ਨਿਹੰਗ ਸਿੰਘਾਂ ਵੱਲੋਂ ਪੁਲਿਸ ਮੁਲਾਜ਼ਮਾਂ ‘ਤੇ ਕਿਰਪਾਨਾਂ ਨਾਲ ਹਮਲਾ !

    0
    129

    ਪਟਿਆਲਾ, ਜਨਗਾਥਾ ਟਾਇਮਜ਼ : (ਸਿਮਰਨ)

    ਪਟਿਆਲਾ : ਪਟਿਆਲਾ ਨੇੜਲੇ ਸਨੌਰ ਦੀ ਸਬਜ਼ੀ ਮੰਡੀ ਵਿਖੇ ਅੱਜ ਸਵੇਰੇ ਨਿਹੰਗ ਸਿੰਘਾਂ ਤੇ ਪੁਲਿਸ ਵਿਚਾਲੇ ਹੋਏ ਖੂਨੀ ਟਕਰਾਅ ਵਿੱਚ ਨਿਹੰਗਾਂ ਨੇ ਪੰਜਾਬ ਪੁਲਿਸ ਦੇ ਇੱਕ ਏ.ਐੱਸ.ਆਈ. ਦਾ ਗੁੱਟ ਵੱਢ ਦਿੱਤਾ ਹੈ। ਜਾਣਕਾਰੀ ਮੁਤਾਬਿਕ ਟਕਰਾਅ ਦਾ ਕਾਰਨ ਨਿਹੰਗ ਸਿੰਘਾਂ ਦੇ ਜੱਥੇ ਦਾ ਬਿਨ੍ਹਾਂ ਪਾਸ ਦੇ ਸਬਜ਼ੀ ਮੰਡੀ ਵਿੱਚ ਦਾਖਲ ਹੋਣ ‘ਤੇ ਪੁਲਿਸ ਮੁਲਜ਼ਾਮਾਂ ਵੱਲੋਂ ਜਤਾਏ ਇਤਰਾਜ਼ ਨੂੰ ਦੱਸਿਆ ਗਿਆ ਹੈ। ਨਿਹੰਗਾਂ ਵੱਲੋਂ ਕੀਤੇ ਹਮਲੇ ‘ਚ ਪੁਲਿਸ ਦੇ ਏ.ਐੱਸ.ਆਈ. ਦਾ ਗੁੱਟ ਵੱਢਣ ਤੋਂ ਇਲਾਵਾ ਅਨੇਕਾਂ ਹੋਰ ਪੁਲਿਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਘਟਨਾ ਤੋਂ ਬਾਅਦ ਨਿਹੰਗ ਮੌਕੇ ਤੋਂ ਫ਼ਰਾਰ ਹੋਣ ਹੋ ਗਏ।

    ਇਸ ਘਟਨਾ ਬਾਰੇ ਦੱਸਦੇ ਹੋਏ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਤਕਰੀਬਨ ਸਵੇਰੇ 6 ਵਜੇ ਚਾਰ ਨਿਹੰਗ ਸਿੰਘ ਗੱਡੀ ਵਿੱਚ ਆਏ। ਜਦੋਂ ਪੁਲਿਸ ਮੁਲਾਜ਼ਮ ਨੇ ਉਨ੍ਹਾਂ ਨੂੰ ਰੋਕ ਕੇ ਪਾਸ ਹੋਣ ਬਾਰੇ ਪੁੱਛਿਆ ਤਾਂ ਨਿਹੰਗ ਭੜਕ ਉੱਠੇ ਅਤੇ ਗੱਡੀ ਬੈਰੀਕੇਡ ਤੋਂ ਗੱਡੀ ਭਜਾ ਕੇ ਮੰਡੀ ਦੇ ਬੋਰਡ ਵਿੱਚ ਮਾਰੀ। ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਮੁਲਾਜ਼ਮਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨਿਹੰਗਾਂ ਨੇ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ,ਜਿਸ ‘ਚ ਐੱਸ.ਐੱਚ .ਓ. ਸਦਰ ਪਟਿਆਲਾ ਦੀ ਕੂਹਣੀ ‘ਤੇ ਸੱਟ ਵੱਜੀ, ਤੇ ਇੱਕ ਹੋਰ ਮੁਲਾਜ਼ਮ ਜ਼ਖ਼ਮੀ ਹੋ ਗਿਆ। ਉਹਨਾਂ ਦੱਸਿਆ ਕਿ ਨਿਹੰਗ ਸਿੰਘਾਂ ਵੱਲੋਂ ਕਿਰਪਾਨ ਨਾਲ ਕੀਤੇ ਜਾਨਲੇਵਾ ਹਮਲੇ ‘ਚ ਇੱਕ ਏ.ਐੱਸ.ਆਈ. ਦਾ ਗੁੱਟ ਵੱਢਿਆ ਗਿਆ।

