ਮੁੰਬਈ ‘ਚ ਬਾਰਿਸ਼ ਨਾਲ ਭਾਰੀ ਜਾਮ, ਹਿਮਾਚਲ ‘ਚ ਬਿਜਲੀ ਡਿੱਗਣ ਦੀ ਚਿਤਾਵਨੀ

    0
    149

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਚਾਰ ਦਿਨਾਂ ਤੋਂ ਗਲਤ ਸਾਬਤ ਹੋ ਰਹੇ ਪੂਰਵ ਅਨੁਮਾਨਾਂ ਦੌਰਾਨ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਵੀ ਦਿੱਲੀ ਐਨਸੀਆਰ ਵਿਚ ਤੇਜ਼ ਹਵਾ ਨਾਲ ਬੱਦਲਵਾਈ ਅਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ। ਹਾਲਾਂਕਿ, ਮੌਨਸੂਨ ਦੇ ਹੌਲੀ ਹੋਣ ਕਾਰਨ, ਬਾਰਿਸ਼ ਲਈ ਦਿੱਲੀ ਦੇ ਲੋਕਾਂ ਦਾ ਇੰਤਜ਼ਾਰ ਵਧਦਾ ਜਾ ਰਿਹਾ ਹੈ। ਦੂਜੇ ਪਾਸੇ ਮਾਨਸੂਨ ਪੰਜਾਬ ਵਿਚ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਸਵੇਰ ਤੋਂ ਹੀ ਮਹਾਰਾਸ਼ਟਰ ਅਤੇ ਕਰਨਾਟਕ ਵਿਚ ਮੀਂਹ ਪੈ ਰਿਹਾ ਹੈ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਪੰਜਾਬ ਵਿਚ ਵੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

    ਹਰਿਆਣਾ ਵਿਚ ਵੀ ਮੌਨਸੂਨ ਬਹੁਤ ਜਲਦੀ ਆ ਗਿਆ ਹੈ। ਮੌਨਸੂਨ ਦੇ ਬੱਦਲ ਅਗਲੇ ਕੁੱਝ ਦਿਨਾਂ ਵਿਚ ਪੂਰੇ ਹਰਿਆਣਾ ਵਿਚ ਛਾ ਜਾਣਗੇ। ਸੂਬੇ ਦੇ ਕਈ ਸ਼ਹਿਰਾਂ ਵਿਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ। ਹਰਿਆਣਾ ਦੇ ਕੁੱਝ ਸ਼ਹਿਰਾਂ ਵਿਚ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ।

    ਮਹਾਂਰਾਸ਼ਟਰ ਦੇ ਮੁੰਬਈ ਵਿਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਇਸ ਨਾਲ ਬਹੁਤ ਸਾਰੇ ਨੀਵੇਂ ਇਲਾਕਿਆਂ ਵਿਚ ਪਾਣੀ ਇਕੱਠਾ ਹੋ ਗਿਆ ਹੈ। ਜਗ੍ਹਾ-ਜਗ੍ਹਾ ‘ਤੇ ਟ੍ਰੈਫਿਕ ਜਾਮ ਵੀ ਦੇਖਿਆ ਜਾ ਰਿਹਾ ਹੈ। ਮੌਨਸੂਨ ਨੇ ਇਕ ਦਿਨ ਪਹਿਲਾਂ ਹੀ ਮੁੰਬਈ ਵਿਚ ਦਸਤਕ ਦਿੱਤੀ ਸੀ। ਮੌਸਮ ਵਿਭਾਗ ਨੇ 17 ਜੂਨ ਨੂੰ ਮੁੰਬਈ ਵਿਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਸੀ, ਪਰ ਸ਼ਹਿਰ ਦੇ ਲੋਕਾਂ ਨੂੰ ਅੱਜ ਤੋਂ ਹੀ ਭਾਰੀ ਬਾਰਿਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਗਲੇ ਦਿਨਾਂ ਵਿਚ ਭਾਰੀ ਬਾਰਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਵੀ ਇਸ ਲਈ ਤਿਆਰੀ ਕਰ ਰਿਹਾ ਹੈ। ਬੀਐਮਸੀ ਨੇ ਭਾਂਡੂਪ, ਪਵਈ ਅਤੇ ਵਿਕਰੋਲੀ ਇਲਾਕਿਆਂ ਦੇ ਲੋਕਾਂ ਨੂੰ ਜਗ੍ਹਾ ਖਾਲੀ ਕਰਨ ਅਤੇ ਕਿਸੇ ਸੁਰੱਖਿਅਤ ਜਗ੍ਹਾ ਜਾਣ ਲਈ ਕਿਹਾ ਹੈ।

