ਮੁੜ ਲਾਕਡਾਊਨ ਦਾ ਸਹਿਮ, ਪਰਵਾਸੀ ਮਜ਼ਦੂਰਾਂ ਨੇ ਘਰ ਵਾਪਸੀ ਲਈ ਪਾਏ ਚਾਲੇ…

    0
    130

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਕੋਰੋਨਾ ਵਾਇਰਸ ਦੇ ਵਧਦੇ ਕਹਿਰ ਕਾਰਨ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਲਾਈਆਂ ਜਾ ਰਹੀਆਂ ਪਾਬੰਦੀਆਂ ਕਾਰਨ ਲੋਕਾਂ ਵਿਚ ਮੁੜ ਲਾਕਡਾਊਨ ਦਾ ਡਰ ਪੈਦਾ ਹੋਣ ਲੱਗਾ ਹੈ। ਸਭ ਤੋਂ ਮਾੜੇ ਹਾਲਾਤ ਮਹਾਂਰਾਸ਼ਟਰ ਵਿਚ ਹਨ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਥੇ ਸਰਕਾਰ ਵੱਲੋਂ ਸਖ਼ਤ ਫ਼ੈਸਲੇ ਲਏ ਜਾ ਸਕਦੇ ਹਨ। ਇਸ ਦੇ ਮੱਦੇਨਜ਼ਰ ਲੋਕਾਂ ਨੂੰ ਡਰ ਹੈ ਕਿ ਸੂਬੇ ਵਿਚ ਛੇਤੀ ਹੀ ਲੌਕਡਾਊਨ ਲੱਗ ਸਕਦਾ ਹੈ।

    ਖਾਸਕਰ ਪਰਵਾਸੀ ਮਜ਼ਦੂਰਾਂ ਵਿਚ ਭਾਰੀ ਸਹਿਮ ਹੈ ਤੇ ਉਹ ਆਪਣੇ ਘਰ ਵਾਪਸ ਪਰਤਣ ਲੱਗੇ ਹਨ। ਉਨ੍ਹਾਂ ਨੂੰ ਡਰ ਹੈ ਕਿ ਜੇਕਰ ਪਿਛਲੀ ਵਾਰ ਦੀ ਤਰ੍ਹਾਂ ਤਾਲਾਬੰਦੀ ਲੱਗ ਗਈ ਤਾਂ ਉਹ ਕੀ ਕਰਨਗੇ। ‘ਦਿ ਟੈਲੀਗ੍ਰਾਫ’ ਦੀ ਇਕ ਰਿਪੋਰਟ ਦੇ ਅਨੁਸਾਰ ਮੁੰਬਈ ਦੇ 30 ਲੱਖ ਪ੍ਰਵਾਸੀ ਮਜ਼ਦੂਰਾਂ ਵਿਚਾਲੇ ਤਾਲਾਬੰਦੀ ਨੂੰ ਲੈ ਕੇ ਚਿੰਤਾ ਵਧ ਗਈ ਹੈ ਕਿਉਂਕਿ ਐਤਵਾਰ ਰਾਤ ਤੋਂ ਹੀ ਸ਼ਹਿਰ ਵਿਚ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਹੈ। ਮਹਾਂਰਾਸ਼ਟਰ ਵਿੱਚ ਫਰਵਰੀ ਤੋਂ ਨਵੇਂ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ 400 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਅਗਲੇ ਸ਼ੁੱਕਰਵਾਰ ਤੱਕ ਮਹਾਰਾਸ਼ਟਰ ਵਿਚ ਹੋਰ ਸਖ਼ਤੀਆਂ ਹੋ ਸਕਦੀਆਂ ਹਨ। ਇਸੇ ਤਰ੍ਹਾਂ ਦੇ ਹਾਲਾਤ ਪੰਜਾਬ ਵਿਚ ਬਣਦੇ ਜਾ ਰਹੇ ਹਨ। 8 ਅਪਰੈਲ ਨੂੰ ਮੀਟਿੰਗ ਵਿਚ ਸਰਕਾਰ ਕੋਈ ਸਖ਼ਤ ਫ਼ੈਸਲਾ ਲੈ ਸਕਦੀ ਹੈ।

    ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ 10 ਕਰੋੜ ਤੋਂ ਜ਼ਿਆਦਾ ਪ੍ਰਵਾਸੀ ਵੱਖ-ਵੱਖ ਸ਼ਹਿਰਾਂ ਵਿਚ ਰਹਿੰਦੇ ਹਨ ਅਤੇ ਉਹ ਰੋਜ਼ਾਨਾ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਪਾਲਦੇ ਹਨ। ਜੇ ਇਹ ਮਜ਼ਦੂਰ ਬਿਮਾਰ ਹੋ ਜਾਂਦੇ ਹਨ ਜਾਂ ਕਿਸੇ ਕਾਰਨ ਕੰਮ ਉਤੇ ਜਾਣ ਤੋਂ ਅਸਮਰੱਥ ਹੁੰਦੇ ਹਨ, ਤਾਂ ਇਨ੍ਹਾਂ ਲੋਕਾਂ ਨੂੰ ਕਿਸੇ ਕਿਸਮ ਦਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਹੈ। ਦੁਨੀਆਂ ਵਿਚ ਇਸ ਖ਼ਤਰਨਾਕ ਮਹਾਂਮਾਰੀ ਦੌਰਾਨ ਵੀ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਸੀ।ਪਿਛਲੇ ਸਾਲ ਭਾਰਤ ਵਿੱਚ ਦੋ ਮਹੀਨਿਆਂ ਦੇ ਤਾਲਾਬੰਦੀ ਨੇ ਲਗਭਗ 40 ਕਰੋੜ ਲੋਕਾਂ ਨੂੰ ਗ਼ਰੀਬੀ ਰੇਖਾ ਤੋਂ ਹੇਠਾਂ ਧੱਕ ਦਿੱਤਾ ਹੈ। ਤਾਲਾਬੰਦੀ ਦੌਰਾਨ ਸੜਕਾਂ ਦੀਆਂ ਸਟਾਲਾਂ ਪੂਰੀ ਤਰ੍ਹਾਂ ਬੰਦ ਹੋ ਗਈਆਂ ਸਨ, ਫੈਕਟਰੀਆਂ ਪੂਰੀ ਤਰ੍ਹਾਂ ਬੰਦ ਰਹੀਆਂ ਅਤੇ ਨਿਰਮਾਣ ਸਥਾਨਾਂ ‘ਤੇ ਕੰਮ ਰੁਕ ਗਿਆ ਸੀ।

    ਮੀਡੀਆ ਰਿਪੋਰਟਾਂ ਦੇ ਅਨੁਸਾਰ ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ ਪ੍ਰਵਾਸੀ ਮਜ਼ਦੂਰ ਹਨ। ਮੁੰਬਈ ਵਿੱਚ ਰਹਿੰਦੇ ਇਹ ਸਾਰੇ ਪ੍ਰਵਾਸੀ ਐਤਵਾਰ ਰਾਤ ਦੇ ਕਰਫਿਊ ਤੋਂ ਬਾਅਦ ਹੁਣ ਆਪਣੇ ਘਰਾਂ ਨੂੰ ਪਰਤ ਰਹੇ ਹਨ। ਰਿਪੋਰਟਾਂ ਦੇ ਅਨੁਸਾਰ, ਉੱਤਰ ਪ੍ਰਦੇਸ਼ ਦੇ ਕੁੱਝ ਸ਼ਹਿਰਾਂ ਵਿੱਚ ਰੇਲ ਗੱਡੀਆਂ ਦੀ ਬੁਕਿੰਗ 8 ਅਪ੍ਰੈਲ ਤੱਕ ਪੂਰੀ ਹੋ ਗਈ ਹੈ। ਬਿਹਾਰ, ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਦੀਆਂ ਰੇਲਗੱਡੀਆਂ ਫੜਨ ਲਈ ਰੇਲਵੇ ਸਟੇਸ਼ਨਾਂ ‘ਤੇ ਲੋਕਾਂ ਦੀ ਵੱਡੀ ਭੀੜ ਵੇਖੀ ਜਾ ਰਹੀ ਹੈ।

    LEAVE A REPLY

    Please enter your comment!
    Please enter your name here