ਵਿਸ਼ਵ ਕੈਂਸਰ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸੈਮੀਨਾਰ ਕਰਵਾਇਆ ਗਿਆ

    0
    141

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਵਿਸ਼ਵ ਕੈਂਸਰ ਦਿਵਸ ਮੌਕੇ ਡਾ. ਰਣਜੀਤ ਸਿੰਘ ਘੋਤੜਾ ਸਿਵਲ ਸਰਜਨ ਦੀ ਅਗਵਾਈ ਹੇਠ ਇਕ ਜਾਗਰੂਕਤਾ ਸੈਮੀਨਾਰ ਵਿਸ਼ਵ ਸਿਹਤ ਸੰਗਠਨ ਵੱਲੋ ਦਿੱਤੇ ਗਏ ਥੀਮ (I am and I will) ਆਈ.ਐਮ.ਐਡ.ਆਈ.ਵੈਲ. ਤਹਿਤ ਮਨਾਇਆ ਗਿਆ। ਸੈਮੀਨਾਰ ਵਿੱਚ ਹਾਜਰੀਨ ਨੂੰ ਸੰਬੋਧਨ ਕਰਦੇ ਹੋਏ, ਡਾ. ਘੋਤੜਾ ਨੇ ਦੱਸਿਆ ਇਹ ਦਿਵਸ ਮਨਾਉਣ ਦਾ ਮਕਸਦ ਲੋਕਾਂ ਨੂੰ ਬਿਮਾਰੀ ਦੇ ਲੱਛਣਾ ਬਾਰੇ ਜਾਣਕਾਰੀ ਦਿੰਦੇ ਹੋਏ ਸੁਚੇਤ ਕਰਨਾ ਅਤੇ ਜਲਦ ਜਾਂਚ ਤੇ ਇਲਾਜ ਲਈ ਉਤਸ਼ਾਹਿਤ ਕਰਨਾ ਹੈ। ਕੈਂਸਰ ਰੋਗ ਹੋਣ ਦਾ ਮੁੱਖ ਕਾਰਨ ਮੋਟਾਪਾ, ਸਰੀਰਕ ਕਸਰਤ ਨਾ ਕਰਨਾ, ਤੰਬਾਕੂ, ਸ਼ਰਾਬ ਦੇ ਸੇਵਨ ਅਤੇ ਖੁਰਾਕ ਵਿੱਚ ਫਲ ਅਤੇ ਹਰੀਆ ਸਬਜ਼ੀਆਂ ਦੀ ਘੱਟ ਵਰਤੋਂ ਕਰਨਾ ਹੈ। ਭਾਰਤ ਵਿੱਚ ਸਲਾਨਾ 8 ਲੱਖ ਦੇ ਕਰੀਬ ਮੌਤਾਂ ਦਾ ਕਾਰਨ ਕੈਂਸਰ ਹੈ। ਜਿਨ੍ਹਾਂ ਵਿਚੋਂ 40 ਪ੍ਰਤੀਸ਼ਤ ਕੈਂਸਰ ਮੌਤਾਂ ਦਾ ਕਾਰਨ ਤੰਬਾਕੂ ਦਾ ਸੇਵਨ ਹੈ।

    ਲੱਛਣਾਂ ਬਾਰੇ ਜਾਣਕਾਰੀ ਦਿੰਦੇ ਹੋਏ, ਉਹਨਾਂ ਨੇ ਦੱਸਿਆ ਕਿ ਭਾਰ ਦਾ ਘੱਟਣਾ ਲਗਾਤਰ ਖੰਘ, ਆਵਾਜ਼ ਵਿੱਚ ਭਾਰੀਪਨ, ਮੂੰਹ ਦਾ ਨਾ ਠੀਕ ਹੋਣ ਵਾਲਾ ਛਾਲਾਂ, ਜ਼ਖਮ ਨਾ ਠੀਕ ਹੋਣਾ, ਸਰੀਰ ਦੇ ਕਿਸੇ ਹਿੱਸੇ ਵਿੱਚ ਕਿਸੇ ਗਿਲਟੀ ਦਾ ਹੋਣਾ ਆਦਿ ਮੁੱਖ ਨਿਸ਼ਾਨੀਆ ਹਨ ਅਤੇ ਜੇਕਰ ਕਿਸੇ ਵਿਅਕਤੀ ਨੂੰ ਇਹ ਲੱਛਣ ਮਹਿਸੂਸ ਹੋਣ ਤਾਂ ਸਮੇਂ ਸਿਰ ਚੇਤਨ ਹੋ ਕਿ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਕੈਂਸਰ ਇਲਾਜ ਯੋਗ ਹੈ। ਜੇਕਰ ਇਸ ਦੀ ਜਲਦ ਜਾਂਚ ਅਤੇ ਇਲਾਜ ਹੋ ਸਕੇ।

    ਇਸ ਮੌਕੇ ਡਾ. ਅਰੁਣ ਵਰਮਾ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੈਂਸਰ ਅਤੇ ਹੋਰ ਗੈਰ ਸੰਚਾਰਿਤ ਬਿਮਾਰੀਆਂ ਤੋਂ ਅਸੀ ਆਪਣੇ ਅਜੋਕੀ ਜੀਵਨ ਸ਼ੈਲੀ ਨੂੰ ਬਦਲ ਕੇ, ਤੰਬਾਕੂ ਸ਼ਰਾਬ ਦਾ ਸੇਵਨ ਨਾ ਕਰਨ ਨਾਲ ਅਤੇ ਜੰਕ ਫੂਡ ਦੀ ਘੱਟ ਵਰਤੋਂ ਕਰਨ ਨਾਲ ਬਚ ਸਕਦੇ ਹਾਂ। ਮਰਦਾ ਵਿੱਚ ਮੂੰਹ, ਫੇਫੜਿਆਂ ਅਤੇ ਪੇਟ ਦਾ ਕੈਂਸਰ ਜਦਕਿ ਔਰਤਾਂ ਵਿੱਚ ਮੂੰਹ ਛਾਤੀ ਅਤੇ ਬੱਚੇ ਦਾਨੀ ਦਾ ਕੈਂਸਰ ਆਮ ਤੌਰ ‘ਤੇ ਹੰਦੇ ਹਨ। ਸਰਕਾਰ ਵਲੋਂ ਕੈਂਸਰ ਦੇ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਲਈ ਸਮੂਹ ਜ਼ਿਲ੍ਹਾ ਹਸਪਤਾਲ ਅਤੇ ਮੈਡੀਕਲ ਕਾਲਜਾਂ ਵਿੱਚ ਸਹੂਲਤ ਹੈ। ਅਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾਂ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਇਸ ਦੇ ਇਲਾਜ ਲਈ ਸਹੂਲਤ ਦਿੱਤੀ ਜਾਂਦੀ ਹੈ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਪਰਸ਼ੋਤਮ ਲਾਲ, ਅਨੁਰਾਧਾ, ਅਮਨਦੀਪ ਸਿੰਘ, ਮਾਸ ਮੀਡੀਆ ਵਿੰਗ ਵਲੋਂ ਗੁਰਵਿੰਦਰ ਸ਼ਾਨੇ ਹਾਜ਼ਿਰ ਸਨ।

    LEAVE A REPLY

    Please enter your comment!
    Please enter your name here