ਝੋਨੇ ਅਤੇ ਮੱਕੀ ਦੀ ਕਾਸ਼ਤ ਲਈ ਮਸ਼ੀਨਰੀ ’ਤੇ 50 ਫ਼ੀਸਦੀ ਤੱਕ ਸਬਸਿਡੀ ਦੇਣ ਦਾ ਐਲਾਨ !

    0
    146

    ਚੰਡੀਗੜ੍ਹ, ਜਨਗਾਥਾ ਟਾਇਮਜ਼ (ਸਿਮਰਨ)

    ਚੰਡੀਗੜ੍ਹ : ਸੂਬੇ ਵਿੱਚ ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਲੁਆਈ/ਸਿੱਧੀ ਬਿਜਾਈ ਅਤੇ ਮੱਕੀ ਦੀ ਕਾਸ਼ਤ ਨੂੰ ਹੋਰ ਵਧੇਰੇ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਨੇ ਇਸ ਮੰਤਵ ਲਈ ਵਰਤੀ ਜਾਣ ਵਾਲੀ ਖੇਤੀ ਮਸ਼ੀਨਰੀ ਦੀ ਖ਼ਰੀਦ ’ਤੇ 50 ਫ਼ੀਸਦੀ ਤੱਕ ਸਬਸਿਡੀ ਦੇਣ ਦਾ ਫ਼ੈਸਲਾ ਕੀਤਾ ਹੈ ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਣ ਤੋਂ ਇਲਾਵਾ ਕੋਵਿਡ-19 ਦੀਆਂ ਬੰਦਿਸ਼ਾਂ ਦੇ ਮੱਦੇਨਜ਼ਰ ਕਿਸਾਨਾਂ ਨੂੰ ਮਜ਼ਦੂਰਾਂ ਦੀ ਕਮੀ ਨਾਲ ਨਜਿੱਠਣ ਵਿੱਚ ਵੀ ਮੱਦਦ ਮਿਲੇਗੀ।

    ਇਹ ਪ੍ਰਗਟਾਵਾ ਕਰਦਿਆਂ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਸਰਕਾਰ ਵੱਲੋਂ ਖੇਤੀ ਮਸ਼ੀਨਰੀ ’ਤੇ ਕਿਸਾਨ ਬੀਬੀਆਂ/ਛੋਟੇ ਤੇ ਸੀਮਾਂਤ ਕਿਸਾਨਾਂ ਨੂੰ 50 ਫ਼ੀਸਦੀ ਅਤੇ ਬਾਕੀ ਕਿਸਾਨਾਂ ਨੂੰ 40 ਫ਼ੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ।

    ਉਨਾਂ ਅੱਗੇ ਦੱਸਿਆ ਕਿ ਸਾਉਣੀ ਦੌਰਾਨ ਝੋਨੇ ਤੇ ਮੱਕੀ ਦੀਆਂ ਮਸ਼ੀਨਾਂ ’ਤੇ ਸਬਸਿਡੀ ਹਾਸਲ ਕਰਨ ਲਈ ਕਿਸਾਨਾਂ ਨੂੰ 10 ਮਈ ਤੱਕ ਅਰਜ਼ੀਆਂ ਦੇਣ ਲਈ ਆਖਿਆ ਗਿਆ ਹੈ।

    ਸਕੱਤਰ ਨੇ ਅੱਗੇ ਦੱਸਿਆ ਕਿ ਸਬਸਿਡੀ ਹੇਠ ਆਉਣ ਵਾਲੀ ਮਸ਼ੀਨਰੀ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ ਮਸ਼ੀਨਾਂ, ਸਪਰੇਅ ਅਟੈਚਮੈਂਟ ਜਾਂ ਅਟੈਚਮੈਂਟ ਤੋਂ ਬਗੈਰ, ਝੋਨੇ ਦੀ ਪਨੀਰੀ ਲਾਉਣ ਵਾਲੀਆਂ ਮਸ਼ੀਨਾਂ, ਝੋਨੇ ਦੀ ਮਸ਼ੀਨੀ ਲੁਆਈ ਲਈ ਪਨੀਰੀ ਬੀਜਣ ਵਾਲੇ ਉਪਕਰਨ, ਮੱਕੀ ਦੇ ਦਾਣਿਆਂ ਨੂੰ ਸੁਕਾਉਣ ਲਈ ਮਸ਼ੀਨਾਂ (ਪੋਰਟੇਬਲ) ਅਤੇ ਮੱਕੀ ਥਰੈਸ਼ਰ/ਸ਼ੈਲਰ/ਫੋਰੇਜ਼ ਹਾਰਵੈਸਟਰ/ਮਲਟੀ ਕਰਾਪ ਥਰੈਸ਼ਰ ਆਦਿ ਸ਼ਾਮਲ ਹਨ।

    ਸਬਸਿਡੀ ਹਾਸਲ ਕਰਨ ਦੀ ਪ੍ਰਿਆ ਬਾਰੇ ਵਿਸਥਾਰ ਵਿੱਚ ਦੱਸਦਿਆਂ ਪੰਨੂੰ ਨੇ ਕਿਹਾ ਕਿ ਖੇਤੀ ਮਸ਼ੀਨਰੀ ਲਈ ਸਬਸਿਡੀ ਲੈਣ ਦੀ ਪ੍ਰਿਆ ਨੂੰ ਬਿਲਕੁਲ ਸਰਲ ਬਣਾਇਆ ਗਿਆ ਹੈ ਤਾਂ ਕਿ ਕੋਵਿਡ-19 ਦੀਆਂ ਬੰਦਸ਼ਾਂ ਦੇ ਮੱਦੇਨਜ਼ਰ ਕਿਸਾਨ ਸਬਸਿਡੀ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ। ਉਨਾਂ ਕਿਹਾ ਕਿ ਕਿਸਾਨ ਖੇਤੀਬਾੜੀ ਵਿਭਾਗ ਦੇ ਫੀਲਡ ਵਿੱਚ ਕੰਮ ਕਰਦੇ ਅਧਿਕਾਰੀਆਂ ਨੂੰ ਸਿੱਧੇ ਤੌਰ ’ਤੇ ਸਾਦੇ ਕਾਗਜ਼ ਉੱਪਰ, ਈ-ਮੇਲ ਜਾਂ ਵੱਟਸਐਪ ਜ਼ਰੀਏ ਆਪਣਾ ਬਿਨੈ-ਪੱਤਰ ਦੇ ਸਕਦੇ ਹਨ।

    ਸਕੱਤਰ ਨੇ ਅੱਗੇ ਕਿਹਾ ਕਿ ਇਨ੍ਹਾਂ ਖੇਤੀਬਾੜੀ ਸੰਦਾਂ ’ਤੇ ਸਬਸਿਡੀ ਹਾਸਲ ਕਰਨ ਬਾਰੇ ਹੋਰ ਵਧੇਰੇ ਪੁੱਛਗਿੱਛ ਲਈ ਕਿਸਾਨਾਂ ਵੱਲੋਂ ‘ਕਿਸਾਨ ਕਾਲ ਸੈਂਟਰ’ ਦੇ ਟੋਲ ਫਰੀ ਨੰਬਰ 1800-180-1551 ’ਤੇ ਸਵੇਰੇ 6 ਵਜੇ ਤੋਂ ਸ਼ਾਮ 10 ਵਜੇ ਤੱਕ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

    LEAVE A REPLY

    Please enter your comment!
    Please enter your name here