ਅਮਰੀਕਾ ਤੇ ਚੀਨ ਵਿਚਾਲੇ ਮੁੜ ਖੜਕੀ, ਤਾਇਵਾਨ ‘ਚ ਉਡਾਏ ਲੜਾਕੂ ਜਹਾਜ਼ !

    0
    121

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਪੇਈਚਿੰਗ : ਅਮਰੀਕਾ ਤੇ ਚੀਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਹੁਣ ਅਮਰੀਕਾ ਦੇ ਸਿਹਤ ਮੰਤਰੀ ਅਲੈਕਸ ਅਜ਼ਾਰ ਦੀ ਤਾਇਵਾਨ ਫੇਰੀ ’ਤੇ ਚੀਨ ਨੇ ਤਿੱਖਾ ਕੂਟਨੀਤਕ ਵਿਰੋਧ ਪ੍ਰਗਟਾਇਆ ਹੈ। ਇਸ ਦੇ ਨਾਲ ਹੀ ਸ਼ਕਤੀ ਪ੍ਰਦਰਸ਼ਨ ਵਜੋਂ ਤਾਇਵਾਨ ਦੇ ਹਵਾਈ ਖੇਤਰ ਤੋਂ ਆਪਣੇ ਲੜਾਕੂ ਜਹਾਜ਼ ਲੰਘਾਏ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਦੋਵਾਂ ਮੁਲਕਾਂ ਵਿਚਾਲੇ ਰਿਸ਼ਤੇ ਹੋਰ ਖਰਾਬ ਹੋ ਸਕਦੇ ਹਨ।

    ਦੱਸਣਯੋਗ ਹੈ ਕਿ ਪਿਛਲੇ ਚਾਰ ਦਹਾਕਿਆਂ ਵਿੱਚ ਅਮਰੀਕਾ ਦੇ ਕਿਸੇ ਸਿਖਰਲੇ ਅਧਿਕਾਰੀ ਦੀ ਇਹ ਪਹਿਲੀ ਤਾਇਵਾਨ ਫੇਰੀ ਹੈ। ਅਜ਼ਾਰ ਨੇ ਆਪਣੀ ਤਿੰਨ ਰੋਜ਼ਾ ਫੇਰੀ ਦੀ ਸ਼ੁਰੂਆਤ ਤਾਇਵਾਨ ਦੀ ਰਾਸ਼ਟਰਪਤੀ ਤਾਇ ਇੰਗ-ਵਿਨ ਨਾਲ ਮੁਲਾਕਾਤ ਕਰਕੇ ਕੀਤੀ। ਖ਼ੁਦਮੁਖਤਿਆਰ ਟਾਪੂ ਤਾਇਵਾਨ ਨੂੰ ਆਪਣਾ ਹਿੱਸਾ ਮੰਨਣ ਵਾਲਾ ਚੀਨ ਕਿਸੇ ਵੀ ਉੱਚ-ਪੱਧਰੀ ਵਿਦੇਸ਼ੀ ਆਗੂ ਦੀ ਤਾਇਵਾਨ ਦੇ ਆਗੂਆਂ ਨਾਲ ਮੁਲਾਕਾਤ ਦਾ ਖੁੱਲ੍ਹੇਆਮ ਵਿਰੋਧ ਕਰਦਾ ਹੈ।

    ਅਜ਼ਾਰ ਦੀ ਤਾਇਵਾਨ ਫੇਰੀ ਉਸ ਵੇਲੇ ਪਾਈ ਗਈ ਹੈ ਜਦੋਂ ਅਮਰੀਕਾ ਤੇ ਚੀਨ ਵਿਚਾਲੇ ਤਣਾਅ ਬਣਿਆ ਹੋਇਆ ਹੈ। ਚੀਨ ਤੋਂ ਤਾਇਵਾਨ ਦੀ ਸੁਤੰਤਰਤਾ ਦੀ ਹਾਮੀ ਰਾਸ਼ਟਰਪਤੀ ਤਾਇ ਇੰਗ-ਵਿਨ ਨੇ ਕਿਹਾ ਕਿ ਅਜ਼ਾਰ ਦੀ ਇਸ ਫੇਰੀ ਨਾਲ ਤਾਇਵਾਨ-ਅਮਰੀਕਾ ਸੰਬੰਧਾਂ ਦੀ ਨਵੀਂ ਸ਼ੁਰੂਆਤ ਹੋਵੇਗੀ। ਉਨ੍ਹਾਂ ਨੇ ਵਾਸ਼ਿੰਗਟਨ ਤੇ ਤਾਇਪੇਈ ਵਿਚਾਲੇ ਸਹਿਯੋਗ ਦੀਆਂ ਵਧੇਰੇ ਸੰਭਾਵਨਾਵਾਂ ਦੀ ਇੱਛਾ ਜਤਾਈ।

    ਪੇਈਚਿੰਗ ਨੇ ਇਸ ਫੇਰੀ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਇਸ ਫੇਰੀ ਨਾਲ ਅਮਰੀਕਾ ਨੇ ‘ਵਨ-ਚਾਇਨਾ ਪਾਲਿਸੀ’ (ਇਸ ਨੀਤੀ ਤਹਿਤ ਤਾਇਵਾਨ ਨੂੰ ਚੀਨ ਆਪਣਾ ਹਿੱਸਾ ਮੰਨਦਾ ਹੈ) ਪ੍ਰਤੀ ਵਚਨਬੱਧਤਾ ਦੀ ਉਲੰਘਣਾ ਕੀਤੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜ਼ਹਾਓ ਲਿਜੀਆਨ ਨੇ ਕਿਹਾ ਕਿ ਅਮਰੀਕਾ ਤੇ ਤਾਇਵਾਨ ਵਿਚਾਲੇ ਅਧਿਕਾਰਤ ਰਿਸ਼ਤਿਆਂ ਦਾ ਚੀਨ ਕਰੜਾ ਵਿਰੋਧ ਕਰਦਾ ਹੈ।

    ਉਨ੍ਹਾਂ ਨੇ ਕਿਹਾ, ‘‘ਅਸੀਂ ਅਮਰੀਕਾ ਕੋਲ ਸਖ਼ਤ ਵਿਰੋਧ ਪ੍ਰਗਟਾਇਆ ਹੈ। ਮੈਂ ਫਿਰ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਹਾਂ ਕਿ ਤਾਇਵਾਨ ਦਾ ਸਵਾਲ ਚੀਨ ਤੇ ਅਮਰੀਕਾ ਦੇ ਰਿਸ਼ਤਿਆਂ ਵਿਚਾਲੇ ਬੇਹੱਦ ਸੰਵੇਦਨਸ਼ੀਲ ਮਾਮਲਾ ਹੈ।’’

    LEAVE A REPLY

    Please enter your comment!
    Please enter your name here