ਅੰਨਾ ਹਜ਼ਾਰੇ ਨੇ ਕੀਤੀ ਕਿਸਾਨਾਂ ਦੀ ਹਮਾਇਤ, ਮੋਦੀ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ

    0
    106

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਕਿਸਾਨ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੇ ਸਿੰਧੂ ਬਾਰਡਰ ਉੱਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਸਰਕਾਰ ਨੇ ਗੱਲਬਾਤ ਕਰਨ ਦਾ ਪ੍ਰਸਤਾਵ ਰੱਖਿਆ ਸੀ, ਜਿਸ ਨੂੰ ਕਿਸਾਨ ਜੱਥੇਬੰਦੀਆਂ ਨੇ ਠੁਕਰਾ ਦਿੱਤਾ ਹੈ। ਕਿਸਾਨ ਸੰਗਠਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਕਿਸਾਨ ਹੁਣ ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ਰਾਹੀਂ ਬੁਰਾੜੀ ਦੇ ਨਿਰੰਕਾਰੀ ਸਮਾਗਮ ਮੈਦਾਨ ਨਹੀਂ ਜਾਣਗੇ। ਕਿਸਾਨਾਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਦਰਸ਼ਨ ਸਿੰਘੂ ਬਾਰਡਰ ਉੱਤੇ ਹੀ ਜਾਰੀ ਰਹੇਗਾ। ਉੱਧਰ ਸਮਾਜਕ ਕਾਰਕੁਨ ਅੰਨਾ ਹਜ਼ਾਰੇ ਨੇ ਕਿਸਾਨਾਂ ਦੀ ਹਮਾਇਤ ਕੀਤੀ ਹੈ।

    ਅੰਨਾ ਹਜ਼ਾਰੇ ਨੇ ਕਿਹਾ ਕਿ ਉਹ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਤੇ ਸਰਕਾਰ ਦੀ ਸਥਿਤੀ ਭਾਰਤ ਤੇ ਪਾਕਿਸਤਾਨ ਵਰਗੀ ਹੋ ਗਈ ਹੈ। ਅੰਨਾ ਹਜ਼ਾਰੇ ਨੇ ਕਿਹਾ ਕਿ ਜਿਵੇਂ ਚੋਣਾਂ ਵੇਲੇ ਤੁਸੀਂ ਨੇਤਾ ਲੋਕ ਕਿਸਾਨਾਂ ਦੇ ਘਰਾਂ ਤੇ ਖੇਤਾਂ ਤੱਕ ਵੀ ਵੋਟਾਂ ਮੰਗਣ ਜਾਂਦੇ ਹੋ, ਉਵੇਂ ਹੀ ਹੁਣ ਉਨ੍ਹਾਂ ਦੀ ਸਮੱਸਿਆ ਬਾਰੇ ਗੱਲ ਕਰੋ।

    ਅੰਨਾ ਹਜ਼ਾਰੇ ਨੇ ਕਿਹਾ ਕਿ ਕਿਸਾਨ ਅੱਜ ਅਹਿੰਸਾ ਦੇ ਮਾਰਗ ਉੱਤੇ ਚੱਲ ਕੇ ਅੰਦੋਲਨ ਕਰ ਰਹੇ ਹਨ। ਕੱਲ੍ਹ ਕਿਸਾਨ ਜਦੋਂ ਹਿੰਸਾ ਕਰਨ ਉੱਤੇ ਉਤਾਰੂ ਹੋ ਜਾਣਗੇ, ਤਦ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ। ਕਿਸਾਨ ਪਾਕਿਸਤਾਨੀ ਨਹੀਂ ਹਨ। ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰੇ।

    ਅੰਨਾ ਹਜ਼ਾਰੇ ਨੇ ਕਿਹਾ ਕਿ ਇਹ ਦੇਸ਼ ਲਈ ਮੰਦਭਾਗੀ ਹਾਲਤ ਹੈ ਕਿ ਕਿਸਾਨ ਇੰਨੇ ਦਿਨਾਂ ਤੋਂ ਅੰਦੋਲਨ ਕਰ ਰਹੇ ਹਨ। ਕਿਸਾਨਾਂ ਉੱਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ, ਇਹ ਠੀਕ ਨਹੀਂ ਹੈ। ਅੱਜ ਜੋ ਕਿਸਾਨਾਂ ਨਾਲ ਹੋ ਰਿਹਾ ਹੈ, ਉਹ ਹਿੰਦੁਸਤਾਨ–ਪਾਕਿਸਤਾਨ ਵਿਚਾਲੇ ਸੰਘਰਸ਼ ਜਿਹਾ ਬਣ ਗਿਆ ਹੈ। ਕਿਸਾਨ ਦੇਸ਼ ਦਾ ਦੁਸ਼ਮਣ ਨਹੀਂ, ਇਸ ਲਈ ਇਸ ਅੰਦੋਲਨ ਨੂੰ ਸੁਲਝਾਉਣਾ ਜ਼ਰੂਰੀ ਹੈ।

    LEAVE A REPLY

    Please enter your comment!
    Please enter your name here