ਤਿੰਨ ਮਾਸੂਮ ਬੱਚਿਆਂ ਨੂੰ ਮਾਰ ਕੇ ਪਿਤਾ ਨੇ ਕੀਤੀ ਖੁਦਕੁਸ਼ੀ !

    0
    135

    ਬਠਿੰਡਾ, ਜਨਗਾਥਾ ਟਾਇਮਜ਼ (ਰਵਿੰਦਰ): ਬਠਿੰਡਾ ਜ਼ਿਲ੍ਹੇ ਦੇ ਹਲਕਾ ਰਾਮਪੁਰਾ ਫੂਲ ਅਧੀਨ ਪੈਂਦੇ ਪਿੰਡ ਹਮੀਰਗੜ੍ਹ ’ਚ ਇੱਕ ਪਿਤਾ ਵੱਲੋਂ ਆਪਣੇ ਤਿੰਨ ਮਾਸੂਮ ਬੱਚਿਆਂ ਨੂੰ ਫਾਹਾ ਦੇ ਕੇ ਮਾਰਨ ਤੋਂ ਬਾਅਦ ਖ਼ੁਦਕੁਸ਼ੀ ਕਰਨ ਦਾ ਖ਼ੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਡੀਐੱਸਪੀ ਫੂਲ ਜਸਬੀਰ ਸਿੰਘ ਅਤੇ ਥਾਣਾ ਦਿਆਲਪੁਰਾ ਭਾਈ ਪੁਲਿਸ ਮੌਕੇ ਤੇ ਪੁੱਜੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੇ ਲਾਸ਼ਾਂ ਕਬਜ਼ੇ ’ਚ ਲੈ ਲਈਆਂ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਪਛਾਣ ਬੇਅੰਤ ਸਿੰਘ ਪੁੱਤਰ ਗੁਰਦੇਵ ਸਿੰਘ ਵਜੋਂ ਹੋਈ ਹੈ ਜਿਸ ਨੇ ਖ਼ੁਦਕੁਸ਼ੀ ਪਹਿਲਾਂ 8 ਪੰਨਿਆਂ ਦਾ ਖ਼ੁਦਕੁਸ਼ੀ ਨੋਟ ਵੀ ਲਿਖਿਆ ਹੈ। ਖ਼ੁਦਕੁਸ਼ੀ ਨੋਟ ’ਚ ਉਸ ਨੇ ਇਸ ਕਾਂਡ ਲਈ ਪਤਨੀ ਦੀ ਮੌਤ ਪਿੱਛੋਂ ਬਣੇ ਹਾਲਤਾਂ ਨੂੰ ਜ਼ਿੰਮੇਵਾਰ ਦੱਸਿਆ ਹੈ।

    ਬੇਅੰਤ ਸਿੰਘ ਜੱਟ ਸਿੱਖ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਅਤੇ ਬੇਜ਼ਮੀਨਾ ਸੀ। ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਮਿਹਨਤ ਮਜ਼ਦੂਰੀ ਕਰਦਾ ਸੀ। ਮੁਢਲੀ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਘਰ ਦੀ ਗ਼ਰੀਬੀ ਅਤੇ ਪਤਨੀ ਦੀ ਮੌਤ ਕਾਰਨ ਉਸ ਨੇ ਸਿਰੇ ਦਾ ਖ਼ਤਰਨਾਕ ਕਦਮ ਚੁੱਕਿਆ ਹੈ। ਮੰਨਿਆ ਜਾ ਰਿਹਾ ਹੈ ਕਿ ਉਸ ਨੇ ਇਹ ਵਿਉਂਤਬੰਦੀ ਕਾਫ਼ੀ ਪਹਿਲਾਂ ਹੀ ਕਰ ਲਈ ਸੀ ਕਿਉਂਕਿ ਐਨਾ ਲੰਮਾ ਖ਼ੁਦਕੁਸ਼ੀ ਨੋਟ ਇਕਦਮ ਲਿਖਣਾ ਸੰਭਵ ਨਹੀਂ ਹੈ। ਪਿੰਡ ਹਮੀਰਗੜ੍ਹ ’ਚ ਵਾਪਰੇ ਇਸ ਕਾਂਡ ਨੂੰ ਲੈਕੇ ਮਹੌਲ ਕਾਫ਼ੀ ਗ਼ਮਗੀਨ ਬਣਿਆ ਹੋਇਆ ਹੈ। ਪਿੰਡ ਵਾਸੀ ਤੇ ਰਾਜਸੀ ਆਗੂ ਅਜੈਬ ਸਿੰਘ ਹਮੀਰਗੜ੍ਹ ਦਾ ਕਹਿਣਾ ਸੀ ਕਿ ਸਮਾਜ ਲਈ ਬਹੁਤ ਹੀ ਮੰਦਭਾਗੀ ਘਟਨਾ ਹੈ ਜਿਸ ਕਾਰਨ ਪਿੰਡ ’ਚ ਸੋਗ ਦੀ ਲਹਿਰ ਹੈ।

