ਯੂਥ ਅਕਾਲੀ ਦਲ ਨੇ ਰਾਹੁਲ ਗਾਂਧੀ ਦਾ ਰਸਤਾ ਰੋਕ ਕੇ ਕੀਤਾ ਵਿਰੋਧ !

    0
    139

    ਪਟਿਆਲਾ, ਜਨਗਾਥਾ ਟਾਇਮਜ਼: (ਰਵਿੰਦਰ)

    ਪਟਿਆਲਾ : ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦਾ ਅੱਜ ਤੀਜਾ ਅਤੇ ਆਖ਼ਰੀ ਦਿਨ ਹੈ। ਰਾਹੁਲ ਗਾਂਧੀ ਵੱਲੋਂ ਅੱਜ ਪਟਿਆਲਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਦੌਰਾਨ ਯੂਥ ਅਕਾਲੀ ਦਲ ਦੇ ਕਾਰਕੁੰਨਾਂ ਨੇ ਸੂਬੇ ਭਰ ਵਿੱਚ ਫਲੈਕਸ ਹੋਰਡਿੰਗ ਲਗਾ ਕੇ ਰਾਹੁਲ ਗਾਂਧੀ ਤੋਂ ਖੇਤੀ ਬਿੱਲਾਂ ਸੰਬੰਧੀ ਕਾਂਗਰਸ ਦੀ ਕਿਸਾਨੀ ਪ੍ਰਤੀ ਕਾਰਗੁਜਾਰੀ ਅਤੇ ਕਾਰਵਾਈਆਂ ਬਾਰੇ ਪੰਜ ਵੱਡੇ ਸੁਆਲੇ ਪੁੱਛੇ ਹਨ। ਰਾਹੁਲ ਗਾਂਧੀ ਲਗਭਗ ਹਰ ਗਲੀ-ਚੌਰਾਹੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਹੱਥੋਂ ਘਿਰ ਗਏ ਹਨ।

    ਇਸ ਦੌਰਾਨ ਯੂਥ ਅਕਾਲੀ ਦਲ ਦੇ ਵਰਕਰਾਂ ਵਲੋਂ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਅਗਵਾਈ ਵਿੱਚ ਰਾਹੁਲ ਗਾਂਧੀ ਦਾ ਜਮ ਕੇ ਵਿਰੋਧ ਕੀਤਾ ਗਿਆ ਹੈ।ਯੂਥ ਅਕਾਲੀ ਦਲ ਵਲੋਂ ਰਾਹੁਲ ਗਾਂਧੀ ਦਾ ਰਸਤਾ ਵੀ ਰੋਕਿਆ ਗਿਆ ਅਤੇ ਸਰਕਟ ਹਾਊਸ ਦੇ ਨਜ਼ਦੀਕ ਖੰਡਾ ਚੌਂਕ ਵਿੱਚ ਮੰਡੀਬੋਰਡ ਦੇ ਪ੍ਰਧਾਨ ਲਾਲ ਸਿੰਘ ਦੀ ਕੋਠੀ ਦੇ ਬਾਹਰ ਧਰਨਾ ਵੀ ਲਾਇਆ ਗਿਆ ਹੈ। ਰਾਹੁਲ ਗਾਂਧੀ ਸਰਕਟ ਹਾਉਸ ਵਿੱਚ ਠਹਿਰੇ ਸਨ ਅਤੇ ਉੱਥੇ ਹੀ ਉਨ੍ਹਾਂ ਵਲੋਂ ਆਪਣੀ ਚਹੇਤੇ ਮੀਡੀਆ ਪਰਸਨਜ਼ ਨਾਲ ਪ੍ਰੈਸ ਕਾਨਫਰੰਸ ਕੀਤੀ ਗਈ ਹੈ।

