ਪਟਿਆਲਾ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਨੇ ਵਾਈਸ ਚਾਂਸਲਰ ਦੇ ਦਫ਼ਤਰ ਸਾਹਮਣੇ ਲਾਇਆ ਧਰਨਾ !

    0
    123

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ)

    ਚੰਡੀਗੜ੍ਹ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅਧਿਆਪਕ ਅਤੇ ਕਰਮਚਾਰੀ, ਜੁਲਾਈ 2020 ਦੀਆਂ ਤਨਖ਼ਾਹਾਂ ਅਤੇ ਪੈਨਸ਼ਨਾਂ ਦੀ ਦੇਰੀ ਨਾਲ ਅਦਾਇਗੀ ਦੇ ਨਾਲ-ਨਾਲ ਇਸ ਨੂੰ ਵਿੱਤੀ ਸੰਕਟ ਤੋਂ ਬਚਾਉਣ ਲਈ ਰਾਜ ਸਰਕਾਰ ਤੋਂ ਵਿੱਤੀ ਗ੍ਰਾਂਟ ਨਾ ਮਿਲਣ ’ਤੇ ਰੋਸ ਜ਼ਾਹਰ ਕਰਦਿਆਂ ਸੋਲ੍ਹਵੇਂ ਦਿਨ 10 ਅਗਸਤ, 2020 ਸੋਮਵਾਰ ਨੂੰ ਵਾਈਸ ਚਾਂਸਲਰ ਦੇ ਦਫ਼ਤਰ ਸਾਹਮਣੇ ਧਰਨੇ ‘ਤੇ ਬੈਠੇ ਗਏ।

    ਇਸ ਦੌਰਾਨ ਡਾ: ਮਨਿੰਦਰ ਸਿੰਘ ਨੇ ਯੂਨੀਵਰਸਿਟੀ ਦੇ ਵਿਗੜ ਰਹੇ ਵਿੱਤੀ ਢਾਂਚੇ ਅਤੇ ਮੌਜੂਦਾ ਸਮੇਂ ਵਿੱਚ ਕਰਮਚਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਦੱਸਿਆ। ਡਾ. ਸਰਬਜੀਤ ਸਿੰਘ ਯੂਨੀਵਰਸਿਟੀ ਦੇ ਵਿੱਤੀ ਮਾਮਲਿਆਂ ਨਾਲ ਨਜਿੱਠਣ ਲਈ ਉਨ੍ਹਾਂ ਦੇ ਪੱਖਪਾਤੀ ਅਤੇ ਲਾਪਰਵਾਹੀ ਵਾਲੇ ਰਵੱਈਏ ਨੂੰ ਲੈ ਕੇ ਯੂਨੀਵਰਸਿਟੀ ਪ੍ਰਸ਼ਾਸਨ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ।

    ਇਸ ਮੌਕੇ ਬੋਲਦਿਆਂ ਪੂਟਾ ਦੇ ਸਾਬਕਾ ਸੱਕਤਰ ਡਾ: ਜਸਦੀਪ ਸਿੰਘ ਤੂਰ ਨੇ ਦੁਹਰਾਇਆ ਕਿ ਜਾਂ ਤਾਂ ਰਾਜ ਸਰਕਾਰ ਨੂੰ ਯੂਨੀਵਰਸਿਟੀ ਦੇ ਕੁੱਲ ਬਜਟ ਦੇ ਨੱਬੇ ਪ੍ਰਤੀਸ਼ਤ ਦੇ ਬਰਾਬਰ ਗ੍ਰਾਂਟ ਦੇਣੀ ਚਾਹੀਦੀ ਹੈ, ਜਾਂ ਵਿਦਿਆਰਥੀਆਂ ਦੁਆਰਾ ਜਮ੍ਹਾ ਕੀਤੀ ਜਾ ਰਹੀ ਫ਼ੀਸ ਦੇ ਨੌਂ ਗੁਣਾ ਗ੍ਰਾਂਟ ਪ੍ਰਦਾਨ ਕਰਨੀ ਚਾਹੀਦੀ ਹੈ, ਜਾਂ ਇਸ ਦੇ ਤਨਖ਼ਾਹਾਂ ਦੇ ਬਜਟ ਦਾ 125 ਪ੍ਰਤੀਸ਼ਤ ਗ੍ਰਾਂਟ ਪ੍ਰਦਾਨ ਕਰਨੀ ਚਾਹੀਦੀ ਹੈ (ਜਿਵੇਂ 1991-92 ਵਿਚ ਕੀਤਾ ਜਾ ਰਿਹਾ ਸੀ)।

