ਮੋਦੀ ਨੂੰ ਪਸੰਦ ਆਈ ਕੈਪਟਨ ਦੀ ਰਣਨੀਤੀ, ਰੱਜ ਕੇ ਕੀਤੀ ਸ਼ਲਾਘਾ !

    0
    147

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਰਵਿੰਦਰ)

    ਚੰਡੀਗੜ੍ਹ : ਕੋਰੋਨਾ ਵਾਈਰਸ ਨਾਲ ਨਜਿੱਠਣ ਲਈ ਪੰਜਾਬ ਦੀ ਰਣਨੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਹੁਤ ਪਸੰਦ ਆਈ ਹੈ। ਉਨ੍ਹਾਂ ਨੇ ਦੂਜੇ ਸੂਬਿਆਂ ਨੂੰ ਵੀ ਪੰਜਾਬ ਮਾਡਲ ਆਪਣਾਉਣ ਦੀ ਸਲਾਹ ਦਿੱਤੀ ਹੈ। ਕੋਵਿਡ-19 ਨਾਲ ਨਜਿੱਠਣ ਲਈ ਪੰਜਾਬ ਵੱਲੋਂ ਸੂਖਮ ਪੱਧਰ ‘ਤੇ ਕੰਟਰੋਲ ਦੀ ਵਿਧੀ ਤੇ ਘਰ-ਘਰ ਸਰਵੇਖਣ ਦੀ ਨੀਤੀ ਅਪਣਾਈ ਗਈ ਹੈ। ਇਸ ਦੇ ਸਾਰਥਿਕ ਸਿੱਟੇ ਸਾਹਮਣੇ ਆਏ ਹਨ। ਇਸ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸਾਰੇ ਸੂਬਿਆਂ ਨੂੰ ਪੰਜਾਬ ਦਾ ਮਾਡਲ ਅਪਣਾਉਣ ਲਈ ਕਿਹਾ ਹੈ।

    ਪ੍ਰਧਾਨ ਮੰਤਰੀ ਵੱਲੋਂ ਕੋਵਿਡ ਸਬੰਧੀ ਸੂਬਿਆਂ ਵੱਲੋਂ ਅਪਣਾਈ ਨੀਤੀ ਬਾਰੇ ਮੁੱਖ ਮੰਤਰੀਆਂ ਨਾਲ ਸ਼ੁਰੂ ਕੀਤੀ ਦੋ-ਰੋਜ਼ਾ ਵੀਡੀਓ ਕਾਨਫਰੰਸ ਦੌਰਾਨ ਮੰਗਲਵਾਰ ਨੂੰ ਪਹਿਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਗੱਲ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਕੋਵਿਡ ਦੀ ਸਥਿਤੀ ਤੇ ਇਸ ਨਾਲ ਸਿੱਝਣ ਲਈ ਅਪਣਾਈ ਵਿਧੀ ਤੋਂ ਜਾਣੂ ਕਰਾਇਆ। ਇਸ ਮਗਰੋਂ ਪ੍ਰਧਾਨ ਮੰਤਰੀ ਨੇ ਹੋਰਨਾਂ ਸੂਬਿਆਂ ਨੂੰ ਪੰਜਾਬ ਦੇ ਰਾਹ ’ਤੇ ਚੱਲਣ ਲਈ ਆਖਿਆ। ਮੀਟਿੰਗ ਦੌਰਾਨ ਮੋਦੀ ਤੇ ਕੈਪਟਨ ਦੇ ਸੁਰ ਤਾਲਮੇਲ ਵਾਲੇ ਰਹੇ। ਮੁੱਖ ਮੰਤਰੀ ਨੇ ਮੰਗ ਕੀਤੀ ਕਿ ਪੰਜਾਬ ਤੇ ਚੰਡੀਗੜ੍ਹ ਵਿਚਲੇ ਕੇਂਦਰੀ ਸੰਸਥਾਨਾਂ ਵਿਚ ਟੈਸਟਿੰਗ ਦੀ ਸਮਰੱਥਾ ਵਿਚ ਵਾਧਾ ਕੀਤਾ ਜਾਵੇ।