    ਪੰਜਾਬ ਭਰ ਦੇ ਵਿੱਚ ਯੂਥ ਅਕਾਲੀ ਦਲ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਪੰਜ ਸਵਾਲਾਂ ਵਾਲੇ ਫਲੈਕਸ ਹੋਰਡਿੰਗ ਲਗਾਏ ਹਨ। ਜਿਨਾਂ ’ਤੇ ਲਿਖੇ ਸੁਆਲਾਂ ਵਿੱਚ ਪੁੱਛਿਆ ਕਿ ਹੁਣ ਕੇਂਦਰ ਸਰਕਾਰ ਵੱਲੋਂ ਰਾਜ ਸਭਾ ‘ਚ ਪਾਸ ਕੀਤੇ ਗਏ ਖੇਤੀ ਬਿੱਲ, ਤੁਸੀਂ ਕਾਂਗਰਸ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਕਿਉਂ ਪਾਏ ਸਨ ? ਦੂਸਰੇ ਸੁਆਲ ’ਚ ਪੁੱਛਿਆ ਗਿਆ ਕਿ ਬਿੱਲਾਂ ਦੇ ਵਿਰੋਧ ਕਰਨ ਦਾ ਸਮਾਂ ਆਇਆ, ਉਸ ਵੇਲੇ ਤੁਸੀਂ (ਰਾਹੁਲ) ਅਤੇ ਤੁਹਾਡੇ ਮੈਂਬਰ ਪਾਰਲੀਮੈਂਟ ਲੋਕ ਸਭਾ ‘ਚੋਂ ਗ਼ੈਰਹਾਜ਼ਰ ਕਿਉਂ ਰਹੇ?

    ਇਸੇ ਤਰ੍ਹਾਂ ਤੀਸਰੇ ਸਵਾਲ ਵਿੱਚ ਸ਼ਿਵ ਸੈਨਾ ਨੇ ਕਿਸਾਨ ਵਿਰੋਧੀ ਬਿਲ ਦੇ ਹੱਕ ‘ਚ ਵੋਟ ਪਾਈ, ਤੁਸੀਂ ਮਹਾਂਰਾਸ਼ਟਰ ‘ਚ ਉਹਨਾਂ ਨੂੰ ਸਮਰਥਨ ਕਿਉਂ ਦੇ ਰਹੇ ਹੋ? ਜੇਕਰ ਤੁਸੀਂ ਕਿਸਾਨੀ ਦੇ ਹੱਕ ਵਿੱਚ ਹੋ ਤਾਂ ਸਮਰਥਨ ਵਾਪਿਸ ਕਿਉਂ ਨਹੀਂ ਲੈਂਦੇ? ਚੌਥੇ ਸੁਆਲ ਵਿੱਚ, ਤੁਹਾਡੀ ਸਰਕਾਰ ਕਿਸਾਨੀ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਏ.ਪੀ.ਐੱਮ.ਸੀ ਮੰਡੀ ਡਿਕਲੇਅਰ ਕਿਉਂ ਨਹੀਂ ਕਰਦੀ?

    ਪੰਜਵੇਂ ਸਵਾਲ ਵਿੱਚ ਖੇਤੀ ਬਿਲਾਂ ਦੇ ਵਿਰੋਧ ’ਚ ਪੰਜਾਬ ਵਿਧਾਨ ਸਭਾ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਸੀ। ਤੁਸੀਂ ਕੇਂਦਰ ਸਰਕਾਰ ਨੂੰ ਕਿਉਂ ਨਹੀਂ ਭੇਜਿਆ? ਕੀ ਇਹ ਸਾਜ਼ਿਸ਼ ਹੈ? ਕੀ ਇਹ ਤੁਹਾਡੀ ਮਿਲੀਭੁਗਤ ਹੈ? ਦੱਸ ਦੇਈਏ ਕਿ ਯੂਥ ਅਕਾਲੀ ਦਲ ਦੇ ਕਾਰਕੁੰਨਾਂ ਨੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੂੰ ਇਹ ਵੀ ਪੁੱਛਿਆ ਹੈ ਕਿ ਉਹ ਐਸ ਸੀ ਸਕਾਲਰਸ਼ਿਪ ਘੁਟਾਲੇ ਦੇ ਮੁੱਖ ਦੋਸ਼ੀ ਸਾਧੂ ਸਿੰਘ ਧਰਮਸੋਤ ਦਾ ਬਚਾਅ ਕਿਉਂ ਕਰ ਰਹੇ ਹਨ ਅਤੇ ਉਹਨਾਂ ਨੇ ਜ਼ੋਰਦਾਰ ਰੋਸ ਮੁਜ਼ਾਹਰਾ ਕਰਦਿਆਂ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।

    LEAVE A REPLY

    Please enter your comment!
    Please enter your name here