ਕਾਂਗਰਸੀ ਵਿਧਾਇਕ ਤੇ ਐੱਸਐੱਚਓ ਵਿਚਾਲੇ ਖੜਕੀ, ਸਤਿ ਸ੍ਰੀ ਅਕਾਲ ਨਾ ਬੁਲਾਉਣ ‘ਤੇ ਭੜਕੇ ਵਿਧਾਇਕ!

    0
    128

    ਤਰਨਤਾਰਨ, ਜਨਗਾਥਾ ਟਾਇਮਜ਼ (ਸਿਮਰਨ)

    ਤਰਨਤਾਰਨ : ਕੋਰੋਨਾ ਮਹਾਂਮਾਰੀ ਦੌਰਾਨ ਜਿੱਥੇ ਡਾਕਟਰ, ਪੁਲਿਸ ਕਰਮੀ ਅਤੇ ਮੀਡੀਆ ਕਰਮੀ ਮੁੱਢਲੀ ਕਤਾਰ ਵਿੱਚ ਕੰਮ ਕਰ ਰਹੇ ਹਨ,ਓਥੇ ਹੀ ਕਈ ਅਜਿਹੇ ਵਿਧਾਇਕ ਵੀ ਹਨ,ਜੋ ਪੁਲਿਸ ਅਫ਼ਸਰਾਂ ‘ਤੇ ਆਪਣਾ ਰੋਅਬ ਝਾੜਦੇ ਨਜ਼ਰ ਆ ਰਹੇ ਹਨ। ਇਕ ਪਾਸੇ ਤਾਂ ਪੰਜਾਬ ਪੁਲਿਸ ਮੈਂ ਵੀ ਹਰਜੀਤ ਸਿੰਘ ਦੀ ਮੁਹਿੰਮ ਚਲਾ ਰਹੀ ਹੈ ਅਤੇ ਦੂਜੇ ਪਾਸੇ ਕਾਂਗਰਸ ਦੇ ਵਿਧਾਇਕ ਸੱਤਾ ਦੇ ਨਸ਼ੇ ‘ਚ ਚੂਰ ਹੋ ਕੇ ਪੁਲਿਸ ਅਫ਼ਸਰਾਂ ਦੀ ਬੇਇਜ਼ਤੀ ਕਰ ਰਹੇ ਹਨ।

    ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਚਾਰਜ ਸੰਭਾਲਣ ਤੋਂ ਬਾਅਦ ਨਾ ਮਿਲਣ ‘ਤੇ ਥਾਣਾ ਹਰੀਕੇ ਦੇ ਥਾਣਾ ਇੰਚਾਰਜ ਨੂੰ ਫੋਨ ਕਰਕੇ ਧਮਕੀ ਦਿੱਤੀ ਹੈ।ਕਾਂਗਰਸੀ ਵਿਧਾਇਕ ਗਿੱਲ ਨੇ ਐੱਸਐੱਚਓ ਨੂੰ ਫ਼ੋਨ ‘ਤੇ ਕਿਹਾ ਕਿ ਕਿੰਨੇ ਦਿਨ ਹੋ ਗਏ ਤੈਨੂੰ ਹਰੀਕੇ ਥਾਣੇ ‘ਚ ਲੱਗੇ ਨੂੰ, ਤੁਹਾਨੂੰ ਇਹ ਨੀ ਪਤਾ ਲੱਗਦਾ ਕਿ ਪੱਟੀ ਹਲਕੇ ‘ਚ ਕੋਈ ਐੱਮਐੱਲਏ ਵੀ ਹੈਗਾ ,ਉਸਨੂੰ ਟੈਲੀਫ਼ੋਨ ਕਰਨਾ । ਤੂੰ ਕਿਵੇਂ ਐੱਸਐੱਚਓ ਸ਼ਿਫਟ ਕਰੇਗਾ, ਐੱਮਐੱਲਏ ਨਾਲ ਗੱਲ ਕਿਤੇ ਬਿਨ੍ਹਾਂ। ਤੂੰ ਸਤਿ ਸ੍ਰੀ ਅਕਾਲ ਨੀ ਕੀਤੀ ਆ ਮੈਨੂੰ ,ਤੂੰ ਰੱਬ ਬਣ ਗਿਆ ਐੱਸਐੱਚਓ ਲੱਗ ਕੇ।

