ਦਲਿਤ ਵੋਟਰਾਂ ਸਹਾਰੇ ਸੱਤਾ ਹਥਿਆਉਣ ਦੀ ਤਾਕ ਵਿੱਚ ਹੈ ਅਕਾਲੀ ਦਲ

    0
    157

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬ ਅੰਦਰ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਜਿੱਥੇ ਦਲਿਤ ਵੋਟ ਦੇ ਆਸਰੇ ਸਤਾ ਹਥਿਆਉਣ ਲਈ ਚਾਰਾਜੋਈ ਕਰ ਰਹੀਆਂ ਹਨ ਉਸ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਦਲਿਤ ਵੋਟਰਾਂ ਨੂੰ ਅਕਾਲੀ ਦਲ ਨਾਲ ਜੋੜ ਕੇ ਇੱਕ ਵਾਰ ਫੇਰ ਸਤਾ ਪ੍ਰਾਪਤੀ ਦਾ ਪ੍ਰਯੋਗ ਕਿਤੇ ਜਾਣ ਦੀ ਪੱਕੀ ਕਨਸੋਅ ਲੱਗੀ ਹੈ। ਇਸ ਤੋਂ ਪਹਿਲਾਂ ਵੀ ਅਕਾਲੀ ਦਲ ਬਸਪਾ ਗੱਠਜੋੜ ਰਾਹੀਂ ਅਕਾਲੀ ਦਲ ਵੱਲੋਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲੜੀਆਂ ਜਾਂਦੀਆਂ ਰਹੀਆਂ ਹਨ। ਦੁਆਬਾ ਖੇਤਰ ਵਿੱਚ ਅਕਾਲੀ ਦਲ ਦੀ ਢਿੱਲੀ ਪਕੜ ਨੂੰ ਬਸਪਾ ਨਾਲ ਗੱਠਜੋੜ ਮਜ਼ਬੂਤੀ ਦੇ ਸਕਦਾ ਹੈ।

    ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਪੰਜਾਬ ਅੰਦਰ ਆਪਣੀ ਸਰਕਾਰ ਬਣਨ ਤੇ ਦਲਿਤ ਵਰਗ ਨਾਲ ਸਬੰਧਤ ਡਿਪਟੀ ਸੀ ਐੱਮ ਬਣਾਉਣ ਦਾ ਐਲਾਨ ਪਹਿਲਾਂ ਹੀ ਕਰ ਚੁੱਕੇ ਹਨ। ਭਾਰਤੀ ਜਨਤਾ ਪਾਰਟੀ ਨਾਲੋਂ ਹੋਏ ਤੋੜ ਵਿਛੋੜੇ ਤੋਂ ਬਾਅਦ ਵੋਟਰਾਂ ਦੀ ਕਮੀ ਦੀ ਪੂਰਤੀ ਕਰਨ ਲਈ ਅਕਾਲੀ ਦਲ ਵੱਲੋਂ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਸੰਬੰਧੀ ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ ਨਾਲ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਸੰਪਰਕ ਵਿੱਚ ਹੈ। ਅਕਾਲੀ ਦਲ – ਭਾਜਪਾ ਗੱਠਜੋੜ ਦੌਰਾਨ 23 ਵਿਧਾਨ ਸਭਾ ਹਲਕੇ ਭਾਜਪਾ ਕੋਲ ਸਨ ਜਦਕਿ 94 ਹਲਕਿਆਂ ਉਪਰ ਅਕਾਲੀ ਦਲ ਆਪਣੇ ਚੋਣ ਨਿਸ਼ਾਨ ਉਪਰ ਚੋਣ ਲੜਦਾ ਆ ਰਿਹਾ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਮਾਤਰ 10 ਅਤੇ ਭਾਜਪਾ ਨੂੰ 3 ਸੀਟਾਂ ਉੱਪਰ ਹੀ ਸਬਰ ਕਰਨਾ ਪਿਆ ਸੀ। ਸਿਆਸੀ ਪੰਡਤਾਂ ਦੇ ਪਾਰਖੂ ਨਜ਼ਰ -ਨਜ਼ਰੀਏ ਨਾਲ ਦੇਖਦਿਆਂ ਥਿੰਕ ਟੈਂਕ ਪਾਉਂਦੇ ਹਨ ਕਿ ਬਸਪਾ ਵੱਲੋਂ ਵੱਖਰੇ ਤੌਰ ਤੇ ਚੋਣ ਲੜਦਿਆਂ ਪੰਜ ਤੋਂ ਪੱਚੀ ਹਜਾਰ ਵੋਟ ਪ੍ਰਾਪਤ ਕੀਤੇ ਹਨ।

    ਕਿੰਨੇ ਹਲਕੇ ਬਸਪਾ ਲਈ ਛੱਡੇ ਜਾਣਗੇ ਅਤੇ ਕਿਹੜੇ ਵਿਧਾਨ ਸਭਾ ਹਲਕਿਆਂ ਦੀ ਬਸਪਾ ਵੱਲੋਂ ਮੰਗ ਕੀਤੀ ਜਾਂਦੀ ਹੈ ਇਸ ਗੱਲ ਨੇ ਗੱਠਜੋੜ ਦੀ ਰੂਪ ਰੇਖਾ ਤੈਅ ਕਰਨੀ ਹੈ। ਸਤਾ ਸੁਖ ਤੋਂ ਸੱਖਣੀ ਹੋ ਗਈ ਕੁਮਾਰੀ ਮਾਇਆਵਤੀ ਲਈ ਇਹ ਗੱਠਜੋੜ ਉੱਤਰ ਪ੍ਰਦੇਸ਼ ਵਿੱਚ ਵੀ ਸਹਾਈ ਹੋ ਸਕਦਾ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਭਾਜਪਾ ਦੇ ਅਲੱਗ ਹੋਣ ਤੇ ਖਾਲੀ ਹੋਏ ਹਲਕੇ ਸ਼ਹਿਰੀ ਖੇਤਰ ਨਾਲ ਸਬੰਧਤ ਹਨ ਜਦਕਿ ਬਸਪਾ ਵੱਲੋਂ ਮੰਗੇ ਜਾਣ ਵਾਲੇ ਹਲਕਿਆਂ ਤੋਂ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰ ਹਟਾ ਕੇ ਹੋਰਨਾਂ ਖੇਤਰਾਂ ਵਿੱਚ ਭੇਜਣ ਦੀ ਕਾਰਵਾਈ ਕਰਨੀ ਪਊਗੀ।

    ਇਸ ਗੱਠਜੋੜ ਦੀ ਜੇਕਰ ਪੰਜਾਬ ਅੰਦਰ ਅਗਲੀ ਸਰਕਾਰ ਬਣਦੀ ਹੈ ਤਾਂ ਕੀ ਉੱਪ ਮੁੱਖ ਮੰਤਰੀ ਅਕਾਲੀ ਦਲ ਵੱਲੋਂ ਹੋਵੇਗਾ ਜਾਂ ਬਸਪਾ ਵੱਲੋਂ ਜਿੱਤ ਕੇ ਆਏ ਕਿਸੇ ਵਿਧਾਇਕ ਨੂੰ ਉੱਪ ਮੁੱਖ ਮੰਤਰੀ ਬਣਾਇਆ ਜਾਵੇਗਾ ਇਹ ਅਜੇ ਸਮੇਂ ਦੇ ਗਰਭ ਵਿੱਚ ਹੈ।

    LEAVE A REPLY

    Please enter your comment!
    Please enter your name here