ਦਿੱਲੀ ਕਿਸਾਨ ਮੋਰਚੇ ‘ਤੇ ਡਟੇ ਕਿਸਾਨ ਮਨਾ ਰਹੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ

    0
    158

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਸਿਮਰਨ)

    ਅੱਜ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਹੈ। ਜਿੱਥੇ ਇਹ ਦਿਹਾੜਾ ਪੂਰੀ ਦੁਨੀਆਂ ਵਿੱਚ ਸਿੱਖ ਸੰਗਤ ਬੜੀ ਸ਼ਰਧਾ ਨਾਲ ਮਨਾ ਰਹੀ ਹੈ ਉੱਥੇ ਹੀ ਦਿੱਲੀ ਵਿੱਚ ਕਿਸਾਨ ਮੋਰਚੇ ਵਿੱਚ ਡਟੇ ਕਿਸਾਨ ਵੀ ਮਨਾ ਰਹੇ ਹਨ। ਦਿੱਲੀ ਦੇ ਬਾਰਡਰ ‘ਤੇ ਅੰਦੋਲਨ ‘ਚ ਡਟੇ ਕਿਸਾਨ ਗੁਰਪੁਰਬ ਮਨਾ ਰਹੇ। ਇਸ ਸਮੇਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਤੋਂ ਇਲਾਵਾ ਕੜਾਹ-ਪ੍ਰਸ਼ਾਦ ਅਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ।

    ਪੰਜਾਬ ਦੀਆਂ 30 ਕਿਸਾਨ-ਜੱਥੇਬੰਦੀਆਂ ਦੇ ਪੰਜਾਬ ‘ਚ ਸੰਘਰਸ਼ ਦੇ 2 ਮਹੀਨੇ ਪੂਰੇ ਹੋ ਗਏ ਹਨ, ਅੱਜ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਉਤਸਵ ਕਿਸਾਨਾਂ ਵੱਲੋਂ ਪੱਕੇ-ਧਰਨਿਆਂ ‘ਚ ਹੀ ਮਨਾਇਆ ਜਾ ਰਿਹਾ ਹੈ। ਪੰਜਾਬ ਤੋਂ ਕਾਫ਼ਲਿਆਂ ਦਾ ਦਿੱਲੀ ਜਾਣਾ ਜਾਰੀ ਹੈ। 60ਵੇਂ ਦਿਨ ਪੰਜਾਬ ਭਰ ‘ਚ ਵੀ ਟੋਲ-ਪਲਾਜ਼ਿਆਂ, ਭਾਜਪਾ ਆਗੂਆਂ ਦੇ ਘਰਾਂ, ਪੰਪਾਂ ਅਤੇ ਸ਼ਾਪਿੰਗ-ਮਾਲਜ਼ ਸਾਹਮਣੇ ਵੀ ਕਰੀਬ 50 ਥਾਵਾਂ ‘ਤੇ ਪੱਕੇ-ਧਰਨੇ ਜਾਰੀ ਰੱਖੇ ਗਏ।

    ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੇ ਚੱਲ ਰਹੇ ਸਾਂਝੇ ਕਿਸਾਨ ਮੋਰਚਿਆਂ ‘ਚ ਬੈਠੇ ਕਿਸਾਨਾਂ ਦੀਆਂ ਨਜ਼ਰਾਂ ਦਿੱਲੀ-ਮੋਰਚੇ ‘ਤੇ ਟਿਕੀਆਂ ਹਨ। ਮੋਰਚਿਆਂ ‘ਤੇ ਬੈਠੇ ਕਿਸਾਨ ਦਿੱਲੀ-ਮੋਰਚੇ ਨੂੰ ਸਫ਼ਲ ਬਣਾਉਣ ਲਈ ਵਿਉਂਤਬੰਦੀ ਕਰਦਿਆਂ ਪੰਜਾਬ ਤੋਂ ਹੋਰ ਟੀਮਾਂ ਭੇਜਣ ਦੀ ਤਿਆਰੀ ਕਰ ਰਹੇ ਹਨ। ਚੱਲ ਰਹੇ ਮੋਰਚਿਆਂ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ‘ਮਨ ਕੀ ਬਾਤ’ ਖ਼ਿਲਾਫ਼ ਗੁੱਸੇ ਦੀ ਲਹਿਰ ਫੈਲ ਗਈ ਹੈ। ਕਿਸਾਨ ਕਹਿ ਰਹੇ ਨੇ ਕਿ ਮੋਦੀ ਆਪਣੀ ਸੁਣਾਉਣਾ ਬੰਦ ਕਰਨ ਅਤੇ ਦਿੱਲੀ ਬੈਠੇ ਕਿਸਾਨਾਂ ਦੀ ਬਾਤ ਸੁਣਨ।

    LEAVE A REPLY

    Please enter your comment!
    Please enter your name here