਿਆਂ ਤੋਂ ਸੁਸਾਇਟੀਆਂ ਅਧੀਨ ਕੰਮ ਕਰ ਰਹੇ ਅਧਿਆਪਕਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਸਨ। ਉਨ੍ਹਾਂ ਨੂੰ ਦਿੱਕਤਾਂ-ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਿਛਲੇ ਦਿਨੀਂ ਸਿੱਖਿਆ ਵਿਭਾਗ ਨੇ ਸੈਕੰਡਰੀ ਅਧਿਆਪਕਾਂ ਦੀ ਵੀਹ ਹਜ਼ਾਰ ਤੇ ਪ੍ਰਾਇਮਰੀ ਅਧਿਆਪਕਾਂ ਦੀ ਪੰਦਰਾਂ ਹਜ਼ਾਰ ਰੁਪਏ ਤਨਖਾਹ ਕਰਨ ਦਾ ਨੋਟਿਸ ਜਾਰੀ ਕੀਤਾ ਸੀ। ਇਸ ਕਰਕੇ ਅਧਿਆਪਕਾਂ ਵਿੱਚ ਰੋਸ ਸੀ।

    ਇਸ ਬਾਰੇ ਬੁਲਾਰੇ ਨੇ ਕਿਹਾ ਕਿ ਇਹ ਮਾਮਲਾ ਭਾਰਤ ਸਰਕਾਰ ਦੇ ਧਿਆਨ ‘ਚ ਲਿਆਂਦਾ ਗਿਆ ਸੀ। ਕੇਂਦਰੀ ਮਨੁੱਖੀ ਸ੍ਰੋਤ ਮੰਤਰਾਲੇ ਵੱਲੋਂ ਤੈਅ ਪੀਏਬੀ ਏਜੰਡੇ ਤਹਿਤ ਸੈਕੰਡਰੀ ਅਧਿਆਪਕਾਂ ਦੀ ਵੀਹ ਹਜ਼ਾਰ ਅਨੁਸਾਰ ਤੇ ਪ੍ਰਾਇਮਰੀ ਅਧਿਆਪਕਾਂ ਦੀ ਪੰਦਰਾਂ ਹਜ਼ਾਰ ਰੁਪਏ ਅਨੁਸਾਰ ਫੰਡ ਜਾਰੀ ਕੀਤੇ ਗਏ। ਇਸ ਲਈ ਸਿੱਖਿਆ ਵਿਭਾਗ ਨੂੰ ਪ੍ਰਾਪਤ ਰਾਸ਼ੀ ਵਿੱਚੋਂ ਬਹੁਤ ਸਾਰੇ ਅਧਿਆਪਕਾਂ ਦੀਆਂ ਤਨਖਾਹਾਂ ਸਬੰਧੀ ਬਕਾਏ ਦੇਣ ਕਾਰਨ ਅਧਿਆਪਕਾਂ ਦੀਆਂ ਅਕਤੂਬਰ, 2018 ਤੱਕ ਅੰਸ਼ਿਕ ਤੌਰ ‘ਤੇ ਤਨਖਾਹਾਂ ਜਾਰੀ ਕੀਤੀਆਂ ਗਈਆਂ ਹਨ। ਹੁਣ ਹੋਰ ਵੀ ਫੰਡ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਫੌਰੀ ਮੁਸ਼ਕਲਾਂ-ਦਿੱਕਤਾਂ ਦੂਰ ਹੋ ਸਕਣ।

    ਬੁਲਾਰੇ ਨੇ ਦੱਸਿਆ ਕਿ ਸੁਸਾਇਟੀਆਂ ਅਧੀਨ ਕੰਮ ਕਰਦੇ ਅਧਿਆਪਕਾਂ ਦੀਆਂ ਤਨਖਾਹਾਂ ਸਬੰਧੀ ਮਾਮਲਾ ਪੰਜਾਬ ਦੇ ਵਿੱਤ ਮੰਤਰੀ ਨਾਲ ਮੀਟਿੰਗ ਕਰਕੇ ਧਿਆਨ ‘ਚ ਲਿਆ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿੱਤ ਵਿਭਾਗ ਨਾਲ ਚਿੱਠੀ-ਪੱਤਰ ਵੀ ਚੱਲ ਰਿਹਾ ਹੈ ਕਿ ਜਦੋਂ ਤੱਕ ਭਾਰਤ ਸਰਕਾਰ ਵੱਲੋਂ ਕੋਈ ਰਾਸ਼ੀ ਨਹੀਂ ਆਉਂਦੀ, ਉਦੋਂ ਤੱਕ ਵਿੱਤ ਵਿਭਾਗ ਪੰਜਾਬ ਇਹ ਰਾਸ਼ੀ ਸਿੱਖਿਆ ਵਿਭਾਗ ਨੂੰ ਜਾਰੀ ਕਰੇ ਤਾਂ ਜੋ ਸੁਸਾਇਟੀਆਂ ਅਧੀਨ ਕੰਮ ਕਰਦੇ ਅਧਿਆਪਕਾਂ ਨੂੰ ਤਨਖਾਹਾਂ ਦੇ ਸਕੇ।

    LEAVE A REPLY

    Please enter your comment!
    Please enter your name here