ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 1.20 ਲੱਖ ਨਵੇਂ ਕੇਸ, 3380 ਮੌਤਾਂ

    0
    131

    ਨਵੀਂ ਦਿੱਲੀ, ਜਨਗਾਥਾ ਟਾਇਮਜ਼:(ਰਵਿੰਦਰ)

    ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਰਫ਼ਤਾਰ ਹੁਣ ਹੌਲੀ-ਹੌਲੀ ਕਮਜ਼ੋਰ ਹੁੰਦੀ ਦਿਖਾਈ ਦੇ ਰਹੀ ਹੈ। ਕੋਰੋਨਾ ਦਾ ਗ੍ਰਾਫ ਡਿੱਗ ਸਕਦਾ ਪਰ ਖ਼ਤਰਾ ਅਜੇ ਵੀ ਬਣਿਆ ਹੋਇਆ ਹੈ। ਦੂਸਰੀ ਲਹਿਰ ਦੇ ਦੌਰਾਨ 7 ਮਈ ਨੂੰ ਪੀਕ ਤੋਂ ਬਾਅਦ ਨਵੇਂ ਕੇਸ ਨਿਰੰਤਰ ਘਟ ਰਹੇ ਹਨ ਅਤੇ ਐਕਟਿਵ ਕੇਸ ਵੀ ਘੱਟ ਰਹੇ ਹਨ।

    ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 1,20,529 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 3380 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਹਾਲਾਂਕਿ ਨਵੇਂ ਮਾਮਲਿਆਂ ਅਤੇ ਮੌਤਾਂ ਦੇ ਅੰਕੜਿਆਂ ਵਿੱਚ ਗਿਰਾਵਟ ਆਈ ਹੈ। ਇਸ ਦੌਰਾਨ 1,97,894 ਲੋਕ ਇਸ ਬਿਮਾਰੀ ਤੋਂ ਠੀਕ ਵੀ ਹੋਏ ਹਨ।

    ਕੇਂਦਰੀ ਸਿਹਤ ਮੰਤਰਾਲੇ ਨੇ ਇਹ ਅੰਕੜੇ ਜਾਰੀ ਕਰਦੇ ਹੋਏ ਦੱਸਿਆ ਕਿ ਦੇਸ਼ ‘ਚ ਕੁੱਲ ਮਾਮਲਿਆਂ ਦੀ ਗਿਣਤੀ 2,86,94,879 ਹੋ ਗਈ ਹੈ, ਜਿਸ ‘ਚੋਂ 3,44,082 ਲੋਕ ਆਪਣੀ ਜਾਨ ਗਵਾ ਚੁਕੇ ਹਨ। ਇਸ ਸਮੇਂ ਦੇਸ਼ ‘ਚ ਸਰਗਰਮ ਮਾਮਲਿਆਂ ਦੀ ਗਿਣਤੀ 15,55,248 ਹੈ। ਹੁਣ ਤੱਕ 2,67,95,549 ਮਰੀਜ਼ ਠੀਕ ਹੋ ਗਏ ਹਨ। ਉੱਥੇ ਹੀ ਹੁਣ ਤੱਕ 22,78,60,317 ਲੋਕਾਂ ਦਾ ਟੀਕਾਕਰਨ ਹੋ ਚੁਕਿਆ ਹੈ।

    ਪਿਛਲੇ ਕਈ ਹਫ਼ਤਿਆਂ ਤੋਂ ਕੋਰੋਨਾ ਨੂੰ ਬ੍ਰੇਕ ਲੱਗਦੀ ਦਿਖਾਈ ਦੇ ਰਹੀ ਹੈ, ਪਰ ਕੋਵਿਡ ਮਹਾਂਮਾਰੀ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਉਤਰਾਅ ਚੜਾਅ ਜਾਰੀ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ਵਿੱਚ ਕੋਰੋਨਾ ਦੀ ਲਾਗ ਦੇ ਮਾਮਲੇ ਦਿਨੋ ਦਿਨ ਘਟਦੇ ਜਾ ਰਹੇ ਹਨ। ਕੌਮੀ ਪੱਧਰ ‘ਤੇ ਕੋਰੋਨਾ ਦੀ ਲਾਗ ਦੀ ਰੋਜ਼ਾਨਾ ਦੀ ਦਰ ਲਗਭਗ 6.89 ਪ੍ਰਤੀਸ਼ਤ ਹੈ, ਜਦੋਂ ਕਿ ਕੋਰੋਨਾ ਦੀ ਲਾਗ ਤੋਂ ਰਿਕਵਰੀ ਦੀ ਦਰ ਵੀ 93.38% ਪ੍ਰਤੀਸ਼ਤ ਹੈ।

    ਰਾਜਧਾਨੀ ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ ਸ਼ੁੱਕਰਵਾਰ ਨੂੰ ਕੋਵਿਡ-19 ਦੇ ਮਾਮਲਿਆਂ ਵਿੱਚ ਥੋੜਾ ਉਛਾਲ ਆਇਆ। ਕੋਰੋਨਾ ਦੇ ਨਵੇਂ ਮਾਮਲੇ 487 ਤੋਂ ਵਧ ਕੇ 523 ਹੋ ਗਏ। ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦਿੱਲੀ ਵਿੱਚ ਕੋਰੋਨਾ ਦੀ ਲਾਗ ਦਰ 0.68 ਪ੍ਰਤੀਸ਼ਤ ਸੀ। ਇਸ ਦੇ ਨਾਲ ਹੀ ਦਿੱਲੀ ਵਿੱਚ 50 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਕੋਰੋਨਾ ਮਹਾਂਮਾਰੀ ਦੇ ਕਾਰਨ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ 24,497 ਹੋ ਗਈ ਹੈ।

    LEAVE A REPLY

    Please enter your comment!
    Please enter your name here