ਟਿਕੈਤ ਦਾ ਤੋਮਰ ਨੂੰ ਮੋੜਵਾਂ ਜਵਾਬ-ਜਦੋਂ ਭੀੜਾਂ ਇਕੱਠੀਆਂ ਹੁੰਦੀਆਂ ਨੇ ਤਾਂ ਸਰਕਾਰਾਂ ਬਦਲ ਜਾਂਦੀਆਂ ਨੇ…

    0
    142

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜਦੋਂ ਲੋਕ ਇਕੱਠੇ ਹੁੰਦੇ ਹਨ ਤਾਂ ਕਾਨੂੰਨ ਹੀ ਨਹੀਂ ਸਗੋਂ ਸਰਕਾਰਾਂ ਵੀ ਬਦਲ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਹਾਲੇ ਤਾਂ ਦੇਸ਼ ਦਾ ਕਿਸਾਨ ਕਾਨੂੰਨ ਵਾਪਸੀ ਦੀ ਗੱਲ ਕਰ ਰਿਹਾ ਹੈ ਪਰ ਜੇਕਰ ਸੱਤਾ ਵਾਪਸੀ ਦੀ ਗੱਲ ਕਰਨ ਲੱਗ ਪਿਆ ਤਾਂ ਕੇਂਦਰ ਸਰਕਾਰ ਲਈ ਮੁਸ਼ਕਲ ਖੜ੍ਹੀ ਹੋ ਜਾਵੇਗੀ।

    ਸੋਨੀਪਤ ਦੇ ਖਰਖੌਦਾ ਵਿੱਚ ਕਿਸਾਨ ਮਹਾਂਪੰਚਾਇਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮੰਗਾਂ ਮੰਨੇ ਜਾਣ ਮਗਰੋਂ ਹੀ ਕਿਸਾਨਾਂ ਦੀ ਘਰ ਵਾਪਸੀ ਹੋਵੇਗੀ। ਜ਼ਿਕਰਯੋਗ ਹੈ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਬਿਆਨ ਦਿੱਤਾ ਸੀ ਕਿ ਸਿਰਫ਼ ਭੀੜ ਇਕੱਠੀ ਕਰਨ ਨਾਲ ਹੀ ਕਾਨੂੰਨ ਵਾਪਸ ਨਹੀਂ ਹੁੰਦੇ ਹਨ। ਟਿਕੈਤ ਨੇ ਤੋਮਰ ਦੇ ਬਿਆਨ ’ਤੇ ਪਲਟਵਾਰ ਕਰਦਿਆਂ ਕਿਹਾ,‘‘ਸਰਕਾਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਕਿਸਾਨ ਆਪਣੀ ਫ਼ਸਲ ਨਸ਼ਟ ਕਰ ਸਕਦੇ ਹਨ ਤਾਂ ਉਨ੍ਹਾਂ ਅੱਗੇ ਤੁਸੀਂ ਕੁੱਝ ਵੀ ਨਹੀਂ ਹੋ।’’

    ਤੋਮਰ ਵਲੋਂ ਕੀਤੀ ਟਿੱਪਣੀ ਦਾ ਜਵਾਬ ਦਿੰਦੇ ਹੋਏ ਟਿਕੈਤ ਨੇ ਕਿਹਾ ਕਿ ਉਹ ਆਪਣਾ ਦਿਮਾਗੀ ਸੰਤੁਲਨ ਗਵਾ ਚੁੱਕੇ ਹਨ ਅਤੇ ਜਦੋਂ ਭੀੜਾਂ ਇੱਕਠੀਆਂ ਹੁੰਦੀਆਂ ਹਨ ਤਾਂ ਸਰਕਾਰਾਂ ਬਦਲ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਕਿਸਾਨ ਆਪਣੀ ਫਸਲ ਨੂੰ ਬਰਬਾਦ ਕਰ ਸਕਦੇ ਹਨ ਤਾਂ ਤੁਸੀਂ ਕਿਸਾਨਾਂ ਸਾਹਮਣੇ ਕੁਝ ਵੀ ਨਹੀਂ। ਉਨ੍ਹਾਂ ਨੇ ਤੇਲ ਦੀਆਂ ਕੀਮਤਾਂ ਵਧਣ ‘ਤੇ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਕੇਵਲ ਖੇਤੀ ਕਾਨੂੰਨਾਂ ਨਾਲ ਸਬੰਧਿਤ ਸਵਾਲ ਨਹੀਂ ਹਨ, ਬਿਜਲੀ (ਸੋਧ) ਬਿੱਲ, ਬੀਜ ਬਿੱਲ ਸਮੇਤ ਕਈ ਹੋਰ ਸਵਾਲ ਵੀ ਹਨ।

    ਉਨ੍ਹਾਂ ਨੇ ਸਰਕਾਰ ਨੂੰ ਸਵਾਲ ਪੁੱਛਦੇ ਹੋਏ ਕਿਹਾ ਕਿ ਸਰਕਾਰ ਕਿਸ ਤਰ੍ਹਾਂ ਦੇ ਕਾਨੂੰਨ ਲਿਆਉਣਾ ਚਾਹੁੰਦੀ ਹੈ? ਟਿਕੈਤ ਨੇ ਕਿਹਾ ਕਿ ਖਾਪ ਪੰਚਾਇਤਾਂ ਅਤੇ ਕਿਸਾਨਾਂ ਨੇ ਸਾਡੇ 40 ਕਿਸਾਨਾਂ ‘ਤੇ ਭਰੋਸਾ ਪ੍ਰਗਟਾਇਆ ਹੈ ਅਤੇ ਅਸੀਂ ਭਰੋਸੇ ਨੂੰ ਟੁੱਟਣ ਨਹੀਂ ਦੇਵਾਂਗੇ। ਜੇ ਅੱਜ ਸਰਕਾਰ ‘ਤੇ ਬਰੇਕ ਨਾ ਲੱਗੀ ਤਾਂ ਇਹ ਸਰਕਾਰ ਬੇਲਗਾਮ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਹੁਣ ਇਸ ਤਰ੍ਹਾਂ ਦਾ ਸਮਾਂ ਆ ਗਿਆ ਹੈ ਕਿ ਜੋ ਵੀ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰਦਾ ਹੈ, ਉਸ ਦੀ ਆਵਾਜ਼ ਨੂੰ ਮੁਕੱਦਮਾ ਦਰਜ ਕਰਕੇ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ ਪਰ ਇਹ ਕਿਸਾਨ ਤੇ ਮਜ਼ਦੂਰ ਝੁਕਣ ਵਾਲੇ ਨਹੀਂ।

    LEAVE A REPLY

    Please enter your comment!
    Please enter your name here