    ਡਾ: ਭੁਪਿੰਦਰ ਸਿੰਘ ਵਿਰਕ (ਪੂਟਾ ਦੇ ਸਾਬਕਾ ਪ੍ਰਧਾਨ) ਨੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚੋਂ ਕੱਟੀ ਗਈ ਜੀ.ਪੀ.ਐੱਫ. ਅਤੇ ਐਨ.ਪੀ.ਐਸ. ਰਾਸ਼ੀ ਨੂੰ ਉਨ੍ਹਾਂ ਦੇ ਜੀ.ਪੀ.ਐੱਫ. ਅਤੇ ਐੱਨ.ਪੀ.ਐੱਸ. ਖਾਤਿਆਂ ਵਿੱਚ ਜਮ੍ਹਾ ਨਾ ਕਰਨ ਦੀ ਜਾਂਚ ਦੀ ਮੰਗ ਕੀਤੀ। ਉੱਥੇ ਹੀ ਗੁਰਿੰਦਰਪਾਲ ਸਿੰਘ ਬੱਬੀ (ਬੀ ਅਤੇ ਸੀ ਕਲਾਸ ਐਂਪਲਾਈਜ਼ ਯੂਨੀਅਨ ਦੇ ਸਾਬਕਾ ਪ੍ਰਧਾਨ) ਵੱਲੋਂ ਵੀ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਦੀ ਇਸ ਯੂਨੀਵਰਸਿਟੀ ਨੂੰ ਵਿੱਦਿਅਕ ਅਤੇ ਵਿੱਤੀ ਤੌਰ ’ਤੇ ਮੁੜ ਸੁਨਹਿਰੀ ਬਣਾਉਣ ਲਈ ਇਕਜੁੱਟ ਯਤਨ ਕਰਨ ਦੀ ਮੰਗ ਕੀਤੀ।

    ਇਸ ਮੌਕੇ ‘ਤੇ ਡਾ: ਬਲਵਿੰਦਰ ਸਿੰਘ ਟਿਵਾਣਾ (ਪ੍ਰੋਫੈਸਰ ਸੇਵਾਮੁਕਤ) ਵੱਲੋਂ ਵੀ ਆਪਣੀਆਂ ਮੰਗਾਂ ਅਤੇ ਮਸਲਿਆਂ ਨਾਲ ਨਜਿੱਠਣ ਲਈ ਅਧਿਆਪਕਾਂ (ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ, ਪੂਟਾ) ਅਤੇ ਹੋਰ ਕਰਮਚਾਰੀਆਂ (ਏ ਕਲਾਸ ਦੇ ਨਾਲ ਨਾਲ ਬੀ ਅਤੇ ਸੀ ਕਲਾਸ ਕਰਮਚਾਰੀ ਯੂਨੀਅਨ) ਦੀਆਂ ਚੁਣੀਆਂ ਗਈਆਂ ਯੂਨੀਅਨਾਂ ਦੇ ਅਪਣਾਏ ਢਿੱਲੇ ਢੰਗ ਦਾ ਵੀ ਸਖ਼ਤ ਵਿਰੋਧ ਕੀਤਾ ਗਿਆ।