    ਉਨ੍ਹਾਂ ਸੁਝਾਅ ਦਿੱਤਾ ਕਿ ਮੁਲਕ ਦੀ ਅਰਥ-ਵਿਵਸਥਾ ਅਤੇ ਸਰਕਾਰਾਂ ’ਤੇ ਕੋਵਿਡ ਦੇ ਮਾਰੂ ਪ੍ਰਭਾਵਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਸਮੂਹ ਬਣਾਇਆ ਜਾਵੇ, ਜਿਸ ਵਿਚ ਕੁਝ ਰਾਜਾਂ ਦੇ ਮੁੱਖ ਮੰਤਰੀ ਵੀ ਸ਼ਾਮਲ ਕੀਤੇ ਜਾਣ। ਕੈਪਟਨ ਨੇ ਇਹ ਵੀ ਅਪੀਲ ਕੀਤੀ ਕਿ ਕੇਂਦਰ ਸਰਕਾਰ ਤਾਲਾਬੰਦੀ ਦੇ ਦੁਰਪ੍ਰਭਾਵਾਂ ਨਾਲ ਨਜਿੱਠਣ ਲਈ ਸੂਬਿਆਂ ਨਾਲ ਤਾਲਮੇਲ ਬਣਾ ਕੇ ਚੱਲੇ। ਉਨ੍ਹਾਂ ਕਿਹਾ ਕਿ ਕੋਵਿਡ ਦੀ ਲੰਬੇ ਸਮੇਂ ਲਈ ਮਾਰ ਹੋਣ ਕਰਕੇ ਕੇਂਦਰ ਤੇ ਰਾਜ ਸਰਕਾਰਾਂ ’ਚ ਆਪਸੀ ਸਹਿਯੋਗ ਜ਼ਰੂਰੀ ਹੈ।

    ਮੁੱਖ ਮੰਤਰੀ ਨੇ ਪੰਜਾਬ ਲਈ ਵਿੱਤੀ ਮੱਦਦ ਦੀ ਮੰਗ ਦੁਹਰਾਈ ਅਤੇ ਦੱਸਿਆ ਕਿ ਆਮਦਨ ਵਸੂਲੀ ਘਟਣ ਕਰਕੇ ਸੂਬੇ ’ਚ ਵਿੱਤੀ ਸੰਕਟ ਡੂੰਘਾ ਹੋ ਸਕਦਾ ਹੈ ਕਿਉਂਕਿ ਵੱਖ-ਵੱਖ ਵਸੀਲਿਆਂ ਤੋਂ ਆਮਦਨ ਵਸੂਲੀਆਂ ਵਿਚ 25 ਤੋਂ 30 ਹਜ਼ਾਰ ਕਰੋੜ ਰੁਪਏ ਦਾ ਘਾਟਾ ਪਿਆ ਹੈ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਜਾਣੂ ਕਰਾਇਆ ਕਿ ਸੂਬੇ ਵਿਚ ਬਾਹਰੋਂ ਆ ਰਹੇ ਲੋਕਾਂ ਕਰਕੇ ਕੋਵਿਡ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਟੈਸਟਿੰਗ ਦੇ ਵੇਰਵੇ ਵੀ ਸਾਂਝੇ ਕੀਤੇ ਤੇ ਪੰਜਾਬ ਸਰਕਾਰ ਵੱਲੋਂ ਕੋਵਿਡ ਰੋਕਣ ਲਈ ਕੀਤੀਆਂ ਤਿਆਰੀਆਂ ਬਾਰੇ ਦੱਸਿਆ।

    LEAVE A REPLY

    Please enter your comment!
    Please enter your name here