ਗਣਤੰਤਰ ਦਿਵਸ ਪ੍ਰੋਗਰਾਮ ’ਚ ਪਿਛਲੇ ਸਮਾਗਮਾਂ ਦੇ ਮੁਕਾਬਲੇ 50 ਫ਼ੀਸਦੀ ਰਹੇਗੀ ਗਿਣਤੀ : ਡੀਸੀ

    0
    122

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ 72ਵੇਂ ਗਣਤੰਤਰ ਦਿਵਸ ਮੌਕੇ ਹੋਣ ਵਾਲਾ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਇਸ ਵਾਰ ਸਧਾਰਨ ਅਤੇ ਘੱਟ ਇਕੱਠ ਵਾਲਾ ਹੋਵੇਗਾ। ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਕੋਰੋਨਾ ਮਹਾਂਮਾਰੀ ਦੌਰਾਨ ਬੇਹਤਰੀਨ ਸੇਵਾਵਾਂ ਦੇਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਗਣਤੰਤਰ ਦਿਵਸ ਸਮਾਗਮ ਮਨਾਉਣ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਰੱਖੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਕੋਵਿਡ ਸੰਬੰਧੀ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਇਸ ਵਾਰ ਇਨ੍ਹਾਂ ਸਮਾਗਮਾਂ ਦੌਰਾਨ ਆਮ ਗਿਣਤੀ ਦੇ ਮੁਕਾਬਲੇ ਗਿਣਤੀ 50 ਫ਼ੀਸਦੀ ਹੀ ਰੱਖੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਸਥਾਨਕ ਪੁਲਿਸ ਲਾਈਨ ਗਰਾਊਂਡ ਦੇ ਮੈਦਾਨ ਵਿੱਚ ਹੋਵੇਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪਦੇ ਹੋਏ ਨਿਰਦੇਸ਼ ਦਿੱਤੇ ਕਿ ਸੌਂਪੀ ਗਈ ਡਿਊਟੀ ਤਨਦੇਹੀ ਅਤੇ ਮਿਹਨਤ ਨਾਲ ਨਿਭਾਈ ਜਾਵੇ।

    ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰੋਗਰਾਮ ਦੌਰਾਨ ਕੋਵਿਡ ਸੰਬੰਧੀ ਜਾਰੀ ਸਾਵਧਾਨੀਆਂ ਦੇ ਨਿਰਦੇਸ਼ ਜਿਵੇਂ ਕਿ ਇਕ ਦੂਜੇ ਤੋਂ ਬਣਦੀ ਦੂਰੀ ਅਤੇ ਮਾਸਕ ਪਹਿਨਣਾ ਯਕੀਨੀ ਬਣਾਇਆ ਜਾਵੇ। ਕੋਰੋਨਾ ਮਹਾਂਮਾਰੀ ਦੀ ਮੁਸ਼ਕਿਲ ਘੜੀ ਵਿੱਚ ਬੇਮਿਸਾਲ ਸੇਵਾਵਾਂ ਦੇਣ ਵਾਲੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਨਮਾਨ ਬਾਰੇ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਦੇ ਨਾਮ ਜ਼ਿਲ੍ਹਾ ਪੱਧਰੀ ਕਮੇਟੀ ਵਲੋਂ ਕੰਮਾਂ ਦੀ ਸਮੀਖਿਆ ਤੋਂ ਬਾਅਦ ਅੰਤਿਮ ਰੂਪ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੇ ਕਾਰਨ ਇਸ ਵਾਰ ਅਜ਼ਾਦੀ ਘੁਲਾਟੀਆਂ ਦਾ ਸਨਮਾਨ 26 ਜਨਵਰੀ ਵਾਲੇ ਦਿਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਦੇ ਘਰਾਂ ਵਿੱਚ ਜਾ ਕੇ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

    ਅਪਨੀਤ ਰਿਆਤ ਨੇ ਦੱਸਿਆ ਕਿ ਇਸ ਵਾਰ ਗਣਤੰਤਰ ਦਿਵਸ ਦੇ ਸਮਾਗਮਾਂ ਵਿੱਚ ਪਿਛਲੇ ਸਾਲਾਂ ਦੀ ਤਰ੍ਹਾਂ ਇਕੱਠ ਨਹੀਂ ਹੋਵੇਗਾ ਅਤੇ ਨਾ ਹੀ ਸਭਿਆਚਾਰਕ ਪ੍ਰੋਗਰਾਮ, ਪੀ.ਟੀ.ਸ਼ੋਅ ਆਦਿ ਦਾ ਆਯੋਜਨ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਸੰਬੰਧੀ ਸਿਹਤ ਵਿਭਾਗ ਦੀ ਝਾਕੀ ਖਿੱਚ ਦਾ ਮੁੱਖ ਕੇਂਦਰ ਰਹੇਗੀ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਕੁੱਝ ਝਾਕੀਆਂ ਦਾ ਵੀ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਮਾਗਮ ਵਿੱਚ ਮੁੱਖ ਮਹਿਮਾਨ ਵਲੋਂ ਰਾਸ਼ਟਰੀ ਝੰਡਾ ਲਹਿਰਾੳਣੁ, ਸਲਾਮੀ ਲੈਣ ਅਤੇ ਸੰਖੇਪ ਭਾਸ਼ਣ ਤੋਂ ਬਾਅਦ ਕੋਰੋਨਾ ਦੇ ਖ਼ਿਲਾਫ਼ ਜੰਗ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲਿਆਂ ਦਾ ਸਨਮਾਨ ਹੋਵੇਗਾ।

    ਡਿਪਟੀ ਕਮਿਸ਼ਨਰ ਨੇ ਸਮੂਹ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪ੍ਰੋਗਰਾਮ ਦੌਰਾਨ ਕੋਵਿਡ ਸੰਬੰਧੀ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਪ੍ਰਬੰਧਾਂ ਵਿੱਚ ਕੋਈ ਕਮੀ ਨਾ ਛੱਡੀ ਜਾਵੇ। ਇਸ ਮੌਕੇ ’ਤੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ, ਐੱਸ.ਪੀ ਪਰਮਿੰਦਰ ਸਿੰਘ, ਸਹਾਇਕ ਕਮਿਸ਼ਨਰ ਕਿਰਪਾਲਵੀਰ ਸਿੰਘ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

    LEAVE A REPLY

    Please enter your comment!
    Please enter your name here