ਨਵਜੋਤ ਸਿੰਘ ਮਾਹਲ ਨੇ ਐੱਸ.ਐੱਸ.ਪੀ. ਹੁਸ਼ਿਆਰਪੁਰ ਵਜੋਂ ਸੰਭਾਲਿਆ ਅਹੁਦਾ:

    0
    145

    ਹੁਸ਼ਿਆਰਪੁਰ, ਜਨਗਾਥਾ ਟਾਇਮਸ: (ਸਿਮਰਨ)

    ਹੁਸ਼ਿਆਰਪੁਰ : ਪੰਜਾਬ ਪੁਲਿਸ ਸਰਵਿਸ ਅਧਿਕਾਰੀ ਨਵਜੋਤ ਸਿੰਘ ਮਾਹਲ ਨੇ ਸੀਨੀਅਰ ਪੁਲਿਸ ਕਪਤਾਨ (ਐੱਸ.ਐੱਸ.ਪੀ.) ਹੁਸ਼ਿਆਰਪੁਰ ਵਜੋਂ ਅੱਜ ਇਥੇ ਅਹੁਦਾ ਸੰਭਾਲਦਿਆਂ ਕਿਹਾ ਕਿ ਨਸ਼ਿਆਂ ਅਤੇ ਰੇਤ ਮਾਫੀਏ ਨੂੰ ਪੂਰੀ ਸਖ਼ਤੀ ਨਾਲ ਨਜਿੱਠੇਆ ਜਾਵੇਗਾ ਅਤੇ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਵਿਵਸਥਾ ਨੂੰ ਹੋਰ ਵੀ ਅਸਰਦਾਰ ਢੰਗ ਨਾਲ ਬਰਕਰਾਰ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸਮਾਜ ਵਿਰੋਧੀ ਸਰਗਰਮੀਆਂ ਅਤੇ ਅਨਸਰਾਂ ਨੂੰ ਕਿਸੇ ਵੀ ਕੀਮਤ ’ਤੇ ਪਨਪਣ ਨਹੀਂ ਦਿੱਤਾ ਜਾਵੇਗਾ। ਐੱਸ.ਐੱਸ.ਪੀ. ਵਜੋਂ ਤੀਜੀ ਥਾਂ ਸੇਵਾਵਾਂ ਦੇਣ ਵਾਲੇ ਨਵਜੋਤ ਸਿੰਘ ਮਾਹਲ ਇਸ ਤੋਂ ਪਹਿਲਾਂ ਐੱਸ.ਐੱਸ.ਪੀ. ਜਲੰਧਰ ਦਿਹਾਤੀ ਸਨ ਅਤੇ ਉਸ ਤੋਂ ਪਹਿਲਾਂ ਐੱਸ.ਐੱਸ.ਪੀ. ਖੰਨਾ ਰਹਿ ਚੁੱਕੇ ਹਨ।

    ਅਹੁਦਾ ਸੰਭਾਲਣ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਨੇ ਲੋਕਾਂ ਤੋਂ ਮੁਕੰਮਲ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਜ਼ੁਰਮ ਅਤੇ ਗ਼ੈਰ ਸਮਾਜੀ ਅਨਸਰਾਂ ਨੂੰ ਬਾਖ਼ੂਬੀ ਨਜਿੱਠਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਅਤੇ ਤਾਲਮੇਲ ਰਾਹੀਂ ਪੁਲਿਸ ਅਤੇ ਪਬਲਿਕ ਦੇ ਆਪਸੀ ਸਬੰਧ ਹੋਰ ਮਜ਼ਬੂਤ ਹੋਣਗੇ, ਜਿਸ ਨਾਲ ਗ਼ੈਰ-ਕਾਨੂੰਨੀ ਸਰਗਰਮੀਆਂ ਹੋਰ ਵੀ ਅਸਰਦਾਸ ਢੰਗ ਨਾਲ ਠੱਲ੍ਹੀਆਂ ਜਾ ਸਕਣਗੀਆਂ।