    ਵੇਰਵਿਆਂ ਅਨੁਸਾਰ ਬੇਅੰਤ ਸਿੰਘ ਦੇ ਤਿੰਨ ਬੱਚੇ ਸਨ ਜਿਨ੍ਹਾਂ ਚੋਂ ਵੱਡਾ ਪ੍ਰਭਜੋਤ ਸਿੰਘ (7) ਲੜਕੀ ਸੁਖਪ੍ਰੀਤ ਕੌਰ ਅਤੇ ਖੁਸ਼ਪ੍ਰੀਤ ਕੌਰ ਸਾਲ ਦੀ ਸੀ ਜਿਨ੍ਹਾਂ ਨੂੰ ਬੇਅੰਤ ਸਿੰਘ ਨੇ ਪਹਿਲਾਂ ਫਾਹਾ ਦੇ ਦਿੱਤਾ ਅਤੇ ਬਾਅਦ ’ਚ ਖ਼ੁਦ ਆਤਮਹੱਤਿਆ ਕਰ ਲਈ। ਉਸ ਦੀ ਪਤਨੀ ਲਵਪ੍ਰੀਤ ਕੌਰ ਦੀ ਕੁੱਝ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਪਤਨੀ ਦੀ ਮੌਤ ਉਪਰੰਤ ਉਹ ਮਾਨਸਿਕ ਤੌਰ ਤੇ ਕਾਫ਼ੀ ਸਦਮੇ ’ਚ ਰਹਿੰਦਾ ਸੀ। ਉੱਪਰੋਂ ਘਰ ਦੀ ਗ਼ੁਰਬਤ ਅਤੇ ਬੱਚਿਆਂ ਦੇ ਪਾਲਣ ਪੋਸ਼ਣ ਨੇ ਉਸ ਨੂੰ ਅੰਦਰੋਂ ਬੁਰੀ ਤਰਾਂ ਝੰਬ ਦਿੱਤਾ ਸੀ। ਪੜ੍ਹਿਆ ਲਿਖਿਆ ਹੋਣ ਕਾਰਨ ਖ਼ੁਦਕੁਸ਼ੀ ਨੋਟ ’ਚ ਉਸ ਨੇ ਅੰਗਰੇਜ਼ੀ ਭਾਸ਼ਾ ’ਚ ਆਪਣੀ ਪਤਨੀ ਨਾਲ ਬੇਹੱਦ ਪਿਆਰ ਦਾ ਇਜ਼ਹਾਰ ਵੀ ਕੀਤਾ ਹੈ। ਉਸ ਨੇ ਇੱਕ ਸਫ਼ੇ ਤੇ ਆਪਣੀ ਪਤਨੀ ਲਈ ਕਵਿਤਾ ਵੀ ਲਿਖੀ ਹੈ ਜਿਸ ’ਚ ਉਸ ਨੇ ਪਤਨੀ ਦੇ ਚਲੇ ਜਾਣ ਦਾ ਗ਼ਮ ਬਿਆਨ ਕੀਤਾ ਹੈ।

