400 ਸਾਲ ਪੁਰਾਣੇ ਦਰੱਖਤ ਨੂੰ ਬਚਾਉਣ ਲਈ ਨਿਤੀਨ ਗਡਕਰੀ ਨੇ ਬਦਲਿਆ ਹਾਈਵੇ ਦਾ ਨਕਸ਼ਾ !

    0
    130

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਮਹਾਂਰਾਸ਼ਟਰ ਦੇ ਸੰਗਲੀ ਜ਼ਿਲੇ ਦੇ ਭੋਸੇ ਪਿੰਡ ਵਿਚ 400 ਸਾਲ ਪੁਰਾਣਾ ਬਰਗਦ ਦਾ ਦਰੱਖਤ ਇਕ ਵਾਰ ਫੇਰ ਸੁਰਖੀਆਂ ਵਿਚ ਹੈ। ਦਰਅਸਲ, ਇਸ ਰੁੱਖ ਨੂੰ ਬਚਾਉਣ ਲਈ ਕੇਂਦਰੀ ਸੜਕ ਅਤੇ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਉਸਾਰੀ ਅਧੀਨ ਹਾਈਵੇ ਦਾ ਨਕਸ਼ਾ ਬਦਲਣਾ ਪਿਆ। ਦੱਸਿਆ ਜਾਂਦਾ ਹੈ ਕਿ ਇਹ ਵਿਸ਼ਾਲ ਅਤੇ ਪੁਰਾਣਾ ਰੁੱਖ ਉਸਾਰੀ ਅਧੀਨ ਰਤਨਾਗਿਰੀ-ਨਾਗਪੁਰ ਹਾਈਵੇ ਨੰਬਰ 166 ਦੇ ਮੱਧ ਵਿਚ ਆ ਰਿਹਾ ਸੀ। ਸੜਕ ਬਣਾਉਣ ਲਈ ਇਸ ਦਰੱਖਤ ਨੂੰ ਕੱਟਣ ਦੀ ਤਿਆਰੀ ਕੀਤੀ ਜਾ ਰਹੀ ਸੀ, ਜਿਸਦਾ ਵਾਤਾਵਰਣਵਾਦੀ ਕਾਰਕੁਨ ਵਿਰੋਧ ਕਰ ਰਹੇ ਸੀ।

    ਸੋਸ਼ਲ ਮੀਡੀਆ ਤੋਂ ਸ਼ੁਰੂ ਹੋਈ ਵਿਰੋਧ ਦੀ ਆਵਾਜ਼ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਵਾਤਾਵਰਣ ਮੰਤਰੀ ਆਦਿੱਤਿਆ ਠਾਕਰੇ ਦੇ ਦਫ਼ਤਰ ਪਹੁੰਚੀ। ਇਸ ਤੋਂ ਬਾਅਦ ਆਦਿਤਿਆ ਠਾਕਰੇ ਨੇ ਤੁਰੰਤ ਇਸ ਸਬੰਧ ਵਿੱਚ ਨਿਤਿਨ ਗਡਕਰੀ ਨਾਲ ਗੱਲਬਾਤ ਕੀਤੀ ਅਤੇ ਇਸ ਰੁੱਖ ਨੂੰ ਬਚਾਉਣ ਦੀ ਮੰਗ ਕੀਤੀ। ਆਦਿੱਤਿਆ ਠਾਕਰੇ ਨਾਲ ਗੱਲਬਾਤ ਕਰਨ ਤੋਂ ਬਾਅਦ ਨਿਤਿਨ ਗਡਕਰੀ ਨੇ ਇਸ ਦਰੱਖਤ ਨੂੰ ਬਚਾਉਣ ਲਈ ਹਾਈਵੇ ਦਾ ਨਕਸ਼ਾ ਖੁਦ ਬਦਲ ਕੇ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਆਦੇਸ਼ ਦਿੱਤੇ ਹਨ।

    ਦੱਸਣਯੋਗ ਹੈ ਕਿ ਨਿਰਮਾਣ ਅਧੀਨ ਰਤਨਾਗਿਰੀ-ਨਾਗਪੁਰ ਹਾਈਵੇ ਨੰਬਰ 166 ਸੰਗਲੀ ਜ਼ਿਲ੍ਹੇ ਦੇ ਭੋਸੇ ਪਿੰਡ ਨੇੜਿਓਂ ਲੰਘ ਰਿਹਾ ਹੈ। ਇਸ ਹਾਈਵੇ ਦੇ ਰਸਤੇ ਵਿੱਚ ਇੱਕ 400 ਸਾਲ ਪੁਰਾਣਾ ਬਰਗਦ ਦਾ ਦਰੱਖਤ ਆ ਰਿਹਾ ਸੀ, ਜਿਸ ਨੂੰ ਹਟਾਉਣ ਦੀ ਤਿਆਰੀ ਚੱਲ ਰਹੀ ਸੀ। ਸੰਗਲੀ ਤੋਂ ਆਏ ਵਾਤਾਵਰਣ ਪ੍ਰੇਮੀ ਦਰੱਖਤ ਵੱਢਣ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਸੋਸ਼ਲ ਮੀਡੀਆ ਦੇ ਜ਼ਰੀਏ ਇਸ ਵਿਰੋਧ ਪ੍ਰਦਰਸ਼ਨ ਦੀ ਜਾਣਕਾਰੀ ਮਹਾਂਰਾਸ਼ਟਰ ਦੇ ਵਾਤਾਵਰਣ ਮੰਤਰੀ ਆਦਿੱਤਿਆ ਠਾਕਰੇ ਤੱਕ ਪਹੁੰਚੀ ਅਤੇ ਉਸਨੇ ਇਸ ਮਾਮਲੇ ਵਿੱਚ ਦਖਲ ਦਿੱਤਾ। ਆਦਿੱਤਿਆ ਠਾਕਰੇ ਨੇ ਇਸ ਸੰਬੰਧ ਵਿੱਚ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਗੱਲਬਾਤ ਕੀਤੀ ਅਤੇ ਰੁੱਖ ਨੂੰ ਬਚਾਉਣ ਦੀ ਬੇਨਤੀ ਕੀਤੀ।

    LEAVE A REPLY

    Please enter your comment!
    Please enter your name here