    ਉੱਥੇ ਹੀ ਇਸ ਮੌਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਵਿੱਤੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਇਸ ਨੂੰ ਵਿੱਤੀ ਪੈਕੇਜ ਦੀ ਮੰਗ ਸਬੰਧੀ ਪੰਜਾਬ ਦੇ ਵਿੱਤ ਮੰਤਰੀ ਨੂੰ ਇੱਕ ਮੰਗ ਪੱਤਰ ਵੀ ਭੇਜਿਆ ਗਿਆ ਹੈ। ਇਸ ਮੌਕੇ ਡਾ: ਨਿਸ਼ਾਨ ਸਿੰਘ ਦਿਓਲ (ਡੀ.ਟੀ.ਸੀ. ਦੇ ਕਨਵੀਨਰ), ਡਾ: ਰਾਜਬੰਸ ਸਿੰਘ ਗਿੱਲ (ਐੱਸ.ਆਈ.ਐੱਫ.ਐੱਫ. ਦੇ ਕਨਵੀਨਰ), ਇੰਜ: ਸੁਮਨਦੀਪ ਕੌਰ ਅਤੇ ਇੰਜ: ਚਰਨਜੀਤ ਸਿੰਘ (ਪੂਟਾ ਦੇ ਮੌਜੂਦਾ ਉਪ-ਪ੍ਰਧਾਨ ਅਤੇ ਕਾਰਜਕਾਰੀ ਮੈਂਬਰ), ਇੰਜ: ਹਰਵਿੰਦਰ ਸਿੰਘ ਧਾਲੀਵਾਲ (ਪੂਟਾ ਦੇ ਸਾਬਕਾ ਮੀਤ ਪ੍ਰਧਾਨ), ਬਲਵੰਤ ਸਿੰਘ (ਸਾਬਕਾ ਡਿਪਟੀ ਰਜਿਸਟਰਾਰ), ਗੁਰਲਾਲ ਸਿੰਘ (ਸਹਾਇਕ ਰਜਿਸਟਰਾਰ), ਪ੍ਰੋ: ਨਿਰਮਲ ਸਿੰਘ, ਡਾ: ਧਨਦੀਪ ਸਿੰਘ, ਅਵਤਾਰ ਸਿੰਘ, ਗੁਰਜੀਤ ਸਿੰਘ, ਹਰਮੇਸ਼ ਲਾਲ ਅਤੇ ਵਿਜੈ ਕੁਮਾਰ (ਕਰਮਚਾਰੀ ਲੋਕਤੰਤਰ ਮੋਰਚਾ), ਸੁਪਿੰਦਰਪਾਲ ਸਿੰਘ, ਧਰਮਿੰਦਰ ਸਿੰਘ ਪੰਨੂੰ, ਹਰਨੇਕ ਸਿੰਘ ਗੋਲਡੀ, ਡਾ: ਰਾਜਦੀਪ ਸਿੰਘ, ਡਾ: ਅਮਰਪ੍ਰੀਤ ਸਿੰਘ, ਡਾ: ਖੁਸ਼ਦੀਪ ਗੋਇਲ, ਇੰਜ: ਬਲਜਿੰਦਰ ਰਾਮ, ਇੰਜ: ਦਵਿੰਦਰ ਸਿੰਘ ਅਤੇ ਹੋਰ ਬਹੁਤ ਸਾਰੇ ਕਰਮਚਾਰੀਆਂ ਨੇ ਯੂਨੀਵਰਸਿਟੀ ਦੀ ਵਿੱਤੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜੁਆਇੰਟ ਐਕਸ਼ਨ ਕਮੇਟੀ ਦੀ ਭਵਿੱਖ ਦੀ ਰਣਨੀਤੀ ਬਾਰੇ ਵਿਚਾਰ ਵਟਾਂਦਰੇ ਕੀਤੇ। ਜੁਆਇੰਟ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਆਪਣਾ ਸੰਘਰਸ਼ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਫੈਕਲਟੀ ਦੇ ਹੋਰ ਵੀ ਬਹੁਤ ਸਾਰੇ ਮਹੱਤਵਪੂਰਨ ਮੁੱਦਿਆਂ ਨੂੰ ਅਜੇ ਵੀ ਹੱਲ ਕਰਨ ਦੀ ਲੋੜ ਹੈ।

    LEAVE A REPLY

    Please enter your comment!
    Please enter your name here