ਕੋਰੋਨਾ ਮਹਾਂਮਾਰੀ ਕਾਰਨ ਫਿੱਕਾ ਰਿਹਾ ‘ਮਜ਼ਦੂਰ ਦਿਵਸ’ !

    0
    165

    ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ)

    ਭਿੱਖੀਵਿੰਡ : ਕਿਰਤੀ ਲੋਕਾਂ ਦੇ ਅਹਿਮ ਦਿਨ “ਮਜ਼ਦੂਰ ਦਿਵਸ” ਮੌਕੇ ਕਿਰਤੀ ਲੋਕਾਂ ਤੇ ਮਜ਼ਦੂਰ ਜੱਥੇਬੰਦੀਆਂ ਵੱਲੋਂ ਮਈ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਥਾਂ-ਥਾਂ ਲਾਲ ਝੰਡੇ ਚੜ੍ਹਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਥਾਂ-ਥਾਂ ਸ਼ਰਧਾਂਜਲੀਆਂ ਦਿੱਤੀਆਂ ਜਾਂਦੀਆਂ ਸਨ, ਪਰ ਅੱਜ-ਕੱਲ ਦੇ ਦਿਨਾਂ ਅੰਦਰ ਪੂਰੀ ਦੁਨੀਆਂ ‘ਤੇ ਫੈਲੀ ਕੋਰੋਨਾ ਮਹਾਂਮਾਰੀ ਦੌਰਾਨ ਲੱਗੇ ਕਰਫ਼ਿਊ ਦੌਰਾਨ ਮਜ਼ਦੂਰ ਲੋਕ ਤੇ ਜੱਥੇਬੰਦੀਆਂ ਇਸ ਦਿਨ ‘ਤੇ ਚੁੱਪ ਰਹੀਆਂ ਅਤੇ ਕੁੱਝ ਕੁ ਮਜ਼ਦੂਰ ਆਗੂਆਂ ਵੱਲੋਂ ਘਰਾਂ ਦੇ ਕੋਠਿਆਂ ‘ਤੇ ਲਾਲ ਝੰਡੇ ਲਹਿਰਾ ਕੇ ਸ਼ਰਧਾਂਜਲੀ ਦਿੱਤੀਆਂ ਗਈਆਂ। ਪੰਜਾਬ ਦੀ ਰਾਜ ਸੱਤਾ ‘ਤੇ ਬਿਰਾਜਮਾਨ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਵੱਲੋਂ ਸੂਬਾ ਪੰਜਾਬ ਵਿਚ ਘਰਾਂ ਉੱਤੇ ਤਿਰੰਗੇ ਝੰਡੇ ਲਹਿਰਾ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਜਾਹਿਰ ਕੀਤਾ ਗਿਆ, ਜਦੋਂ ਕਿ ਭਾਜਪਾ ਦੇ ਆਗੂਆਂ ਵੱਲੋਂ ਕੈਪਟਨ ਸਰਕਾਰ ਖਿਲਾਫ ਘਰਾਂ ਵਿਚ ਬੈਠ ਕੇ ਰੋਸ ਮੁਜਾਹਰੇ ਕੀਤੇ ਗਏ। ਪੰਜਾਬ ਵਿਚ ਵਿਰੋਧੀ ਧਿਰ ਦਾ ਰੋਲ ਅਦਾ ਕਰ ਰਹੀ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਸ੍ਰੀ ਹਜ਼ੂਰ ਸਾਹਿਬ ਤੋਂ ਸੰਗਤਾਂ ਲੈ ਕੇ ਆ ਰਹੇ ਪੈਪਸੂ ਰੋਡਵੇਜ ਦੇ ਡਰਾਈਵਰ ਮਨਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ‘ਤੇ ਕਾਂਗਰਸ ਸਰਕਾਰ ਵੱਲੋਂ ਦਿੱਤੇ ਗਏ ਦਸ ਲੱਖ ਰੁਪਏ ‘ਤੇ ਇਤਰਾਜ਼ ਪ੍ਰਗਟ ਕਰਦਿਆਂ ਪੀੜਤ ਪਰਿਵਾਰ ਨੂੰ ਪੰਜਾਹ ਲੱਖ ਰੁਪਏ ਦੇ ਨਾਲ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ।

