ਪੰਜਾਬ ’ਚ ਮੋਬਾਈਲ ਟਾਵਰ ਤੋੜਨ ’ਤੇ ਰਾਜਪਾਲ ਦੀ ਸਖ਼ਤੀ, ਮੁੱਖ ਸਕੱਤਰ ਤੇ ਡੀਜੀਪੀ ਤਲਬ

    0
    172

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬ ’ਚ ਰਿਲਾਇੰਸ ਜੀਓ ਮੋਬਾਈਲ ਫ਼ੋਨਾਂ ਦੇ ਟਾਵਰ ਤੋੜਨ ਦੇ ਮਾਮਲੇ ’ਚ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਮੁੱਖ ਸਕੱਤਰ ਵਿੰਨੀ ਮਹਾਜਨ ਤੇ ਡੀਜੀਪੀ ਦਿਨਕਰ ਗੁਪਤਾ ਨੂੰ ਰਾਜ ਭਵਨ ’ਚ ਤਲਬ ਕਰ ਕੇ ਇਸ ਮਾਮਲੇ ’ਚ ਰਿਪੋਰਟ ਵੀ ਮੰਗੀ ਹੈ। ਟਾਵਰ ਤੋੜਨ ਦੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਰਾਜਪਾਲ ਨੇ ਸੂਬਾ ਸਰਕਾਰ ਤੋਂ ਵੀ ਰਿਪੋਰਟ ਤਲਬ ਕੀਤੀ ਹੈ। ਸਮੁੱਚੇ ਪੰਜਾਬ ’ਚ ਹੁਣ ਤੱਕ 1,600 ਤੋਂ ਵੀ ਵੱਧ ਥਾਵਾਂ ਉੱਤੇ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਅਜਿਹੀ ਕਾਰਵਾਈ ਰੋਕਣ ’ਚ ਸੁਰੱਖਿਆ ਮੁਹੱਈਆ ਕਰਵਾਉਣ ਵਾਲੀਆਂ ਏਜੰਸੀਆਂ ਨਾਕਾਮ ਰਹੀਆਂ ਹਨ।

    ਰਾਜਪਾਲ ਨੇ ਕਿਹਾ ਕਿ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਾਏ ਜਾਣ ਨਾਲ ਰੋਜ਼ਮਰ੍ਹਾ ਦੀਆਂ ਸੇਵਾਵਾਂ ’ਚ ਵਿਘਨ ਪੈ ਰਿਹਾ ਹੈ। ਸੰਚਾਰ ਸਾਧਨਾਂ ਦੇ ਰੁਕਣ ਨਾਲ ਸਿੱਖਿਆ ਖੇਤਰ ’ਤੇ ਵੀ ਇਸ ਦਾ ਅਸਰ ਪੈ ਰਿਹਾ ਹੈ ਕਿਉਂਕਿ ਇਨ੍ਹੀਂ ਦਿਨੀਂ ਆਨਲਾਈਨ ਕਲਾਸਾਂ ਚੱਲ ਰਹੀਆਂ ਹਨ।

    ਉੱਧਰ ਰਿਲਾਇੰਸ ਜੀਓ ਇਨਫ਼ੋਕਾਮ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਡੀਜੀਪੀ ਦਿਨਕਰ ਗੁਪਤਾ ਨੂੰ ਚਿੱਠੀ ਲਿਖ ਕੇ ਕੰਪਨੀ ਦੇ ਨੈੱਟਵਰਕ ਨੂੰ ਨੁਕਸਾਨ ਪਹੁੰਚਾਉਣ ਵਾਲੇ ਲੋਕਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਚਿੱਠੀ ਵਿੱਚ ਦੋਸ਼ ਲਾਇਆ ਗਿਆ ਹੈ ਕਿ ਪੁਲਿਸ ਵੱਲੋਂ ਟਾਵਰਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਮੁਲਜ਼ਮਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਨਾ ਹੀ ਕੇਸ ਦਰਜ ਕੀਤਾ ਜਾ ਰਿਹਾ ਹੈ। ਇੰਝ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਹੱਲਾਸ਼ੇਰੀ ਮਿਲ ਰਹੀ ਹੈ।

    ਕੰਪਨੀ ਨੇ ਡੀਜੀਪੀ ਤੋਂ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਉਣ ਤੋਂ ਇਲਾਵਾ ਕੰਪਨੀ ਦੇ ਮੁਲਾਜ਼ਮਾਂ ਨੂੰ ਕੰਮ ਵੀ ਨਹੀਂ ਕਰਨ ਦਿੱਤਾ ਜਾ ਰਿਹਾ। ਟੈਲੀਕਾਮ ਸੇਵਾਵਾਂ ਇਸ ਵੇਲੇ ਜ਼ਰੂਰੀ ਸੇਵਾਵਾਂ ’ਚ ਸ਼ਾਮਲ ਹਨ। ਕੰਪਨੀ ਵਿਰੁੱਧ ਸਤੰਬਰ ਮਹੀਨੇ ਤੋਂ ਹੀ ਇੱਕ ਮੁਹਿੰਮ ਚਲਾਈ ਜਾ ਰਹੀ ਹੈ।

    LEAVE A REPLY

    Please enter your comment!
    Please enter your name here