ਵਾਤਾਵਰਣ ਨੂੰ ਸਾਫ਼ ਰੱਖਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ: ਡਿਪਟੀ ਕਮਿਸ਼ਨਰ

    0
    160

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼ (ਸਿਮਰਨ) : ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਹੁਸ਼ਿਆਰਪੁਰ ਦੇ ਬਲਾਕ ਭੂੰਗਾ ਦੇ ਪਿੰਡ ਫਤਿਹਪੁਰ ਦਾ ਅਗਾਂਹਵਧੂ ਕਿਸਾਨ ਮਨਪ੍ਰੀਤ ਸਿੰਘ ਪਿਛਲੇ ਕਰੀਬ ਪੰਜ ਸਾਲਾਂ ਤੋਂ ਪਰਾਲੀ ਦਾ ਪ੍ਰਬੰਧਨ ਕਰਕੇ ਉਸ ਨੂੰ ਬਿਨ੍ਹਾਂ ਅੱਗ ਲਗਾਏ ਖੇਤੀ ਕਰ ਰਿਹਾ ਹੈ। ਇਸ ਤਰ੍ਹਾਂ ਕਰਨ ਨਾਲ ਜਿੱਥੇ ਵਾਤਾਵਰਣ ਨੂੰ ਸਾਫ਼ ਰੱਖਣ ਵਿੱਚ ਸਹਿਯੋਗ ਕਰ ਰਿਹਾ ਹੈ ਉਥੇ ਖੇਤੀ ਵਿੱਚ ਲਾਭ ਵੀ ਪ੍ਰਾਪਤ ਕਰ ਰਿਹਾ ਹੈ। ਬਾਰਵੀਂ ਪਾਸ ਇਹ ਕਿਸਾਨ 45 ਏਕੜ ਜ਼ਮੀਨ ਵਿੱਚ ਖੇਤੀ ਕਰਦਾ ਹੈ, ਜਿਸ ਵਿਚੋਂ ਤਿੰਨ ਏਕੜ ਉਸਦੀ ਆਪਣੀ ਅਤੇ ਬਾਕੀ ਜ਼ਮੀਨ ਉਸਨੇ ਠੇਕੇ ’ਤੇ ਲਈ ਹੋਈ ਹੈ।

    ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਮਨਪ੍ਰੀਤ ਦੀ ਸੋਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਰਤਮਾਨ ਵਿੱਚ ਸਾਰੇ ਕਿਸਾਨਾਂ ਨੂੰ ਇਸੇ ਸੋਚ ਨਾਲ ਖੇਤੀ ਕਰਨ ਦੀ ਲੋੜ ਹੈ, ਜਿਸ ਨਾਲ ਸਾਡੀ ਸਿਹਤ ਦੇ ਨਾਲ-ਨਾਲ ਸਾਡਾ ਵਾਤਾਵਰਣ ਵੀ ਸਾਫ ਸੁਥਰਾ ਰਹੇਗਾ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਪ੍ਰਸ਼ਾਸਨ ਵਲੋਂ ਕੀਤੀਆਂ ਜਾ ਰਹੀਆਂ ਪਹਿਲ ਕਦਮੀਆਂ ਵਿੱਚ ਸਰਗਰਮ ਸਾਝੀਦਾਰ ਬਣ ਕੇ ਇਸ ਜਾਗਰੂਕਤਾ ਮੁਹਿੰਮ ਨੂੰ ਜ਼ਮੀਨੀ ਪੱਧਰ ’ਤੇ ਅਸਰਦਾਰ ਢੰਗ ਨਾਲ ਲਾਗੂ ਕਰਨ ਦੀ ਅਪੀਲ ਕੀਤੀ ਤਾਂ ਜੋ ਇਸ ਕਾਰਵਾਈ ਦੇ ਬੁਰੇ ਨਤੀਜਿਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪਰਾਲੀ ਅਤੇ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣਾ ਮਨੁੱਖੀ ਸਿਹਤ, ਵਾਤਾਵਰਣ ਦੇ ਨਾਲ-ਨਾਲ ਮਿੱਤਰ ਕੀੜਿਆਂ ਲਈ ਵੀ ਬਹੁਤ ਹਾਨੀਕਾਰਕ ਹੈ, ਜਿਸ ਨੂੰ ਰੋਕਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ।

    ਕਿਸਾਨ ਮਨਪ੍ਰੀਤ ਨੇ ਦੱਸਿਆ ਕਿ ਇਹ ਉਹ ਕਰੀਬ 14 ਏਕੜ ਜ਼ਮੀਨ ’ਤੇ ਕਣਕ ਅਤੇ ਝੋਨੇ ਦੀ ਬਿਜਾਈ ਅਤੇ ਬਾਕੀ ਜ਼ਮੀਨ ’ਤੇ ਕਮਾਦ, ਛੋਲੇ ਆਦਿ ਦੀ ਬਿਜਾਈ ਕਰਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਪੰਜ ਸਾਲਾਂ ਤੋਂ ਝੋਨੇ ਦੀ ਕਟਾਈ ਐੱਸ.ਐੱਮ.ਐੱਸ ਲੱਗੀ ਕੰਬਾਇਨ ਨਾਲ ਕਰਵਾਉਂਦਾ ਹੈ, ਜਿਸ ਦੇ ਨਤੀਜੇ ਸਵਰੂਪ ਪਰਾਲੀ ਇਕੱਠੀ ਖੇਤ ਵਿੱਚ ਖਿਲਾਰੀ ਜਾਂਦੀ ਹੈ ਅਤੇ ਹੈਪੀ ਸੀਡਰ ਨਾਲ ਸਿੱਧੀ ਕਣਕ ਦੀ ਬਿਜਾਈ ਬਹੁਤ ਹੀ ਆਸਾਨ ਤਰੀਕੇ ਨਾਲ ਘੱਟ ਖਰਚੇ ਨਾਲ ਹੋ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦਾ ਸਮਾਂ ਅਤੇ ਪੈਸੇ ਦੋਵਾਂ ਦੀ ਬਚਤ ਹੁੰਦੀ ਹੈ।

    LEAVE A REPLY

    Please enter your comment!
    Please enter your name here