    ਪੰਜਾਬ ਦੇ ਕਈ ਸ਼ਹਿਰਾਂ ਵਿਚ 16 ਅਤੇ 17 ਜੂਨ ਨੂੰ ਹਨੇਰੀ ਦੇ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪਿਛਲੇ ਕੁੱਝ ਦਿਨਾਂ ਤੋਂ, ਦਿਨ ਦਾ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਦੇ ਆਸ ਪਾਸ ਰਿਹਾ ਅਤੇ ਘੱਟੋ ਘੱਟ 30 ਡਿਗਰੀ ਸੈਲਸੀਅਸ ਰਹਿ ਰਿਹਾ ਸੀ। ਗਰਮੀ ਅਤੇ ਨਮੀ ਕਾਰਨ ਆਮ ਲੋਕਾਂ ਦਾ ਜੀਵਨ ਮੁਸ਼ਕਲ ਹੋ ਗਿਆ। ਮੀਂਹ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਸਾਲ ਮੌਨਸੂਨ ਵਿਚ ਆਮ ਨਾਲੋਂ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ ਵਿਚ, ਕਿਸਾਨਾਂ ਨੂੰ ਚੰਗੀ ਫ਼ਸਲ ਮਿਲਣ ਦੀ ਉਮੀਦ ਹੈ।

    ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਦੇ ਅੱਠ ਜ਼ਿਲ੍ਹਿਆਂ ਵਿਚ ਅੱਜ ਭਾਰੀ ਬਾਰਿਸ਼, ਬਿਜਲੀ ਅਤੇ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦੇ ਅਨੁਸਾਰ ਸੂਬੇ ਦੇ ਕਈ ਹਿੱਸਿਆਂ ਵਿਚ ਬੁੱਧਵਾਰ ਤੋਂ 21 ਜੂਨ ਤਕ ਬਾਰਸ਼ ਹੋਵੇਗੀ। ਮੌਨਸੂਨ ਦੋ ਦਿਨਾਂ ਬਾਅਦ ਪੂਰੇ ਸੂਬੇ ਵਿਚ ਸਰਗਰਮ ਹੋ ਜਾਵੇਗਾ। ਉੱਤਰਾਂਖੰਡ ਦੇ ਪਹਾੜਾਂ ਵਿਚ ਮੌਸਮ ਬਦਲ ਰਿਹਾ ਹੈ। ਪਿਥੌਰਾਗੜ, ਬਾਗੇਸ਼ਵਰ, ਚੰਪਾਵਤ ਅਤੇ ਨੈਨੀਤਾਲ ਵਿਚ ਬੁੱਧਵਾਰ ਨੂੰ ਦਰਮਿਆਨੀ ਤੋਂ ਭਾਰੀ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਦੀ ਹਦਾਇਤ ਦਿੱਤੀ ਗਈ ਹੈ ਕਿਉਂਕਿ ਉੱਤਰਾਂਖੰਡ ਵਿਚ ਬਾਰਸ਼ ਦੇ ਦੌਰਾਨ ਬਹੁਤ ਜ਼ਿਆਦਾ ਭੂ-ਖਿਸਕਣ ਦੇਖਣ ਨੂੰ ਮਿਲਦਾ ਹੈ।

    ਮੌਨਸੂਨ ਪਹਿਲਾਂ ਹੀ ਦੱਖਣੀ ਸੂਬਿਆਂ ਵਿਚ ਪਹੁੰਚ ਚੁੱਕਾ ਹੈ। ਇਸ ਲਈ ਕਰਨਾਟਕ, ਕੇਰਲ, ਤਾਮਿਲਨਾਡੂ ਵਿਚ ਭਾਰੀ ਬਾਰਿਸ਼ ਹੋ ਰਹੀ ਹੈ। ਕਰਨਾਟਕ ਦੇ ਹੁਬਲੀ ਵਿਚ ਅੱਜ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ, ਜਿਸਦਾ ਜੀਵਨ ਉੱਤੇ ਬਹੁਤ ਪ੍ਰਭਾਵ ਪਿਆ ਹੈ।

    LEAVE A REPLY

    Please enter your comment!
    Please enter your name here