ਦੋ ਮਹੀਨਿਆਂ ਅੰਦਰ ਬਣਾ ਦਿੱਤੀਆਂ ਜਾਣਗੀਆਂ ਸ਼ਹਿਰ ਦੀਆਂ ਸਾਰੀਆਂ ਸੜਕਾਂ: ਅਰੋੜਾ

    0
    136

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪੁਰ: ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਵਲੋਂ ਸ਼ਹਿਰ ਦੇ ਨਿਰਮਾਣ ਕਾਰਜਾਂ ਦੀ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਹੁਸ਼ਿਆਰਪੁਰ ਦੀਆਂ ਸਾਰੀਆਂ ਸੜਕਾਂ ਦੇ ਨਿਰਮਾਣ ਕਾਰਜਾਂ ਨੂੰ ਪੂਰਾ ਕਰ ਦਿੱਤਾ ਜਾਵੇਗਾ। ਅੱਜ 1 ਕਰੋੜ 35 ਲੱਖ ਰੁਪਏ ਦੀ ਲਾਗਤ ਨਾਲ ਐਸ.ਡੀ.ਐਮ. ਆਫਿਸ ਤੋਂ ਪ੍ਰਭਾਤ ਚੌਕ ਤੱਕ ਬਣਨ ਵਾਲੀ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਦੇ ਹੋਏ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪਿਛਲੇ ਦਿਨਾਂ ਹੋਈ ਬਰਸਾਤ ਕਾਰਨ ਸੜਕ ਨਿਰਮਾਣ ਕੰਮਾਂ ਵਿੱਚ ਦੇਰੀ ਹੋਈ ਸੀ, ਹੁਣ ਮੌਸਮ ਠੀਕ ਹੋਣ ਤੋਂ ਬਾਅਦ ਸੜਕ ਨਿਰਮਾਣ ਕਾਰਜ ਪਹਿਲ ਦੇ ਆਧਾਰ ‘ਤੇ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਦੋ ਮਹੀਨਿਆਂ ਦੇ ਅੰਦਰ ਸ਼ਹਿਰ ਦੀਆਂ ਸਾਰੀਆਂ ਸੜਕਾਂ ਦਾ ਨਿਰਮਾਣ ਕਾਰਜ ਪੂਰਾ ਕਰ ਲਿਆ ਜਾਵੇਗਾ। ਇਸ ਦੌਰਾਨ ਉਨ੍ਹਾਂ ਨਾਲ ਬੀ.ਸੀ. ਕਮਿਸ਼ਨ ਪੰਜਾਬ ਦੇ ਚੇਅਰਮੈਨ ਸਰਵਨ ਸਿੰਘ ਰਾਮਗੜੀਆ ਤੇ ਇੰਪਰੂਰਵਮੈਂਟ ਟਰੱਸਟ ਹੁਸ਼ਿਆਰਪੁਰ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ ਵੀ ਮੌਜੂਦ ਸਨ।

    ਕੈਬਨਿਟ ਮੰਤਰੀ ਨੇ ਕਿਹਾ ਕਿ ਸੜਕ ਨਿਰਮਾਣ ਨੂੰ ਲੈ ਕੇ ਲੋਕ ਨਿਰਮਾਣ ਵਿਭਾਗ ਨੂੰ ਗੁਣਵੱਤਾ ਪੱਖੋਂ ਕਿਸੇ ਵੀ ਤਰ੍ਹਾਂ ਦੀ ਕਮੀ ਨਾ ਰੱਖਣ ਦੀ ਹਦਾਇਤ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਟੈਂਡਰ ਵਿੱਚ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ ਕਿ ਸੜਕ ਨਿਰਮਾਣ ਤੋਂ ਬਾਅਦ 3 ਤੋਂ 5 ਸਾਲ ਤੱਕ ਰੱਖ-ਰਖਾਵ ਦੀ ਜ਼ਿੰਮੇਵਾਰੀ ਵੀ ਸਬੰਧਤ ਠੇਕੇਦਾਰ ਦੀ ਹੋਵੇਗੀ। ਸ੍ਰੀ ਅਰੋੜਾ ਨੇ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਨਿਰਮਾਣ ਕਾਰਜਾਂ ਵਿੱਚ ਨਾ ਤਾਂ ਦੇਰੀ ਬਰਦਾਸ਼ਤ ਕੀਤੀ ਜਾਵੇਗੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਕੁਤਾਹੀ।

    ਕੈਬਨਿਟ ਮੰਤਰੀ ਅਰੋੜਾ ਨੇ ਕਿਹਾ ਕਿ ਇਸ ਦੇ ਨਾਲ ਹੀ ਸ਼ਹਿਰ ਦੇ ਮੁਹੱਲਾ ਕੱਚਾ ਕੁਆਟਰ ਤੋਂ ਲੈ ਕੇ ਪ੍ਰਭਾਤ ਚੌਕ ਤੱਕ ਪਾਈਪ ਪਾਉਣ ਦੇ ਕੰਮਾਂ ਦੀ ਵੀ ਸ਼ੁਰੂਆਤ ਕਰਵਾ ਦਿੱਤੀ ਗਈ ਹੈ, ਤਾਂ ਕਿ ਬਰਸਾਤ ਦੌਰਾਨ ਇਥੇ ਇਕੱਠੇ ਹੋਣ ਵਾਲੇ ਪਾਣੀ ਦੀ ਸਹੀ ਤਰ੍ਹਾਂ ਨਾਲ ਨਿਕਾਸੀ ਹੋ ਸਕੇ ਅਤੇ ਸਥਾਨਕ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਕਿਹਾ ਕਿ ਬਹੁ-ਪੱਖੀ ਵਿਕਾਸ ਨੂੰ ਲੈ ਕੇ ਕੋਈ ਕਮੀ ਨਹੀਂ ਛੱਡੀ ਜਾਵੇਗੀ ਅਤੇ ਬੁਨਿਆਦੀ ਢਾਂਚੇ ਤੋਂ ਲੈ ਕੇ ਸ਼ਹਿਰ ਦੇ ਸੁੰਦਰੀਕਰਨ ਤੱਕ ਵਿਕਾਸ ਕੰਮ ਲਗਾਤਾਰ ਚਲਦੇ ਰਹਿਣਗੇ।

    ਇਸ ਮੌਕੇ ਕੌਂਸਲਰ ਰੰਜੀਤਾ ਚੌਧਰੀ, ਸਾਬਕਾ ਕੌਂਸਲਰ ਖਰੈਤੀ ਲਾਲ ਕਤਨਾ, ਸ਼ਾਦੀ ਲਾਲ, ਸੁਨੀਸ਼ ਜੈਨ, ਗੁਲਸ਼ਨ ਰਾਏ, ਗੁਰਦੀਪ ਕਟੋਚ, ਐਕਸੀਅਨ ਲੋਕ ਨਿਰਮਾਣ ਵਿਭਾਗ ਰਾਜਿੰਦਰ ਗੋਤਰਾ, ਗੁਰਮੀਤ ਸਿੰਘ, ਠੇਕੇਦਾਰ ਰਾਜੀਵ ਅਗਰਵਾਲ ਤੋਂ ਇਲਾਵਾ ਹੋਰ ਸਖਸ਼ੀਅਤਾਂ ਵੀ ਮੌਜੂਦ ਸਨ।

    LEAVE A REPLY

    Please enter your comment!
    Please enter your name here