ਬੈਂਕ ਵਿੱਚ ਲੱਗੀ ਅੱਗ : ਰਿਕਾਰਡ ਸੜ ਕੇ ਹੋਇਆ ਸੁਆਹ !

    0
    144

    ਬਠਿੰਡਾ, ਜਨਗਾਥਾ ਟਾਇਮਜ਼ : (ਸਿਮਰਨ)

    ਬਠਿੰਡਾ : ਬਠਿੰਡਾ ਦੇ ਸਿੰਡੀਕੇਟ ਬੈਂਕ ’ਚ ਅੱਜ ਅੱਗ ਲੱਗਣ ਨਾਲ ਕੀਮਤੀ ਰਿਕਾਰਡ ਸੁਆਹ ਹੋ ਗਿਆ। ਇੱਥੋਂ ਦੇ ਹਨੂੰਮਾਨ ਚੌਂਕ ਸਥਿਤ ਬੈਂਕ ਦੀ ਬਰਾਂਚ ’ਚ ਅਗਜ਼ਨੀ ਦੀ ਘਟਨਾ ਵਾਪਰੀ, ਜਿਸ ਵਿਚ ਹੋਰ ਵੀ ਕਾਫ਼ੀ ਸਾਜੋ-ਸਾਮਾਨ ਲਪੇਟ ਵਿੱਚ ਆ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ ਜਿਸ ਨਾਲ ਬੈਂਕਿੰਗ ਰਿਕਾਰਡ ਸੜ ਕੇ ਰਾਖ ਹੋ ਗਿਆ ਪਰ ਸਟਰਾਂਗ ਰੂਮ ਵਾਲੇ ਪਾਸੇ ਬਚਾਅ ਰਿਹਾ। ਸੂਚਨਾ ਮਿਲਦਿਆਂ ਹੀ ਫਾਇਰ ਅਫਸਰ ਗੁਰਿੰਦਰ ਸਿੰਘ ਦੀ ਅਗਵਾਈ ਹੇਠ ਤਿੰਨ ਗੱਡੀਆਂ ਅਤੇ ਫਾਇਰ ਟੈਂਡਰ ਮੌਕੇ ਤੇ ਪੁੱਜੇ ਅਤੇ ਅੱਗ ਤੇ ਕਾਬੂ ਪਾਉਣ ਦੇ ਯਤਨ ਸ਼ੁਰੂ ਕੀਤੇ। ਇਸ ਘਟਨਾ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪ੍ਰੰਤੂ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਕਾਮਿਆਂ ਨੂੰ ਕਾਫ਼ੀ ਜੱਦੋ-ਜਹਿਦ ਕਰਨੀ ਪਈ। ਇਸ ਮੌਕੇ ਡੇਰਾ ਪ੍ਰੇਮੀਆਂ ਨੇ ਵੀ ਅੱਗ ਬੁਝਾਉਣ ’ਚ ਸਹਾਇਤਾ ਕੀਤੀ ਜਿਸ ਨਾਲ ਫਾਇਰ ਟੈਂਡਰਾਂ ਦਾ ਕੰਮ ਸੁਖਾਲਾ ਹੋ ਗਿਆ।

    ਅੱਗ ਲੱਗਣ ਦਾ ਸਵੇਰੇ ਕਰੀਬ ਸਾਢੇ ਪੰਜ ਵਜੇ ਪਤਾ ਲੱਗਾ ਜਦੋਂ ਬੈਂਕ ਮੈਨੇਜਰ ਨੂੰ ਉਸ ਦੇ ਗੁਆਂਢੀ ਨੇ ਇਸ ਬਾਰੇ ਜਾਣਕਾਰੀ ਦਿੱਤੀ। ਬੈਂਕ ਮੈਨੇਜਰ ਗਜਾਨੰਦ ਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ, ਜਿਨਾਂ ਬਚਾਅ ਕਾਰਜਾਂ ਦੀ ਦੇਖ ਰੇਖ ਕੀਤੀ। ਫਾਇਰ ਬ੍ਰਿਗੇਡ ਨੇ ਅੰਦਰਲੀ ਅੱਗ ਨੂੰ ਤਾਂ ਥੋੜੇ ਅਰਸੇ ਵਿਚ ਕਾਬੂ ਕਰ ਲਿਆ ਸੀ ਪਰ ਮੁਕੰਮਲ ਕੰਟਰੋਲ ਕਰਨ ਲਈ ਕਰੀਬ ਦੋ ਘੰਟਿਆਂ ਦਾ ਵਕਤ ਲੱਗਿਆ। ਫਾਇਰ ਅਫ਼ਸਰ ਗੁਰਿੰਦਰ ਸਿੰਘ ਦਾ ਕਹਿਣਾ ਸੀ ਕਿ ਦੋ ਗੱਡੀਆਂ ਅਤੇ ਫਾਇਰ ਟੈਂਡਰਾਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ ਹੈ। ਉਨ੍ਹਾਂ ਨੇ ਦੱਸਿਆ ਕਿ ਦੇਖਦਿਆਂ ਹੀ ਦੇਖਦਿਆਂ ਬੈਂਕ ਦਾ ਰਿਕਾਰਡ, ਕੰਪਿਊਟਰ ਅਤੇ ਫਰਨੀਚਰ ਆਦਿ ਸੜ ਕੇ ਸੁਆਹ ਹੋ ਗਿਆ। ਪਤਾ ਲੱਗਿਆ ਹੈ ਕਿ ਕੁੱਝ ਅੱਧ ਸੜਿਆ ਸਾਜੋ-ਸਾਮਾਨ ਵੀ ਪਾਣੀਆਂ ਦੀਆਂ ਫੁਹਾਰਾਂ ਨਾਲ ਪੂਰੀ ਤਰਾਂ ਨਸ਼ਟ ਹੋਇਆ ਹੈ।

    ਅਧਿਕਾਰੀਆਂ ਨੇ ਕਿਹਾ ਕਿ ਹਾਲੇ ਪੜਤਾਲ ਕੀਤੀ ਜਾਵੇਗੀ, ਉਸ ਮਗਰੋਂ ਹੀ ਨੁਕਸਾਨ ਬਾਰੇ ਸਹੀ ਦੱਸਿਆ ਜਾ ਸਕੇਗਾ। ਉਨ੍ਹਾਂ ਨੇ ਇਸ ਗੱਲੋਂ ਰਾਹਤ ਮਹਿਸੂਸ ਕੀਤੀ ਕਿ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਦੱਸਦੇ ਹਨ ਕਿ ਇਹ ਵੀ ਜਾਂਚ ਹੋਵੇਗੀ ਕਿ ਇਹ ਕਿਸੇ ਦੀ ਸ਼ਰਾਰਤ ਤਾਂ ਨਹੀਂ।

    LEAVE A REPLY

    Please enter your comment!
    Please enter your name here