ਕੇਂਦਰ ਦੁਆਰਾ ਸੂਬੇ ਨੂੰ ਭੇਜੇ ਫੰਡਾਂ ਅਤੇ ਰਾਸ਼ਨ ਨੂੰ ਪੰਜਾਬੀਆਂ ਨੂੰ ਕਿਉਂ ਨਹੀਂ ਦਿੱਤਾ ਜਾ ਰਿਹੈ ? ਹਰਸਿਮਰਤ ਬਾਦਲ:

    0
    151

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਹੈ ਕਿ ਉਹ ਪੰਜਾਬੀਆਂ ਨੂੰ ਜਵਾਬ ਦੇਣ ਕਿ ਕੋਵਿਡ-19 ਸਦਕਾ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਦੁਆਰਾ 20 ਮਾਰਚ ਤੋਂ ਬਾਅਦ ਪੰਜਾਬ ਵਿਚ ਭੇਜੇ ਪੈਸੇ ਅਤੇ ਰਾਸ਼ਨ ਨੂੰ ਲੋਕਾਂ ਵਿਚ ਕਿਉਂ ਨਹੀਂ ਵੰਡਿਆ ਜਾ ਰਿਹਾ ਹੈ? ਉਹਨਾਂ ਕਿਹਾ ਕਿ ਚੰਗਾ ਹੋਵੇਗਾ ਕਿ ਉਹ ਕੇਂਦਰ ਕੋਲੋਂ ਹੋਰ ਫੰਡ ਮੰਗਣ ਤੋਂ ਪਹਿਲਾਂ ਇਸ ਰਾਹਤ ਨੂੰ ਸੂਬੇ ਦੇ ਲੋਕਾਂ ਵਿਚ ਵੰਡ ਦੇਣ।

    ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਜਿੱਥੋਂ ਤਕ ਪੰਜਾਬ ਵੱਲੋਂ ਕੇਂਦਰ ਤੋਂ ਹਾਸਿਲ ਕੀਤੇ ਫੰਡਾਂ ਦਾ ਸੰਬੰਧ ਹੈ, ਸੂਬੇ ਨੂੰ ਹੁਣ ਤਕ ਕੇਂਦਰ ਸਰਕਾਰ ਵੱਲੋਂ 3485 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ, ਜਿਹਨਾਂ ਵਿੱਚ 2366 ਕਰੋੜ ਰੁਪਏ ਜੀਐੱਸਟੀ ਮੁਆਵਜ਼ਾ ਅਤੇ ਬਕਾਇਆ, 638 ਕਰੋੜ ਰੁਪਏ ਵਿੱਤੀ ਗਰਾਂਟ, 247 ਕਰੋੜ ਰੁਪਏ ਕੁਦਰਤੀ ਆਫ਼ਤ ਰੋਕੂ ਪ੍ਰਬੰਧਾਂ ਤਹਿਤ, 72 ਕਰੋੜ ਰੁਪਏ ਮਨਰੇਗਾ ਲਈ, 41 ਕਰੋੜ ਰੁਪਏ ਕੌਮੀ ਸਿਹਤ ਮਿਸ਼ਨ ਅਧੀਨ ਅਤੇ 72 ਕਰੋੜ ਰੁਪਏ ਪ੍ਰਧਾਨ ਮੰਤਰੀ ਵੱਲੋਂ ਸਿਹਤ ਸੰਭਾਲ ਦੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਐਲਾਨੇ ਪੈਕਜ ਤਹਿਤ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਨੂੰ ਕੇਂਦਰ ਵੱਲੋਂ 10.70 ਲੱਖ ਹਾਈਡਰੋਕਲੋਰੋਕੁਇਨ ਗੋਲੀਆਂ, 33,615 ਐੱਨ-95 ਮਾਸਕ ਅਤੇ 4500 ਪੀਪੀਈ ਕਿੱਟਾਂ ਦਿੱਤੀਆਂ ਜਾ ਚੁੱਕੀਆਂ ਹਨ।