    ਖ਼ੁਦਕੁਸ਼ੀ ਨੋਟ ’ਚ ਉਸ ਨੇ ਅੱਜ ਦੀ ਘਟਨਾ ਸੰਬੰਧੀ ਇਸ਼ਾਰਾ ਵੀ ਕੀਤਾ ਹੈ। ਉਹ ਲਿਖਦਾ ਹੈ ਕਿ ਆਪਣੇ ਹੱਥੀਂ ਨਿੱਕੀਆਂ ਜਿੰਦਾਂ ਨੂੰ ਦੁੱਖ ਦੇਣੇ ਪੈ ਗਏ ਹਨ। ਉਸ ਨੇ ਲਿਖਿਆ ਹੈ ਕਿ ਪਤਨੀ ਦੀ ਮੌਤ ਪਿੱਛੋਂ ਸਭ ਕੁੱਝ ਖ਼ਤਮ ਹੋ ਗਿਆ। ਉਸ ਨੇ ਉਸ ਦਿਨ ਹੀ ਮਿਥ ਲਿਆ ਸੀ ਕਿ ਮੈਂ ਉਸ ਦੇ ਮਗਰ ਹੀ ਜਾਵਾਂਗਾ। ਨੋਟ ’ਚ ਉਸ ਨੇ ਗਿਲਾ ਜਤਾਇਆ ਹੈ ਕਿ ਕਿਸੇ ਨੇ ਉਸ ਦੀ ਬਾਤ ਵੀ ਨਹੀਂ ਪੁੱਛੀ ਹੈ। ਉਹਨੇ ਆਪਣੇ ਕਮਾਈ ਵਗ਼ੈਰਾ ਗੁਰਦਵਾਰੇ ਨੂੰ ਦਾਨ ਕਰਨ ਦੀ ਇੱਛਾ ਜਤਾਈ ਹੈ। ਉਸ ਨੇ ਆਪਣੇ ਸਹੁਰੇ ਪਰਿਵਾਰ ਨਾਲ ਕੁੜੱਤਣ ਦਾ ਜ਼ਿਕਰ ਵੀ ਕੀਤਾ ਹੈ। ਖ਼ੁਦਕੁਸ਼ੀ ਨੋਟ ਵਿੱਚ ਬੇਅੰਤ ਸਿੰਘ ਨੇ ਆਪਣੇ ਰਿਸ਼ਤੇਦਾਰਾਂ ਤੇ ਵੀ ਗਿਲਾ ਜਤਾਇਆ ਹੈ ਕਿ ਉਨ੍ਹਾਂ ਨੇ ਬੇਹੱਦ ਔਕੜਾਂ ਭਰੇ ਸਮੇਂ ’ਚ ਵੀ ਉਸ ਦੀ ਬਾਂਹ ਨਹੀਂ ਫੜੀ ਹੈ।

    ਬੇਅੰਤ ਸਿੰਘ ਖ਼ਿਲਾਫ਼ ਕੇਸ ਦਰਜ : ਜਾਂਚ ਅਧਿਕਾਰੀ

    ਮਾਮਲੇ ਦੇ ਜਾਂਚ ਅਧਿਕਾਰੀ ਥਾਣਾ ਦਿਆਲਪੁਰਾ ਦੇ ਸਬ ਇੰਸਪੈਕਟਰ ਮਲਕੀਤ ਸਿੰਘ ਦਾ ਕਹਿਣਾ ਸੀ ਕਿ ਬੇਅੰਤ ਸਿੰਘ ਨੇ ਪਹਿਲਾਂ ਤਿੰਨਾਂ ਬੱਚਿਆਂ ਦੀ ਹੱਤਿਆ ਕਰ ਦਿੱਤੀ ਤੇ ਬਾਅਦ ’ਚ ਖ਼ੁਦ ਫਾਹਾ ਲੈ ਲਿਆ। ਉਨ੍ਹਾਂ ਨੇ ਦੱਸਿਆ ਕਿ ਕਤਲ ਮਾਮਲੇ ’ਚ ਬੇਅੰਤ ਸਿੰਘ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕੀਤਾ ਜਾਏਗਾ ਜਦੋਂਕਿ ਬਾਅਦ ’ਚ ਧਾਰਾ 174 ਦੀ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਨੇ ਦੱਸਿਆ ਕਿ ਮਿਰਤਕ ਪਤਨੀ ਦੇ ਚਲੇ ਜਾਣ ਕਾਰਨ ਕਾਫ਼ੀ ਸਦਮੇ ’ਚ ਸੀ ਜਿਸ ਕਾਰਨ ਇਹ ਘਟਨਾ ਵਾਪਰੀ ਹੈ। ਉਨ੍ਹਾਂ ਨੇ ਆਖਿਆ ਕਿ ਫਿਰ ਵੀ ਮਾਮਲੇ ਦੀ ਪੜਤਾਲ ਕੀਤੀ ਜਾਏਗੀ।

    LEAVE A REPLY

    Please enter your comment!
    Please enter your name here