ਸਰਕਾਰੀ ਸਕੂਲਾਂ ’ਚ ਦਾਖ਼ਲੇ ਲੈਣ ਦਾ ਰੁਝਾਨ ਹੋਵੇਗਾ ਤੇਜ਼, ਨਵੀਂ ਪ੍ਰਕਿਰਿਆ ਦੀ ਹੋਈ ਸ਼ੁਰੂਆਤ

    0
    155

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਸਕੂਲ ਸਿੱਖਿਆ ਵਿੱਚ ਗੁਣਾਤਮਿਕ ਸੁਧਾਰ ਲਿਆਉਣ ਲਈ ਆਰੰਭੀ ਮੁਹਿੰਮ ਦੇ ਹੇਠ ਹੁਣ ਸਿੱਖਿਆ ਵਿਭਾਗ ਨੇ ਇੰਗਲਿਸ਼ ਬੂਸਟਰ ਕਲੱਬ (ਈ.ਬੀ.ਸੀ.) ਖੋਲਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਿਸ ਦੇ ਨਾਲ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਲੈਣ ਰੁਝਾਨ ਵਿੱਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਹੈ।

    ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਸਿੰਗਲਾ ਵੱਲੋਂ ਸਕੂਲੀ ਸਿੱਖਿਆ ਵਿੱਚ ਕੀਤੀਆਂ ਗਈਆਂ ਨਵੀਂਆਂ ਪਹਿਲਕਦਮੀਆਂ ਦੇ ਨਤੀਜੇ ਵਜੋਂ ਚਾਲੂ ਵਿਦਿਅਕ ਸੈਸ਼ਨ 2020-21 ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਦਾਖ਼ਲਿਆਂ ਵਿੱਚ 15 ਫ਼ੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ ਅਤੇ ਈ.ਬੀ.ਸੀ. ਦੀ ਇਸ ਨਵੀਂ ਪਹਿਲਕਦਮੀ ਨਾਲ ਸਰਕਾਰੀ ਸਕੂਲਾਂ ਪ੍ਰਤੀ ਹੋਰ ਅਕ੍ਰਸ਼ਨ ਵਧਣ ਦੀ ਪ੍ਰਬਲ ਸੰਭਾਵਨਾ ਹੈ। ਬੁਲਾਰੇ ਦੇ ਅਨੁਸਾਰ ਆਪਣੇ ਬੱਚਿਆਂ ਲਈ ਸਕੂਲ ਦੀ ਚੋਣ ਕਰਨ ਸਮੇਂ ਮਾਪਿਆਂ ਲਈ ਅੰਗਰੇਜ਼ੀ ਹਮੇਸ਼ਾਂ ਇੱਕ ਪਹਿਲ ਹੁੰਦੀ ਹੈ। ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਵਿਸ਼ੇਸ਼ ਕਰਕੇ ਅੰਗਰੇਜ਼ੀ ਦੀ ਪੜਾਈ ਦੇ ਮੱਦੇਨਜ਼ਰ ਪ੍ਰਾਈਵੇਟ ਸਕੂਲਾਂ ਨੂੰ ਤਰਜੀਹ ਦਿੱਤੀ ਜਾਂਦੀ ਰਹੀ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਨਾਲ ਹੁਣ ਲੋਕਾਂ ਦਾ ਸਰਕਾਰੀ ਸਕੂਲਾਂ ਵੱਲ ਰੁਚੀ ਪੈਦਾ ਹੋਈ ਹੈ।

    ਬੁਲਾਰੇ ਅਨੁਸਾਰ ਈ.ਬੀ.ਸੀ. ਦਾ ਮੁੱਖ ਮਕਸਦ ਸਰਕਾਰੀ ਸਕੂਲਾਂ ਵਿਚ ਛੇਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਇੰਗਲਿਸ਼ ਸੰਚਾਰ ਹੁਨਰਾਂ ਨੂੰ ਬਿਹਤਰ ਬਣਾਉਣਾ ਹੈ। ਸਰਕਾਰੀ ਸਕੂਲਾਂ ਵਿੱਚ ਸੂਬੇ ਦੇ ਸਰੋਤ ਸਮੂਹਾਂ ਦੁਆਰਾ ਗਾਈਡਡ ਵੀਡੀਓ, ਰਿਕਾਰਡ ਕੀਤੀਆਂ ਟੇਪਾਂ, ਵਾਕਾਂ ਅਤੇ ਵਾਕਾਂਸਾਂ ਨੂੰ ਸਾਂਝਾ ਕੀਤਾ ਜਾਵੇਗਾ ਅਤੇ ਵਿਦਿਆਰਥੀ ਦਿੱਤੀ ਗਈ ਸਮੱਗਰੀ ਨੂੰ ਆਪਣੀ ਸ਼ੈਲੀ ਅਤੇ ਆਵਾਜ਼ ਵਿੱਚ ਦੁਬਾਰਾ ਪੇਸ਼ ਕਰਨਗੇ। ਇਸ ਪ੍ਰੋਜੈਕਟ ਨੂੰ 12 ਅਕਤੂਬਰ ਤੋਂ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਹੁਣ ਤੱਕ ਤਕਰੀਬਨ ਸੱਤ ਹਜ਼ਾਰ ਸਕੂਲਾਂ ਵਿੱਚ ਇੰਗਲਿਸ਼ ਬੂਸਟਰ ਕਲੱਬਾਂ ਬਣ ਚੁੱਕੀਆਂ ਹਨ। ਪਹਿਲੇ ਪੜਾਅ ਵਿਚ ਹਰ ਸੈਕਸ਼ਨ ਜਾਂ ਕਲਾਸ ਵਿੱਚੋਂ ਤਿੰਨ ਵਿਦਿਆਰਥੀ ਲੈ ਕੇ ਉਨ੍ਹਾਂ ਨੂੰ ਉਤਸ਼ਾਹਿਤ ਅਤੇ ਪ੍ਰੇਰਿਤ ਕਰਕੇ ਉਨ੍ਹਾਂ ਵਿੱਚ ਅੰਗਰੇਜ਼ੀ ਬਾਰੇ ਉਤਸੁਕਤਾ ਪੈਦਾ ਕੀਤੀ ਜਾਵੇਗੀ। ਇਸ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੂੰ ਕਲੱਬ ਵਿੱਚ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਉਹ ਇੰਗਲਿਸ਼ ਬੂਸਟਰ ਕਲੱਬ ਦਾ ਫ਼ਾਈਦਾ ਉਠਾ ਸਕਣਗੇ।

    ਬੁਲਾਰੇ ਅਨੁਸਾਰ ਇਸ ਦੇ ਨਾਲ ਵਿਦਿਆਰਥੀਆਂ ਦੀ ਅੰਗਰੇਜ਼ੀ ਬੋਲਣ ਦੀ ਸਮਰੱਥਾ ਵਧੇਗੀ ਅਤੇ ਉਨ੍ਹਾਂ ਵਿੱਚ ਅੰਗਰੇਜ਼ੀ ਭਾਸ਼ਾ ਦਾ ਸਾਰੇ ਪੱਖਾਂ ਤੋਂ ਗਿਆਨ ਵਧੇਗਾ। ਇਸ ਦੇ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਅੰਗਰੇਜ਼ੀ ਮਾਧੀਅਮ ਵਾਲੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਵਿੱਚ ਖੜ ਸਕਣਗੇ।

    LEAVE A REPLY

    Please enter your comment!
    Please enter your name here