ਹਰ ਘਰ ਪਾਣੀ, ਹਰ ਘਰ ਸਫ਼ਾਈ : ਖੁੱਲ੍ਹੇ ’ਚ ਸ਼ੌਚ ਤੋਂ ਮੁਕਤ ਹੋਇਆ ਪਿੰਡ ਅਲੀਪੁਰ

    0
    118

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹਰ ਘਰ ਪਾਣੀ, ਹਰ ਘਰ ਸਫ਼ਾਈ ਮੁਹਿੰਮ ਤਹਿਤ ਸਬ-ਡਵੀਜ਼ਨ ਗੜਸ਼ੰਕਰ ਦੇ ਪਿੰਡ ਅਲੀਪੁਰ ਦੇ ਸਾਰੇ ਘਰਾਂ ਵਿੱਚ ਪਖਾਨੇ ਲੱਗ ਜਾਣ ਨਾਲ ਇਹ ਪਿੰਡ 100 ਫ਼ੀਸਦੀ ਖੁੱਲ੍ਹੇ ’ਚ ਸ਼ੌਚ ਤੋਂ ਮੁਕਤ ਹੋ ਗਿਆ ਹੈ। ਪਿੰਡ ਵਿੱਚ ਰਹਿੰਦੇ 19 ਘਰਾਂ ਅੰਦਰ 2.85 ਲੱਖ ਰੁਪਏ ਦੀ ਲਾਗਤ ਨਾਲ ਪਖਾਨੇ ਦੀ ਸਹੂਲਤ ਯਕੀਨੀ ਬਣ ਜਾਣ ਨਾਲ ਹੁਣ ਪਿੰਡ ਦਾ ਕੋਈ ਵੀ ਵਿਅਕਤੀ ਖੁੱਲ੍ਹੇ ਵਿੱਚ ਸ਼ੌਚ ਨਹੀਂ ਜਾਂਦਾ।

    ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਲੋਕਾਂ ਨੂੰ ਹਰ ਘਰ ਪਾਣੀ, ਹਰ ਘਰ ਸਫ਼ਾਈ ਮਿਸ਼ਨ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਮਿਸ਼ਨ ਤਹਿਤ ਜ਼ਿਲ੍ਹੇ ਦੇ ਹਰ ਪਿੰਡ ਦੇ ਹਰ ਘਰ ਵਿੱਚ ਪਾਣੀ ਅਤੇ ਸਫ਼ਾਈ ਦੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣੇ ਹਨ। ਉਨ੍ਹਾਂ ਨੇ ਦੱਸਿਆ ਕਿ ਪਿੰਡ ਅਲੀਪੁਰ ਵਿੱਚ 135 ਘਰ ਹਨ ਜਿਨ੍ਹਾਂ ਵਿੱਚੋਂ 19 ਘਰਾਂ ਵਿੱਚ ਪਖਾਨੇ ਨਹੀਂ ਸਨ ਅਤੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਜ਼ਿਲ੍ਹਾ ਸੈਨੀਟੇਸ਼ਨ ਸੈਲ ਵਲੋਂ ਪਿੰਡ ਵਾਸੀਆਂ ਨੂੰ ਖੁੱਲ੍ਹੇ ’ਚ ਸ਼ੌਚ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਜਾਣੂ ਅਤੇ ਜਾਗਰੂਕ ਕਰਵਾਇਆ। ਉਪਰੰਤ ਪਿੰਡ ਵਿਚਲੇ ਪਖਾਨਿਆਂ ਤੋਂ ਸਖਣੇ ਘਰਾਂ ਵਿੱਚ ਵੀ ਇਹ ਸਹੂਲਤ ਮੁਹੱਈਆ ਕਰਵਾ ਕੇ ਪਿੰਡ ਨੂੰ ਖੁੱਲ੍ਹੇ ’ਚ ਸ਼ੌਚ ਤੋਂ ਮੁਕਤ ਕਰਵਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਨੂੰ ਬਾਹਰੋਂ ਆਉਣ ਵਾਲੇ ਮਜ਼ਦੂਰਾਂ ਅਤੇ ਫੇਰੀ ਵਾਲਿਆਂ ਦੀ ਸਹੂਲਤ ਲਈ ਸਾਂਝਾ ਪਖਾਨਾ ਬਨਾਉਣ ਦੀ ਮੰਗ ਕੀਤੀ ਗਈ ਸੀ ਜਿਸ ਨੂੰ ਵਿਭਾਗ ਵਲੋਂ ਜਲਦ ਹੀ ਪੂਰਾ ਕਰਦਿਆਂ ਸਾਂਝਾ ਪਖਾਨਾ ਪਿੰਡ ਵਿੱਚ ਬਣਾਇਆ ਜਾਵੇਗਾ।

    ਉਨ੍ਹਾਂ ਨੇ ਦੱਸਿਆ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ 325 ਪਿੰਡਾਂ ਵਿੱਚ 1074 ਪਖਾਨਿਆਂ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ ਜੋ ਕਿ ਜਲਦ ਹੀ ਮੁਕੰਮਲ ਹੋ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਹਰ ਘਰ ਪਾਣੀ, ਹਰ ਘਰ ਸਫ਼ਾਈ ਦੇ ਪਹਿਲੇ ਪੜਾਅ ਵਿੱਚ ਪਖਾਨਾ ਬਨਾਉਣ ਲਈ ਲਾਭਪਾਤਰੀਆਂ ਨੂੰ 15 ਹਜ਼ਾਰ ਰੁਪਏ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 47383 ਪਖਾਨੇ ਵੈਲੀਡੇਟ ਕੀਤੇ ਗਏ ਹਨ ਜਿਨ੍ਹਾਂ ਵਿੱਚੋ 43922 (93 ਫੀਸਦੀ) ਬਣ ਚੁੱਕੇ ਹਨ ਅਤੇ ਰਹਿੰਦੇ 3461 ਦਾ ਕੰਮ ਵੀ ਜਲਦ ਮੁਕੰਮਲ ਹੋ ਜਾਵੇਗਾ।

    LEAVE A REPLY

    Please enter your comment!
    Please enter your name here