ਮਾਮੂਲੀ ਬਹਿਸ ਖ਼ੂਨੀ ਝਗੜੇ ਵਿੱਚ ਬਦਲੀ, ਕੁੱਟਮਾਰ ਕਰਕੇ ਬਜ਼ੁਰਗ ਚਾੜ੍ਹਿਆ ਮੌਤ ਦੇ ਘਾਟ

    0
    169

    ਲੁਧਿਆਣਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਸਥਾਨਕ ਕਾਲੀ ਸੜਕ ਇਲਾਕੇ ਵਿਚ ਬੁੱਧਵਾਰ ਦੇਰ ਰਾਤ ਹਿਮਾਚਲ ਤੋਂ ਵਾਪਸ ਆ ਰਹੇ ਪਰਿਵਾਰ ਦਾ ਦੂਜੀ ਕਾਰ ਚਾਲਕਾਂ ਨਾਲ ਝਗੜਾ ਹੋ ਗਿਆ। ਮਾਮੂਲੀ ਬਹਿਸ ਮਗਰੋਂ ਮਾਮਲਾ ਭਖਿਆ ਅਤੇ ਦੋਨਾਂ ਪੱਖਾਂ ਦੇ ਮੈਂਬਰਾਂ ਨੇ ਇੱਕ ਦੂਜੇ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ।

    ਇਸ ਝਗੜੇ ਦੌਰਾਨ ਇਕ ਗੁੱਟ ਨੇ ਦੂਜੇ ਕਾਰ ਸਵਾਰਾਂ ਦੇ ਇਕ ਵਿਅਕਤੀ ਨੂੰ ਇੰਨਾ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ਹੀਦ ਭਗਤ ਸਿੰਘ ਕਲੋਨੀ ਦੇ ਰਹਿਣ ਵਾਲੇ ਬਲਵੀਰ ਚੰਦ (57)ਦੇ ਰੂਪ ਵਿਚ ਹੋਈ ਹੈ। ਇਸ ਮਾਮਲੇ ਵਿਚ ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਕੁੱਟਮਾਰ ਦੇ ਤਿੰਨ ਆਰੋਪੀਆਂ ਸਾਹਿਲ ਦੀਪਾ ਅਤੇ ਵਾਲੀਆ ਦੇ ਖ਼ਿਲਾਫ਼ ਕਤਲ ਦੇ ਦੋਸ਼ਾਂ ਅਧੀਨ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ।

    ਮ੍ਰਿਤਕ ਬਲਵੀਰ ਦੇ ਕਰੀਬੀ ਰਿਸ਼ਤੇਦਾਰ ਰਕੇਸ਼ ਕੁਮਾਰ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਹ ਹੌਜ਼ਰੀ ਕਾਰੋਬਾਰੀ ਹੈ ਅਤੇ ਵਾਰਦਾਤ ਦਾ ਸ਼ਿਕਾਰ ਹੋਇਆ ਬਲਵੀਰ ਚੰਦ ਉਸ ਦਾ ਮਾਸੜ ਲਗਦਾ ਸੀ। ਰਾਕੇਸ਼ ਕੁਮਾਰ ਮੁਤਾਬਕ ਬੁੱਧਵਾਰ ਰਾਤ ਕਰੀਬ ਨੌੰ ਵਜੇ ਉਹ ਆਪਣੇ ਮਾਸੜ ਬਲਬੀਰ ਅਤੇ ਮਾਸੀ ਨਾਲ ਇੱਕ ਕਾਰ ਤੇ ਸਵਾਰ ਹੋ ਕੇ ਹਿਮਾਚਲ ਤੋਂ ਲੁਧਿਆਣਾ ਵਾਪਸ ਆ ਰਹੇ ਸਨ।

