ਨਵਜੋਤ ਕੌਰ ਸਿੱਧੂ ਨੇ ਲਿਆ ਅਹਿਮ ਫ਼ੈਸਲਾ

    0
    131

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਦੇਸ਼ ਭਰ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇਸੇ ਨੂੰ ਵੇਖਦੇ ਕਾਂਗਰਸ ਆਗੂ, ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਵੱਡਾ ਫ਼ੈਸਲਾ ਲਿਆ ਹੈ। ਉਨ੍ਹਾਂ ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਡਾਕਟਰ ਵਜੋਂ ਸੇਵਾਵਾਂ ਨਿਭਾਉਣ ਦੀ ਪੇਸ਼ਕਸ਼ ਪੰਜਾਬ ਸਰਕਾਰ ਨੂੰ ਕੀਤੀ ਹੈ। ਡਾ. ਸਿੱਧੂ ਸਿਹਤ ਵਿਭਾਗ ਵਿੱਚ ਬਤੌਰ ਡਾਕਟਰ ਤਾਇਨਾਤ ਸਨ ਅਤੇ ਜਿਨ੍ਹਾਂ ਨੇ ਭਾਜਪਾ ਟਿਕਟ ’ਤੇ ਅੰਮ੍ਰਿਤਸਰ ਤੋਂ ਵਿਧਾਨ ਸਭਾ ਚੋਣ ਲੜਨ ਲਈ ਨੌਕਰੀ ਤੋਂ ਸਵੈਇੱਛਕ ਸੇਵਾਮੁਕਤੀ ਲੈ ਲਈ ਸੀ। ਵਿਧਾਇਕ ਚੁਣੇ ਜਾਣ ਮਗਰੋਂ ਉਹ ਪੰਜਾਬ ਸਰਕਾਰ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮਹਿਕਮੇ ਦੇ ਮੁੱਖ ਪਾਰਲੀਮਾਨੀ ਸਕੱਤਰ ਵੀ ਰਹੇ ਸਨ। ਹੁਣ ਇਨ੍ਹਾਂ ਕਠਿਨ ਸਮਿਆਂ ਦੌਰਾਨ ਲੋਕਾਂ ਦੀ ਸੇਵਾ ਲਈ ਅੱਗੇ ਆਉਣ ਦੀ ਇੱਛਾ ਜ਼ਾਹਿਰ ਕਰਦਿਆਂ ਡਾ. ਸਿੱਧੂ ਨੇ ਇਕ ਪੱਤਰ ਪੰਜਾਬ ਦੇ ਪ੍ਰਿੰਸੀਪਲ ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ ਨੂੰ ਲੰਘੀ 3 ਮਈ ਲਿਖ਼ਿਆ ਹੈ।

    ਸਿੱਧੂ ਨੇ ਆਪਣੇ ਪੱਤਰ ਵਿੱਚ ਆਪਣੇ ਡਾਕਟਰ ਹੋਣ ਅਤੇ ਸਰਕਾਰ ਕੋਲ ਨੌਕਰੀ ਕੀਤੇ ਹੋਣ ਦਾ ਹਵਾਲਾ ਦਿੰਦਿਆਂ ਉਹਨਾਂ ਨੇ ਕਿਹਾ ਹੈ ਕਿ 2012 ਵਿੱਚ ਉਨ੍ਹਾਂ ਨੇ ਚੋਣ ਲੜਨ ਲਈ ਸਵੈਇੱਛਕ ਸੇਵਾਮੁਕਤੀ ਲੈ ਲਈ ਸੀ ਪਰ ਹੁਣ ਕੋਵਿਡ ਕਾਰਨ ਬਣੇ ਤਾਜ਼ਾ ਹਾਲਾਤ ਨੂੰ ਵੇਖ਼ਦਿਆਂ ਉਹ ਮੁੜ ਡਾਕਟਰ ਵਜੋਂ ਆਪਣੇ ਸੂਬੇ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ। ਉਹਨਾਂ ਨੇ ਲਿਖ਼ਿਆ ਹੈ ਕਿ ਇੰਝ ਘਰ ਬਹਿ ਕੇ ਲੋਕਾਂ ਦੇ ਦੁੱਖ-ਤਕਲੀਫ਼ ਨੂੰ ਵੇਖ਼ਣਾ ਉਨ੍ਹਾਂ ਦੀ ਜ਼ਮੀਰ ਨੂੰ ਝਿੰਜੋੜ ਰਿਹਾ ਹੈ। ਡਾ. ਨਵਜੋਤ ਕੌਰ ਸਿੱਧੂ ਨੇ ਆਪਣੇ ਪੱਤਰ ਵਿੱਚ ਲਿਖ਼ਿਆ ਹੈ ਕਿ ਉਹ ਪਟਿਆਲਾ ਵਿਖ਼ੇ ਰਹਿ ਰਹੇ ਹਨ ਅਤੇ ਚਾਹੁਣਗੇ ਕਿ ਉਹਨਾਂ ਨੂੰ ਕੋਈ ਡਿਊਟੀ ਦੇ ਦਿੱਤੀ ਜਾਵੇ ਤਾਂ ਜੋ ਉਹ ਸੂਬੇ ਦੇ ਲੋਕਾਂ ਦੇ ਕੰਮ ਆ ਸਕਣ। ਸਰਕਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿ ਉਨ੍ਹਾਂ ਕੋਲ ਇਸ ਵੇਲੇ ਕੋਈ ਰਾਜਸੀ ਅਹੁਦਾ ਨਹੀਂ ਹੈ, ਡਾ. ਸਿੱਧੂ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਉਹ ਸਰਕਾਰ ਵੱਲੋਂ ਸੇਵਾ ਨਿਭਾਉਂਦੇ ਹੋਏ, ਕਿਸੇ ਤਰ੍ਹਾਂ ਦੀ ਕੋਈ ਰਾਜਸੀ ਸਰਗਰਮੀ ਵਿੱਚ ਹਿੱਸਾ ਨਹੀਂ ਲੈਣਗੇ। ਇਹ ਭਰੋਸਾ ਪ੍ਰਗਟਾਉਂਦੇ ਹੋਏ ਕਿ ਉਹਨਾਂ ਨੂੰ ਇਹ ਸੇਵਾ ਨਿਭਾਉਣ ਦੀ ਆਗਿਆ ਦਿੱਤੀ ਜਾਵੇਗੀ, ਡਾ. ਸਿੱਧੂ ਨੇ ਪ੍ਰਿੰਸੀਪਲ ਸਕੱਤਰ ਨੂੰ ਇਹ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਕੋਈ ਵੀ ‘ਰੋਲ’ ਅਲਾਟ ਕਰਨ ਲੱਗਿਆਂ ਉਹਨਾਂ ਦੀ ਸੀਨੀਆਰਤਾ ਦਾ ਖ਼ਿਆਲ ਰੱਖ਼ਿਆ ਜਾਵੇ। ਹੁਣ ਵੇਖਦੇ ਹਾਂ ਕਿ ਸਰਕਾਰ ਇਸ ਫ਼ੈਸਲੇ ਤੇ ਕਿ ਫ਼ੈਸਲਾ ਲੈਂਦੀ ਹੈ।

    LEAVE A REPLY

    Please enter your comment!
    Please enter your name here