ਗ਼ਰੀਬ ਵਸੋਂ ਲਈ ਮੁਫ਼ਤ ਟੀਕਾਕਰਨ ਦੀ ਸਹੂਲਤ ਦੇਵੇ ਕੇਂਦਰ: ਕੈਪਟਨ

    0
    140

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੰਜਾਬ ਦੀ ਗ਼ਰੀਬ ਵਸੋਂ ਲਈ ਮੁਫ਼ਤ ਟੀਕਾਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਸੂਬਾਈ ਸਿਹਤ ਕਾਮਿਆਂ ਲਈ ਪਹਿਲ ਦੇ ਆਧਾਰ ’ਤੇ ਵੈਕਸੀਨ ਮੁਹੱਈਆ ਕਰਵਾਉਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕੀਤਾ।

    ਉਨ੍ਹਾਂ ਪੰਜਾਬ ਨੂੰ ਮਿਲੀਆਂ ‘ਕੋਵੀਸ਼ੀਲਡ’ ਵੈਕਸੀਨ ਦੀਆਂ 2.04 ਲੱਖ ਖੁਰਾਕਾਂ ਦਾ ਵੀ ਜ਼ਿਕਰ ਕੀਤਾ। ਕੈਪਟਨ ਨੇ ਦੱਸਿਆ ਕਿ 1.74 ਲੱਖ ਸਿਹਤ ਕਾਮਿਆਂ ਨੂੰ ਟੀਕਾ ਲਾਉਣ ਦੀਆਂ ਪੁਖਤਾ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ। ਪਹਿਲੇ ਪੜਾਅ ਵਿੱਚ ਅਗਲੇ ਪੰਜ ਦਿਨਾਂ ਤੱਕ ਰੋਜ਼ਾਨਾ 40,000 ਸਿਹਤ ਕਾਮਿਆਂ ਨੂੰ ਟੀਕਾਕਰਨ ਮੁਹਿੰਮ ਹੇਠ ਕਵਰ ਕੀਤਾ ਜਾਵੇਗਾ।

    ਕੈਪਟਨ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਬਿਮਾਰੀ ਦਾ ਬੋਝ ਘਟਾਉਣ ਅਤੇ ਇਸ ਦੇ ਅੱਗੇ ਫੈਲਾਅ ਨੂੰ ਰੋਕਣ ਦੇ ਮੱਦੇਨਜ਼ਰ ਗ਼ਰੀਬ ਲੋਕਾਂ ਲਈ ਮੁਫ਼ਤ ਵੈਕਸੀਨ ਮੁਹੱਈਆ ਕਰਵਾਉਣ ਉਪਰ ਵਿਚਾਰ ਕੀਤਾ ਜਾਵੇ ਜਿਸ ਦੇ ਨਤੀਜੇ ਵਜੋਂ ਆਰਥਿਕ ਗਤੀਵਿਧੀਆਂ ਵਿੱਚ ਵਾਧਾ ਹੋਵੇਗਾ।

    ਉਨ੍ਹਾਂ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਸੂਬੇ ਦੇ ਲੋਕ ਕੋਵਿਡ-19 ਕਾਰਨ ਬਹੁਤ ਔਖੇ ਸਮੇਂ ਵਿੱਚੋਂ ਗੁਜ਼ਰੇ ਹਨ। ਜਿਸ ਨਾਲ ਆਰਥਿਕ ਸਰਗਰਮੀਆਂ ਉਪਰ ਅਸਰ ਪਿਆ ਅਤੇ ਅਰਥਚਾਰਾ ਅਜੇ ਵੀ ਇਸ ਸੰਕਟ ਵਿੱਚੋਂ ਨਹੀਂ ਉਭਰ ਸਕਿਆ। ਉਨ੍ਹਾਂ ਨੇ ਕਿਹਾ ਕਿ ਸਮਾਜ ਦੇ ਗਰੀਬ ਤਬਕਿਆਂ ਲਈ ਟੀਕਾਕਰਨ ਵਾਸਤੇ ਅਦਾਇਗੀ ਕਰਨੀ ਮੁਸ਼ਕਲ ਹੋਵੇਗੀ।

    ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਸੰਭਾਲ ’ਚ ਲੱਗੇ ਵਰਕਰਾਂ ਦਾ ਟੀਕਾਕਰਨ ਪਹਿਲ ਦੇ ਆਧਾਰ ’ਤੇ ਯਕੀਨੀ ਬਣਾਉਣ ਲਈ ਤਿਆਰੀਆਂ ਮੁਕੰਮਲ ਹਨ ਅਤੇ ਅਗਲੇ ਪੜਾਅ ਵਿੱਚ ਮੂਹਰਲੀ ਕਤਾਰ ਦੇ ਵਰਕਰਾਂ ਦਾ ਟੀਕਾਕਰਨ ਕੀਤਾ ਜਾਵੇਗਾ। ਸੂਬੇ ਕੋਲ ਟੀਕੇ ਦੇ ਭੰਡਾਰਨ ਅਤੇ ਢੋਆ-ਢੁਆਈ ਲਈ ਢੁੱਕਵੀਂ ਸਮਰੱਥਾ ਹੈ। ਢੁੱਕਵੀਂ ਗਿਣਤੀ ਵੈਕਸੀਨੇਟਰਾਂ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਸਿਖਲਾਈ ਦਿੱਤੀ ਗਈ ਹੈ ਅਤੇ ਟੀਕਾਕਰਨ ਸੈਸ਼ਨਾਂ ਦੇ ਪ੍ਰਬੰਧਨ ਲਈ ਢੁੱਕਵੀਂ ਗਿਣਤੀ ਵਿੱਚ ਟੀਮਾਂ ਲਗਾਈਆਂ ਗਈਆਂ ਹਨ ਅਤੇ ਸਿਖਲਾਈ ਦਿੱਤੀ ਗਈ ਹੈ।

    LEAVE A REPLY

    Please enter your comment!
    Please enter your name here