ਰਾਜਿੰਦਰਾ ਹਸਪਤਾਲ ‘ਚ ਹੋਈਆਂ ਮੌਤਾਂ ਸੂਬੇ ਵਿਚਲੀਆਂ ਘਟੀਆਂ ਸਿਹਤ ਸੇਵਾਵਾਂ ਦਾ ਨਤੀਜਾ: ਕੁਲਤਾਰ ਸੰਧਵਾ

    0
    134

    ਪਟਿਆਲਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਤੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਵਿੱਚ ਤੇਜੀ ਨਾਲ ਵੱਧ ਰਹੇ ਕੋਰੋਨਾ ਦੇ ਮਾਮਲੇ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਕੋਰੋਨਾ ਪੀੜਤਾਂ ਦੀਆਂ ਸਭ ਤੋਂ ਜ਼ਿਆਦਾ ਮੌਤਾਂ ਹੋਣਾ ਸੂਬੇ ਵਿਚਲੀਆਂ ਘਟੀਆਂ ਸਿਹਤ ਸੇਵਾਵਾਂ ਦਾ ਨਤੀਜਾ ਹੈ, ਜਿਸ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਜ਼ਿੰਮੇਵਾਰ ਹਨ।

    ਬੁੱਧਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਇੱਕ ਬਿਆਨ ਰਾਹੀਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਅੱਜ ਤੱਕ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਪਾਰਟੀਆਂ ਦੀਆਂ ਹੀ ਸਰਕਾਰਾਂ ਰਹੀਆਂ ਹਨ। ਮੌਜੂਦਾ ਕੈਪਟਨ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਇੱਕ ਵੀ ਨਵਾਂ ਸਰਕਾਰੀ ਹਸਪਤਾਲ ਨਹੀਂ ਬਣਾਇਆ। ਜਿਹੜੇ ਸਰਕਾਰੀ ਹਸਪਤਾਲ ਹਨ, ਉਥੇ ਵੀ ਸਾਧਨਾਂ ਅਤੇ ਮੈਡੀਕਲ ਸਟਾਫ਼ ਦੀ ਘਾਟ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਚਲੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਕੋਰੋਨਾ ਪੀੜਤਾਂ ਦੀ ਮੌਤ ਦਰ 20 ਫ਼ੀਸਦੀ ਹੈ, ਜੋ ਪੂਰੇ ਪੰਜਾਬ ਵਿੱਚੋਂ ਸਭ ਤੋਂ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੋਰੋਨਾ ਦਾ ਪ੍ਰਕੋਪ ਪਿੰਡਾਂ ਤੱਕ ਪਹੁੰਚ ਗਿਆ। ਇਸ ਕਾਰਨ ਸੂਬੇ ’ਚ 4. 50 ਲੱਖ ਤੋਂ ਜ਼ਿਆਦਾ ਕੋਰੋਨਾ ਪੀੜਤ ਮਰੀਜ਼ ਹੋ ਗਏ ਹਨ ਅਤੇ ਮੌਤ ਦਾ ਅੰਕੜਾ 11 ਹਜ਼ਾਰ ਦੇ ਤੱਕ ਪਹੁੰਚ ਗਿਆ ਹੈ।ਕੈਪਟਨ ਸਰਕਾਰ ਦੀ ਅਲੋਚਨਾ ਕਰਦਿਆਂ ਸੰਧਵਾਂ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਦੀਆਂ ਵਿਚਲੀਆਂ ਮਾੜੀਆਂ ਸਿਹਤ ਸਹੂਲਤਾਂ ਦੀ ਆਲਮ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ ਦਿੱਤੇ ਜੀਵਨ ਰੱਖਿਅਕ ਵੈਂਟੀਲੇਟਰ ਹਸਪਤਾਲਾਂ ਵਿੱਚ ਪਏ ਧੂੜ ਚੱਖ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੀ ਸੂਬਾ ਵਾਸੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੀ ਹੈ, ਕਿਉਂਕਿ ਕੇਂਦਰ ਸਰਕਾਰ ਵੱਲੋਂ ਭੇਜੇ ਗਏ 320 ਵੈਂਟੀਲੇਟਰਾਂ ਵਿੱਚੋਂ 237 ਵੈਂਟੀਲੇਟਰ ਖ਼ਰਾਬ ਪਾਏ ਗਏ ਹਨ। ਸੂਬੇ ਦੇ ਕਈ ਜ਼ਿਲਿ੍ਹਆਂ ਬਠਿੰਡਾ, ਮੋਹਾਲੀ, ਫ਼ਤਿਹਗੜ੍ਹ ਸਾਹਿਬ, ਅਤੇ ਮੋਗਾ ਆਦਿ ਵਿੱਚ ਜੀਵਨ ਰੱਖਿਅਕ ਪ੍ਰਣਾਲੀ ਹੀ ਨਹੀਂ ਹੈ। ਦੂਜੇ ਪਾਸੇ ਰਾਜਿੰਦਰਾ ਹਸਪਤਾਲ ਪਟਿਆਲਾ ਸਮੇਤ ਵੱਖ ਵੱਖ ਸਰਕਾਰੀ ਹਸਪਤਾਲਾਂ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਮੁਲਾਜ਼ਮ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਿੰਨੀ ਮਾੜੀ ਗੱਲ ਹੈ ਪਟਿਆਲਾ ਤੋਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਧਾਇਕ ਹਨ ਅਤੇ ਇੱਥੋਂ ਹੀ ਉਨ੍ਹਾਂ ਦੀ ਪਤਨੀ ਬੀਬਾ ਪ੍ਰਨੀਤ ਕੌਰ ਲੋਕ ਸਭਾ ਮੈਂਬਰ ਹਨ। ਫਿਰ ਵੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਆਮ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਕੋਈ ਪ੍ਰਬੰਧ ਨਹੀਂ।

    ਵਿਧਾਇਕ ਸੰਧਵਾਂ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚਲੇ ਮਾੜੇ ਪ੍ਰਬੰਧਾਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਸੂਬੇ ’ਚ ਸਿਹਤ ਸੇਵਾਵਾਂ ਨੂੰ ਚੰਗਾ ਬਣਾਉਣ ਲਈ ਤੁਰੰਤ ਵੱਡੀ ਸੰਖਿਆਂ ਵਿੱਚ ਡਾਕਟਰਾਂ ਅਤੇ ਮੈਡੀਕਲ ਸਟਾਫ਼ ਦੀ ਭਰਤੀ ਕੀਤੀ ਜਾਣੀ ਚਾਹੀਦੀ ਹੈ।

    LEAVE A REPLY

    Please enter your comment!
    Please enter your name here