    ਦਰਅਸਲ ‘ਚ ਸ਼ਨੀਵਾਰ ਨੂੰ ਐੱਸਐੱਸਪੀ ਧਰੁਵ ਦਹੀਆ ਨੇ ਸਬ ਇੰਸਪੈਕਟਰ ਨਵਦੀਪ ਸਿੰਘ ਨੂੰ ਥਾਣਾ ਹਰੀਕੇ ਦਾ ਐੱਸਐੱਚਓ ਨਿਯੁਕਤ ਕੀਤਾ ਸੀ। ਇਸ ਦੌਰਾਨ ਥਾਣੇ ਦਾ ਚਾਰਜ ਸੰਭਾਲਣ ਤੋਂ ਬਾਅਦ ਸਬ ਇੰਸਪੈਕਟਰ ਨੇ ਹਲਕੇ ਦੇ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਤੋਂ ਸਿਆਸੀ ਅਸ਼ੀਰਵਾਦ ਨਹੀਂ ਲਿਆ ਅਤੇ ਅਲੀਪੁਰ ਪਿੰਡ ਨਾਲ ਸੰਬੰਧਿਤ ਕੰਮ ਨੂੰ ਵੀ ਰੋਕ ਦਿੱਤਾ। ਜਿਸ ਤੋਂ ਬਾਅਦ ਕਾਂਗਰਸੀ ਵਿਧਾਇਕ ਭੜਕ ਗਿਆ। ਜਾਣਕਾਰੀ ਮਿਲੀ ਹੈ ਕਿ ਐੱਸਐੱਚਓ ਨੇ ਇਹ ਸਾਰਾ ਮਾਮਲਾ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ ‘ਚ ਲਿਆਂਦਾ ਹੈ।

    ਉੱਧਰ ਦੂਜੇ ਪਾਸੇ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਜਦੋਂ ਹਲਕੇ ਨਾਲ ਸੰਬੰਧਿਤ ਥਾਣਿਆਂ ਦੇ ਐੱਸਐੱਚਓ ਹੀ ਆਪਣੇ ਵਿਧਾਇਕ ਦੀ ਕਾਲ ਰਿਕਾਰਡਿੰਗ ਕਰ ਕੇ ਸਰਕਾਰ ਦੇ ਵਿਰੋਧ ਵਿੱਚ ਪੋਸਟ ਕਰਨਗੇ ਤਾਂ ਵਿਧਾਇਕ ਆਪਣਾ ਕੰਮ ਕਿਵੇਂ ਕਰਨਗੇ, ਦੱਸੋ ਫ਼ਿਰ ਕੋਈ ਵਿਧਾਇਕ ਪਿੰਡਾਂ ਦੇ ਕੰਮ ਕਿਸਨੂੰ ਆਖੇਗਾ ? ਮੈਂ ਐੱਸਐੱਚਓ ਨਾਲ ਗੱਲਬਾਤ ਦੌਰਾਨ ਕੋਈ ਗਾਲ੍ਹ ਨਹੀਂ ਕੱਢ ਰਿਹਾ ਸੀ, ਸਿਰਫ਼ ਇਹ ਗਿਲਾ ਕਰ ਰਿਹਾ ਸੀ ਕਿ ਥਾਣੇ ਦਾ ਚਾਰਜ ਲੈਣ ਉਪਰੰਤ ਸ੍ਰਿਸ਼ਟਾਚਾਰ ਕਾਲ ਕਿਉਂ ਨੀ ਕੀਤੀ। ਬਾਅਦ ਵਿੱਚ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਆਪਣੀ ਫੇਸਬੁੱਕ ਤੋਂ ਇਹ ਪੋਸਟ ਹਟਾ ਦਿੱਤੀ ਹੈ।

    LEAVE A REPLY

    Please enter your comment!
    Please enter your name here