ਦਿੱਲੀ ਦੇ ਟਿਕਰੀ ਬਾਰਡਰ ਤੋਂ ਸਿੰਘੂ ਬਾਰਡਰ ਲਈ ਕਿਸਾਨਾਂ ਦਾ ਟਰੈਕਟਰ ਮਾਰਚ ਹੋਇਆ ਸ਼ੁਰੂ

    0
    125

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਅੰਦੋਲਨ ਅੱਜ 43ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਕੜਾਕੇ ਦੀ ਹੱਡ ਠਾਰਵੀਂ ਠੰਢ ‘ਚ ਵੀ ਲੱਖਾਂ ਕਿਸਾਨ ਦਿੱਲੀ ਦੇ ਵੱਖ-ਵੱਖ ਬਾਰਡਰਾਂ ‘ਤੇ ਡਟੇ ਹੋਏ ਹਨ ਅਤੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਕਿਸਾਨਾਂ ਦਾ ਸੰਘਰਸ਼ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਨੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ।

    ਕਿਸਾਨਾਂ ਵੱਲੋਂ ਅੱਜ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਅਤੇ ਕੇ.ਐਮ.ਪੀ ਐਕਸਪ੍ਰੈਸ ਵੇਅ ‘ਤੇ ਟਰੈਕਟਰ ਮਾਰਚ ਕੱਢਿਆ ਜਾਵੇਗਾ। ਇਸ ਦੌਰਾਨ ਟਿਕਰੀ ਬਾਰਡਰ ਤੋਂ ਸਿੰਘੂ ਬਾਰਡਰ ਲਈ ਕਿਸਾਨਾਂ ਦਾ ਟਰੈਕਟਰ ਮਾਰਚ ਸ਼ੁਰੂ ਹੋ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨਾਲ ਜੁੜੇ ਕਿਸਾਨਾਂ ਦੇ ਟਰੈਕਟਰ ਰਵਾਨਾ ਹੋਏ ਹਨ। ਕਿਸਾਨ ਇਸ ਨੂੰ 26 ਜਨਵਰੀ ਦੀ ਟਰੈਕਟਰ ਪਰੇਡ ਦੀ ਰਿਹਰਸਲ ਦੱਸ ਰਹੇ ਹਨ।

    ਦਰਅਸਲ ‘ਚ ਕਿਸਾਨਾਂ ਵੱਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਰਾਜਪਥ ‘ਤੇ ਟਰੈਕਟਰ ਪਰੇਡ ਕੱਢੀ ਜਾਵੇਗੀ। ਇਸ ਨੂੰ ‘ਟਰੈਕਟਰ ਕਿਸਾਨ ਪਰੇਡ’ ਦਾ ਨਾਂ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੇਸ਼ ਭਰ ਵਿਚ ਅੰਦੋਲਨ ਨੂੰ ਤੇਜ਼ ਕਰਨ ਲਈ, ਸਰਕਾਰੀ ਝੂਠ ਅਤੇ ਪ੍ਰਚਾਰ ਨੂੰ ਬੇਨਕਾਬ ਕਰਨ ਲਈ 6 ਜਨਵਰੀ ਤੋਂ 20 ਜਨਵਰੀ ਤੱਕ “ਦੇਸ਼ ਜਾਗ੍ਰਿਤੀ ਪਦਰਵਾੜਾ”ਮਨਾਇਆ ਜਾਵੇਗਾ। ਇਸ ਪੰਦਰਵਾੜੇ ਵਿਚ ਦੇਸ਼ ਦੇ ਹਰ ਜ਼ਿਲ੍ਹੇ ਵਿਚ ਧਰਨਾ ਅਤੇ ਪੱਕੇ ਮੋਰਚੇ ਲਗਾਏ ਜਾਣਗੇ।

    ਕਿਸਾਨ ਨੁਮਾਇੰਦਿਆਂ ਨੇ ਕਿਹਾ ਕਿ 9 ਜਨਵਰੀ ਨੂੰ ਚੌਧਰੀ ਛੋਟੂ ਰਾਮ ਦੀ ਜੈਯੰਤੀ ‘ਤੇ, ਕਿਸਾਨਾਂ ਦੇ ਮਸੀਹਾ, ਉਨ੍ਹਾਂ ਦੇ ਯਾਦ ਵਿਚ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਤਿੰਨੋਂ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ 18 ਜਨਵਰੀ ਨੂੰ ਮਹਿਲਾ ਕਿਸਾਨ ਦਿਵਸ ਮਨਾਉਣਾ ਦੇਸ਼ ਦੀ ਖੇਤੀ ਵਿੱਚ ਔਰਤਾਂ ਦੇ ਯੋਗਦਾਨ ਨੂੰ ਉਜਾਗਰ ਕਰੇਗਾ। ਕਿਸਾਨ ਆਗੂਆਂ ਨੇ ਕਿਹਾ ਕਿ 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦੀ ਯਾਦ ਵਿੱਚ “ਆਜ਼ਾਦ ਹਿੰਦ ਕਿਸਾਨ ਦਿਵਸ” ਮਨਾ ਕੇ ਪੂਰੇ ਦੇਸ਼ ‘ਚ ਗਵਰਨਰ ਹਾਊਸਾਂ ਤੱਕ ਮਾਰਚ ਕੀਤਾ ਜਾਵੇਗਾ।

     

    LEAVE A REPLY

    Please enter your comment!
    Please enter your name here