    ਬੀਬਾ ਬਾਦਲ ਨੇ ਕਿਹਾ ਕਿ ਸਿਰਫ਼ ਇੰਨਾ ਹੀ ਨਹੀਂ। ਕੇਂਦਰ ਸਰਕਾਰ ਵੱਲੋਂ 26 ਮਾਰਚ ਤੋਂ ਬਾਅਦ ਪੰਜਾਬ ਦੀ ਅੱਧੀ ਆਬਾਦੀ ਯਾਨਿ 1.4 ਕਰੋੜ ਲੋਕਾਂ ਲਈ 15 ਕਿਲੋ ਆਟਾ ਅਤੇ ਤਿੰਨ ਕਿਲੋ ਦਾਲ ਪ੍ਰਤੀ ਪਰਿਵਾਰ ਭੇਜੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਇਹ ਸਾਰਾ ਰਾਸ਼ਨ ਅਜੇ ਤੀਕ ਪੰਜਾਬ ਦੇ ਗੋਦਾਮਾਂ ਵਿਚ ਪਿਆ ਹੈ ਅਤੇ ਇੱਕ ਵੀ ਘਰ ਤਕ ਨਹੀਂ ਪੁੱਜਿਆ ਹੈ। ਉਹਨਾਂ ਕਿਹਾ ਕਿ ਰਾਸ਼ਨ ਵੰਡਣ ਪ੍ਰਤੀ ਸਰਕਾਰ ਦਾ ਸੁਸਤ ਰਵੱਈਆ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਇਹ ਰਾਹਤ ਸਮੱਗਰੀ ਲੋੜਵੰਦਾਂ ਤਕ ਜਲਦੀ ਤੋਂ ਜਲਦੀ ਪਹੁੰਚਣੀ ਚਾਹੀਦੀ ਹੈ।

    ਮੁੱਖ ਮੰਤਰੀ ਨੂੰ ਇਹਨਾਂ ਸਾਰੇ ਮੁੱਦਿਆਂ ਉੱਤੇ ਤੁਰੰਤ ਕਾਰਵਾਈ ਕਰਨ ਲਈ ਆਖਦਿਆਂ ਕੇਂਦਰੀ ਮੰਤਰੀ ਨੇ ਇਸ ਗੱਲ ਉੇਤੇ ਜ਼ੋਰ ਦਿੱਤਾ ਕਿ ਇਸ ਸਮੇਂ ਸਹਿਯੋਗ ਦੀ ਸਭ ਤੋਂਂ ਵੱਧ ਲੋੜ ਹੈ। ਉਹਨਾਂ ਕਿਹਾ ਕਿ ਕੋਵਿਡ-19 ਕਾਰਣ ਪੈਦਾ ਹੋਈਆਂ ਹੰਗਾਮੀ ਸਥਿਤੀਆਂ ਨਾਲ ਨਜਿੱਠਣ ਲਈ ਕੇਂਦਰ ਨੇ ਬਹੁਤ ਫੁਰਤੀ ਨਾਲ ਫੰਡ ਜਾਰੀ ਕਰ ਦਿੱਤੇ ਹਨ। ਹੁਣ ਜਲਦੀ ਇਸ ਰਾਸ਼ਨ ਨੂੰ ਲੋੜਵੰਦਾਂ ਤਕ ਪਹੁੰਚਾਉਣਾ ਸਰਕਾਰ ਦਾ ਫਰਜ਼ ਹੈ। ਉਹਨਾਂ ਕਿਹਾ ਕਿ ਸਾਨੂੰ ਕੇਂਦਰ ਤੋਂ ਹੋਰ ਫੰਡ ਮੰਂਗਣ ਵਾਸਤੇ ਜ਼ੋਰ ਲਗਾਉਣ ਦੀ ਬਜਾਇ ਪਹਿਲਾਂ ਆ ਚੁੱਕੀ ਰਾਹਤ ਸਮੱਗਰੀ ਨੂੰ ਲੋੜਵੰਦਾਂ ਤਕ ਪਹੁੰਚਾਉਣਾ ਚਾਹੀਦਾ ਹੈ।

    LEAVE A REPLY

    Please enter your comment!
    Please enter your name here