    ਇਸ ਦੌਰਾਨ ਜਦ ਉਹ ਕਾਲੀ ਸੜਕ ਤੇ ਪੁੱਜੇ ਤਾਂ ਪਿੱਛੋਂ ਆ ਰਹੇ ਕਾਰ ਚਾਲਕ ਸਾਹਿਲ ਨੇ ਆਪਣੇ ਕਾਰ ਉਨ੍ਹਾਂ ਦੀ ਕਾਰ ਅੱਗੇ ਲਗਾ ਦਿੱਤੀ। ਆਰੋਪੀ ਸਾਹਿਲ ਨੇ ਦਾਅਵਾ ਕੀਤਾ ਕਿ ਸ਼ਿਕਾਇਤਕਰਤਾ ਨੇ ਸਾਹਿਲ ਦੀ ਕਾਰ ਨੂੰ ਪਿੱਛੇ ਆਉਂਦੇ ਹੋਏ ਸਾਈਡ ਮਾਰੀ।

    ਇਸ ਮਾਮਲੇ ਨੂੰ ਲੈ ਕੇ ਦੋਨਾਂ ਪੱਖਾਂ ਵਿੱਚ ਗਾਲੀ ਗਲੋਚ ਸ਼ੁਰੂ ਹੋਇਆ ਅਤੇ ਗੱਲ ਹੱਥੋਪਾਈ ਤੱਕ ਆ ਪੁੱਜੀ। ਜਦ ਉਸ ਦਾ ਮਾਸੜ ਬਲਬੀਰ ਚੰਦ ਕਾਰ ਵਿੱਚੋਂ ਬਾਹਰ ਆਇਆ ਤਾਂ ਆਰੋਪੀਆਂ ਨੇ ਉਸ ਬਜ਼ੁਰਗ ਉੱਪਰ ਵੀ ਹਮਲਾ ਕਰ ਦਿੱਤਾ। ਮਾਮਲਾ ਵਧਦਾ ਵੇਖ ਉਨ੍ਹਾਂ ਕੰਟਰੋਲ ਰੂਮ ਤੇ ਫ਼ੋਨ ਕੀਤਾ ਅਤੇ ਪੀਸੀਆਰ ਦਸਤੇ ਨੇ ਮੌਕੇ ਤੇ ਪੁੱਜ ਕੇ ਦੋਵਾਂ ਗੁੱਟਾਂ ਨੂੰ ਸ਼ਾਂਤ ਕਰਵਾਉਂਦੇ ਹੋਏ ਆਪਣੀਆਂ ਸ਼ਿਕਾਇਤਾਂ ਥਾਣੇ ਜਾ ਕੇ ਦੇਣ ਲਈ ਕਿਹਾ। ਰਾਕੇਸ਼ ਕੁਮਾਰ ਮੁਤਾਬਕ ਥਾਣੇ ਵਿਚ ਸ਼ਿਕਾਇਤ ਦੇਣ ਤੋਂ ਬਾਅਦ ਜਦ ਉਹ ਬਾਹਰ ਨਿਕਲੇ ਤਾਂ ਆਰੋਪੀ ਸਾਹਲ ਦੀਪਾ ਅਤੇ ਵਾਲੀਆ ਆਪਣੇ ਸਾਥੀਆਂ ਸਣੇ ਬਾਹਰ ਖੜ੍ਹੇ ਸਨ।

    ਉਨ੍ਹਾਂ ਨੇ ਬਲਬੀਰ ਚੰਦ ਦੇ ਬਾਹਰ ਨਿਕਲਦੇ ਹੀ ਕੁੱਟਮਾਰ ਸ਼ੁਰੂ ਕਰ ਦਿੱਤੀ ਜਿਸ ਕਾਰਨ ਬਜ਼ੁਰਗ ਬਲਬੀਰ ਮੌਕੇ ਤੇ ਹੀ ਬੇਹੋਸ਼ ਹੋ ਕੇ ਡਿੱਗ ਪਿਆ। ਰਾਹਗੀਰਾਂ ਦੀ ਮਦਦ ਨਾਲ ਬਲਬੀਰ ਨੂੰ ਸੀਐਮਸੀ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਉਕਤ ਮਾਮਲੇ ਵਿਚ ਪੀੜਤ ਪਰਿਵਾਰ ਦੇ ਬਿਆਨਾਂ ਉਪਰ ਪੁਲੀਸ ਨੇ ਪਰਚਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

    LEAVE A REPLY

    Please enter your comment!
    Please enter your name here