    ਆਪਣੀਆਂ ਤਰਜੀਹਾਂ ਬਾਰੇ ਗੱਲ ਕਰਦਿਆਂ ਮਾਹਲ ਨੇ ਦੱਸਿਆ ਕਿ ਲੋਕ ਸ਼ਿਕਾਇਤਾਂ ਅਤੇ ਸਮੱਸਿਆਵਾਂ ਦਾ ਤੁਰੰਤ ਹੱਲ ਯਕੀਨੀ ਬਣਾਉਣ ਅਤੇ ਪੀੜਤ ਧਿਰਾਂ ਨੂੰ ਬਿਨਾਂ ਕਿਸੇ ਦੇਰੀ ਨਿਆਂ ਦਿਵਾਉਣਾ ਵੀ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ। ਪੁਲਿਸ ਪਬਲਿਕ ਸੰਬੰਧਾਂ ਦੀ ਮਜ਼ਬੂਤੀ ਦੇ ਨਾਲ-ਨਾਲ, ਕੋਵਿਡ-19 ਮਹਾਂਮਾਰੀ ਵਿੱਚ ਹਰ ਫਰੰਟ ’ਤੇ ਜੀਅ-ਜਾਨ ਨਾਲ ਡਿਊਟੀ ਕਰਦੇ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੀ ਭਲਾਈ ਵੱਲ ਵੀ ਵਿਸ਼ੇਸ਼ ਤਵੱਜੋਂ ਦੇਣੀ ਤਰਜੀਹੀ ਕਾਰਜ ਹੋਵੇਗਾ ਤਾਂ ਜੋ ਉਨ੍ਹਾਂ ਦਾ ਮਨੋਬਲ ਹੋਰ ਮਜ਼ਬੂਤ ਹੋ ਸਕੇ। ਮਾਹਲ ਨੇ ਕਿਹਾ ਕਿ ਪੁਲਿਸ ਥਾਣਿਆਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਉਨ੍ਹਾਂ ਵਲੋਂ ਖ਼ੁਦ ਕੀਤੀ ਜਾਵੇਗੀ ਤਾਂ ਜੋ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਤੇਜੀ ਅਤੇ ਸੁਚੱਜੇ ਢੰਗ ਨਾਲ ਅਮਲ ਵਿੱਚ ਲਿਆਂਦਾ ਜਾਵੇ। ਕੋਰੋਨਾ ਮਹਾਂਮਾਰੀ ਦੌਰਾਨ ਸ਼ਿਕਾਇਤਾਂ ਦੇਣ ਵਿੱਚ ਲੋਕਾਂ ਦੀਆਂ ਦਿੱਕਤਾਂ ਦੇ ਮੱਦੇਨਜ਼ਰ, ਐੱਸ.ਐੱਸ.ਪੀ. ਨੇ ਕਿਹਾ ਕਿ ਇਸ ਸੰਬੰਧੀ ਜ਼ਿਲ੍ਹਾ ਪੁਲਿਸ ਵਲੋਂ ਕੋਵਿਡ ਦੀਆਂ ਬੰਦਿਸ਼ਾਂ ਦੌਰਾਨ ਤਕਨਾਲੋਜੀ ਦਾ ਵੀ ਲਾਹਾ ਲਿਆ ਜਾਵੇਗਾ, ਤਾਂ ਜੋ ਲੋਕਾਂ ਨੂੰ ਸ਼ਿਕਾਇਤਾਂ ਦੇਣ ਵਿੱਚ ਹੋਰ ਸੌਖ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਸਮੇਂ ਸਿਰ ਯਕੀਨੀ ਬਣਾਇਆ ਜਾਵੇਗਾ।

    ਅਮਨ-ਕਾਨੂੰਨ ਵਿਵਸਥਾ ਸੰਬੰਧੀ ਐੱਸ.ਐੱਸ.ਪੀ. ਨੇ ਕਿਹਾ ਕਿ ਜ਼ੁਰਮਾਂ ਦੀ ਰੋਕਥਾਮ ਦੇ ਨਾਲ-ਨਾਲ ਅਮਨ-ਕਾਨੂੰਨ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਪੁਲਿਸ ਦੀ ਗਸ਼ਤ ਨੂੰ ਹੋਰ ਵਧਾਇਆ ਜਾਵੇਗਾ ਅਤੇ ਪੇਂਡੂ ਤੇ ਕੰਢੀ ਖੇਤਰਾਂ ਵਿੱਚ ਪੁਲਿਸ ਹੋਰ ਵੀ ਮੁਸਤੈਦੀ ਨਾਲ ਜ਼ੁਰਮਾਂ ਨੂੰ ਰੋਕੇਗੀ। ਸਮਾਜ ਵਿਰੋਧੀ ਅਨਸਰਾਂ ਨੂੰ ਤਾੜਦਿਆਂ, ਮਾਹਲ ਨੇ ਕਿਹਾ ਕਿ ਗ਼ੈਰ-ਕਾਨੂੰਨੀ ਸਰਗਰਮੀਆਂ ਨੂੰ ਸਖ਼ਤੀ ਨਾਲ ਰੋਕਣ ਦੇ ਨਾਲ-ਨਾਲ ਅਜਿਹੇ ਅਨਸਰਾਂ ਵਿਰੁੱਧ ਹਰ ਸੰਭਵ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

    ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਪੁਲਿਸ ਮੈਡਲ ਪ੍ਰਾਪਤ ਨਵਜੋਤ ਸਿੰਘ ਮਾਹਲ ਆਪਣੀਆਂ ਸ਼ਾਨਦਾਰ ਅਤੇ ਮਿਸਾਲੀਆ ਸੇਵਾਵਾਂ ਲਈ ਮੁੱਖ ਮੰਤਰੀ ਮੈਡਲ, ਡੀ.ਜੀ.ਪੀ. ਕਮੈਂਡੇਸ਼ਨ ਡਿਸਕਾਂ ਨਾਲ ਵੀ ਸਨਮਾਨੇ ਜਾ ਚੁੱਕੇ ਹਨ। ਐੱਸ.ਐੱਸ.ਪੀ. ਦਫ਼ਤਰ ਵਿਖੇ ਪਹੁੰਚਣ ’ਤੇ ਮਾਹਲ ਦਾ ਐੱਸ.ਪੀ. (ਹੈਡਕੁਆਟਰ) ਪਰਮਿੰਦਰ ਸਿੰਘ ਹੀਰ ਅਤੇ ਹੋਰ ਪੁਲਿਸ ਅਧਿਕਾਰੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ।

    LEAVE A REPLY

    Please enter your comment!
    Please enter your name here