    ਉਹਨਾਂ ਅੱਗੇ ਦੱਸਿਆ ਕਿ ਉਕਤ ਏ.ਐੱਸ.ਆਈ. ਨੂੰ ਪਹਿਲਾਂ ਪਟਿਆਲਾ ਵਿਖੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਸੀ, ਤੇ ਬਾਅਦ ਵਿੱਚ ਪੀ.ਜੀ.ਆਈ. ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ। ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਦੱਸਿਆ ਕਿ ਇਸ ਗੰਭੀਰ ਮਾਮਲੇ ਬਾਰੇ ਉਨ੍ਹਾਂ ਪੁਲਿਸ ਵਿਭਾਗ ਦੇ ਉੱਚ-ਅਧਿਕਾਰੀਆਂ ਨਾਲ ਤਾਲਮੇਲ ਹੋ ਗਿਆ ਹੈ ਅਤੇ ਉੱਚ-ਅਧਿਕਾਰੀ ਲਗਾਤਾਰ ਪੀ.ਜੀ.ਆਈ. ਦੇ ਅਧਿਕਾਰੀਆਂ ਨਾਲ ਸੰਪਰਕ ਵਿੱਚ ਹਨ ਤਾਂ ਕਿ ਨਿਹੰਗਾਂ ਦੇ ਗੰਭੀਰ ਹਮਲੇ ਦਾ ਸ਼ਿਕਾਰ ਹੋਏ ਏ.ਐੱਸ.ਆਈ. ਦਾ ਸਹੀ ਤੋਂ ਸਹੀ ਇਲਾਜ ਹੋ ਸਕੇ।

    ਐਸ.ਐਸ.ਪੀ. ਨੇ ਇਹ ਵੀ ਦੱਸਿਆ ਕਿ ਨਿਹੰਗਾਂ ਦੀ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਵੀ ਬਹਿਸ ਹੋਈ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਬਿਨਾਂ ਲਾਈਨ ਵਿੱਚ ਖੜ੍ਹੇ ਅਤੇ ਦੂਰੀ ਬਣਾਏ ਰੱਖਣ ਦੀ ਗੱਲ ਕਹੀ ਸੀ।ਉਹਨਾਂ ਦੱਸਿਆ ਕਿ ਇਨ੍ਹਾਂ ਨਿਹੰਗਾਂ ਦੀ ਪਛਾਣ ਕਰ ਲਈ ਗਈ ਹੈ, ਅਤੇ ਇਨ੍ਹਾਂ ਨੇ ਬਲਬੇੜਾ ਨੇੜੇ ਗੁਰਦੁਆਰਾ ਖਿਚੜੀ ਸਾਹਿਬ ਬਣਾਇਆ ਹੋਇਆ ਹੈ। ਉਹਨਾਂ ਭਰੋਸਾ ਦਿੱਤਾ ਕਿ ਇਸ ਮਾਮਲੇ ਦੇ ਸਾਰੇ ਦੋਸ਼ੀ ਨਿਹੰਗਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ ਤੇ ਲੋੜੀਂਦੀਆਂ ਧਾਰਾਵਾਂ ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

    LEAVE A REPLY

    Please enter your comment!
    Please enter your name here