    ਜਦੋਂਕਿ ਪਿਛਲੇ ਚਾਲੀ ਦਿਨਾਂ ਤੋਂ ਘਰਾਂ ਵਿਚ ਵਿਹਲੇ ਬੈਠੇ ਮਜ਼ਦੂਰਾਂ, ਕਿਰਤੀ ਲੋਕਾਂ, ਦੁਕਾਨਦਾਰਾਂ, ਮੱਧਵਰਗੀ ਲੋਕਾਂ ਦੇ ਹੱਕ ਵਿਚ ਕਿਸੇ ਵੀ ਸਰਕਾਰ ਜਾਂ ਪਾਰਟੀ ਵੱਲੋਂ ਕੋਈ ਆਵਾਜ਼ ਬੁਲੰਦ ਨਹੀਂ ਕੀਤੀ ਗਈ, ਉੱਥੇ ਸੂਬਾ ਤੇ ਕੇਂਦਰ ਸਰਕਾਰ ਵੱਲੋਂ ਇਹਨਾਂ ਲੋਕਾਂ ਦੀ ਆਰਥਿਕ ਮੱਦਦ ਵੀ ਨਹੀਂ ਕੀਤੀ ਗਈ।

    ਘਰਾਂ ਵਿਚ ਵਿਹਲੇ ਬੈਠੇ ਮਜ਼ਦੂਰਾਂ, ਦੁਕਾਨਦਾਰਾਂ ਦੀ ਬਾਂਹ ਫੜੇ ਸਰਕਾਰ : ਦਿਆਲਪੁਰਾ

    ‘ਮਈ ਦਿਵਸ’ ‘ਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਕਾਮਰੇਡ ਦਲਜੀਤ ਸਿੰਘ ਦਿਆਲਪਰਾ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਭੇਂਟ ਕੀਤੇ, ਉਥੇ ਸਮੇਂ ਦੀਆਂ ਹਕੂਮਤ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਦਿਨਾਂ ਅੰਦਰ ਮਜਦੂਰ, ਦੁਕਾਨਦਾਰ, ਮੱਧਵਰਗੀ ਲੋਕ ਰੋਟੀ ਲਈ ਸੋਚਾਂ ਵਿਚ ਡੂਬੇ ਪਏ ਹਨ, ਜਦੋਂਕਿ ਕੇਂਦਰ ਤੇ ਰਾਜ ਸਰਕਾਰਾਂ ਡਰਾਮੇਬਾਜ਼ੀ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਸਾਡੇ ਦੇਸ਼ ਦੇ ਕੌਮੀ ਪ੍ਰਵਾਨਿਆਂ ਤੇ ਸ਼ਹੀਦਾਂ ਨੇ ਆਪਣਾ ਬਲੀਦਾਨ ਦੇ ਕੇ ਦੇਸ਼ ਭਾਰਤ ਨੂੰ ਆਜ਼ਾਦ ਕਰਵਾਇਆ ਸੀ, ਪਰ ਅਸੀਂ ਅੱਜ ਵੀ ਆਜ਼ਾਦੀ ਦੀ ਬਜਾਏ ਗੁਲਾਮਾਂ ਵਾਂਗ ਜ਼ਿੰਦਗੀ ਜੀਅ ਰਹੇ ਹਨ, ਜਦੋਂ ਕਿ ਹਕੂਮਤਾਂ ਲੋਕਾਂ ਨੂੰ ਸਿਹਤ ਸੇਵਾਵਾਂ, ਸਿੱਖਿਆ ਤੋਂ ਵਾਂਝਿਆਂ ਕਰ ਰਹੀਆਂ ਹਨ।

    ਡਰਾਮੇਬਾਜ਼ੀ ਕਰਨ ਦੀ ਬਜਾਏ ਲੋਕਾਂ ਦੀ ਸਾਰ ਲੈਣ ਸਰਕਾਰਾਂ : ਕਾਮਰੇਡ ਬਲਵਿੰਦਰ ਸਿੰਘ

    ਸ਼ੋਰੀਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਪ੍ਰਣਾਮ ਕਰਦਿਆਂ ਕਿਹਾ ਕਿ ਸ਼ਹੀਦਾਂ ਤੇ ਕੌਮੀ ਪ੍ਰਵਾਨਿਆਂ ਨੇ ਜਿਸ ਮਕਸਦ ਨਾਲ ਆਪਣਾ ਬਲੀਦਾਨ ਦਿੱਤਾ ਸੀ, ਪਰ ਸ਼ਹੀਦਾਂ ਦੇ ਸੁਪਨੇ ਪੂਰੇ ਨਹੀਂ ਹੋ ਰਹੇ, ਸਗੋਂ ਸ਼ਹੀਦਾਂ ਦੇ ਸੁਪਨੇ ਅਧੂਰੇ ਹੀ ਰਹਿ ਗਏ ਹਨ। ਉਹਨਾਂ ਨੇ ਕੇਂਦਰ ਤੇ ਰਾਜ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ‘ਤੇ ਸਰਕਾਰਾਂ ਆਪਣਾ ਸਹੀ ਰੋਲ ਅਦਾ ਕਰਨ ਦੀ ਬਜਾਏ ਡਰਾਮੇਬਾਜ਼ੀ ਕਰਕੇ ਬੁੱਤਾ ਸਾਰ ਰਹੀਆਂ ਹਨ।

    LEAVE A REPLY

    Please enter your comment!
    Please enter your name here