ਹੁਣ ਮੌਸਮ ਨੇ ਝੰਬੇ ਕਿਸਾਨ, ਅੱਜ ਵੀ ਹੋਏਗੀ ਸੂਬੇ ‘ਚ ਬਾਰਸ਼ ਤੇ ਗੜ੍ਹੇਮਾਰੀ

    0
    125

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਵਿਗੜੇ ਮੌਸਮ ਨੇ ਕਿਸਾਨਾਂ ਦਾ ਫਿਕਰ ਵਧਾ ਦਿੱਤਾ ਹੈ। ਸੋਮਵਾਰ ਨੂੰ ਕਈ ਜ਼ਿਲ੍ਹਿਆਂ ਵਿੱਚ ਬਾਰਸ਼ ਹੋਈ ਜਿਸ ਨਾਲ ਕਣਕ ਤੇ ਸਰੋਂ ਦੀਆਂ ਫ਼ਸਲਾਂ ਵਿਛ ਗਈਆਂ। ਅੱਜ ਫਿਰ ਸੂਬੇ ਦੇ ਕਈ ਹਿੱਸਿਆਂ ਵਿੱਚੋਂ ਬਾਰਸ਼ ਹੋਣ ਦੀਆਂ ਖ਼ਬਰਾਂ ਹਨ। ਮੌਸਮ ਵਿਭਾਗ ਮੁਤਾਬਕ ਅਗਲੇ ਦਿਨਾਂ ਅੰਦਰ ਬਾਰਸ਼ ਹੋਣ ਦੇ ਆਸਾਰ ਹਨ।

    ਬੇਸ਼ੱਕ ਕਿਸਾਨਾਂ ਨੇ ਦਾਅਵਾ ਕੀਤਾ ਹੈ ਕਿ ਮੀਂਹ ਤੇ ਝੱਖੜ ਨਾਲ ਫ਼ਸਲਾਂ ਨੂੰ ਨੁਕਸਾਨ ਪਹੁੰਚਿਆ ਹੈ ਪਰ ਖੇਤੀ ਵਿਭਾਗ ਨੇ ਅਜਿਹੀਆਂ ਰਿਪੋਰਟਾਂ ਤੋਂ ਇਨਕਾਰ ਕੀਤਾ ਹੈ। ਖੇਤੀ ਵਿਭਾਗ ਦੇ ਡਾਇਰੈਕਟਰ ਸੁਖਦੇਵ ਸਿੰਘ ਸਿੱਧੂ ਨੇ ਦਾਅਵਾ ਕੀਤਾ ਕਿ ਮਾਮੂਲੀ ਬਾਰਸ਼ ਹੋਈ ਹੈ ਤੇ ਤੇਜ਼ ਹਵਾਵਾਂ ਕਰਕੇ ਪਾਣੀ ਲੱਗੀਆਂ ਫ਼ਸਲਾਂ ਜ਼ਰੂਰ ਵਿਛ ਗਈਆਂ ਹਨ ਪਰ ਕਿਧਰੇ ਵੀ ਕੋਈ ਨੁਕਸਾਨ ਨਹੀਂ ਹੋਇਆ।

    ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਪੰਜਾਬ ਵਿੱਚ ਔਸਤਨ 10 ਐਮਐਮ ਬਾਰਸ਼ ਹੋਈ ਹੈ। ਪੰਜਾਬ ਦੇ ਲੁਧਿਆਣਾ, ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਫ਼ਰੀਦਕੋਟ ਤੇ ਮਾਨਸਾ ’ਚ ਜ਼ਿਲ੍ਹੇ ਵਿੱਚ ਬਾਰਸ਼ ਰਿਕਾਰਡ ਕੀਤੀ ਗਈ।ਅੱਜ ਵੀ ਕਈ ਇਲਾਕਿਆਂ ਵਿੱਚ ਬੱਦਲਵਾਈ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਪੌਣਾਂ ਦੀ ਗੜਬੜੀ ਕਰਕੇ ਬਾਰਸ਼ ਹੋ ਰਹੀ ਹੈ। ਮੰਗਲਵਾਰ ਵੀ ਇਸੇ ਤਰ੍ਹਾਂ ਦਾ ਮੌਸਮ ਬਣਿਆ ਰਹੇਗਾ ਤੇ ਬੁੱਧਵਾਰ ਨੂੰ ਮੌਸਮ ਸਾਫ਼ ਹੋਣ ਦਾ ਅਨੁਮਾਨ ਹੈ। ਖੇਤੀ ਮਹਿਕਮੇ ਅਨੁਸਾਰ ਸੋਮਵਾਰ ਨੂੰ ਪੰਜਾਬ ਵਿੱਚ ਔਸਤਨ 1.97 ਐਮਐਮ ਬਾਰਸ਼ ਹੋਈ ਹੈ।

    ਸਭ ਤੋਂ ਵੱਧ ਫਰੀਦਕੋਟ ਜ਼ਿਲ੍ਹੇ ਵਿਚ 8.6 ਐਮਐਮ, ਗੁਰਦਾਸਪੁਰ ਵਿਚ 3.1 ਐਮਐਮ, ਰੋਪੜ ਵਿਚ 3.0 ਐਮਐਮ, ਤਰਨ ਤਾਰਨ ਵਿਚ 3.5 ਐਮਐਮ ਅਤੇ ਹੁਸ਼ਿਆਰਪੁਰ ਵਿੱਚ ਢਾਈ ਐਮਐਮ ਮੀਂਹ ਪਿਆ ਹੈ। ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਤੇ ਬਰਨਾਲਾ ਨੂੰ ਛੱਡ ਕੇ ਬਾਕੀ ਪੰਜਾਬ ਵਿਚ ਕਿਤੇ ਹਲਕਾ ਤੇ ਕਿਤੇ ਕਿਣ-ਮਿਣ ਹੋਣ ਦੀਆਂ ਖ਼ਬਰਾਂ ਹਨ।

    LEAVE A REPLY

    Please enter your comment!
    Please enter your name here