ਕਿਸਾਨ ਅੰਦੋਲਨ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਦੀ ਅੱਜ ਹੋਵੇਗੀ ਮੀਟਿੰਗ

    0
    118

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ 77ਵੇਂ ਦਿਨ ਵੀ ਜਾਰੀ ਹੈ। ਕਿਸਾਨਾਂ ਅਤੇ ਸਰਕਾਰ ਵਿਚਾਲੇ ਹੁਣ ਤੱਕ 11ਵੇਂ ਗੇੜ ਦੀ ਮੀਟਿੰਗ ਹੋ ਚੁੱਕੀ ਹੈ ਪਰ ਅਜੇ ਤੱਕ ਫ਼ਿਲਹਾਲ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਇਸ ਦੌਰਾਨ ਸਰਕਾਰ ਦੇ ਰਵੱਈਏ ਨੂੰ ਵੇਖਦਿਆਂ ਕਿਸਾਨ ਹੁਣ ਅੰਦੋਲਨ ਨੂੰ ਤੇਜ਼ ਕਰਨ ਜਾ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ਦੀ ਅੱਜ ਦੁਪਹਿਰ 2 ਵਜੇ ਮੀਟਿੰਗ ਹੋਵੇਗੀ।

    ਮਿਲੀ ਜਾਣਕਾਰੀ ਅਨੁਸਾਰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ‘ਚ ਅੱਜ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ।ਇਸ ਮੀਟਿੰਗ ‘ਚ ਕਈ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਦੌਰਾਨ ਜੋ ਵੀ ਫ਼ੈਸਲੇ ਲਏ ਜਾਣਗੇ, ਉਨ੍ਹਾਂ ਨੂੰ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਸਾਂਝਾ ਕੀਤਾ ਜਾਵੇਗਾ। ਕਈ ਸਰਹੱਦਾਂ ‘ਤੇ ਕਿਸਾਨਾਂ ਦੀ ਗਿਣਤੀ ‘ਚ ਵਾਧਾ ਦੇਖਿਆ ਜਾ ਰਿਹਾ ਹੈ।

    ਇਸ ਤੋਂ ਪਹਿਲਾਂ ਸਰਕਾਰ ਵੱਲੋਂ ਡੇਢ ਸਾਲ ਲਈ ਕਾਨੂੰਨ ਠੰਢੇ ਬਸਤੇ ‘ਚ ਪਾਉਣ ਦੀ ਪੇਸ਼ਕਸ਼ ਨੂੰ ਵੀ ਕਿਸਾਨ ਯੂਨੀਅਨ ਠੁਕਰਾ ਚੁੱਕੀਆਂ ਹਨ। 11ਵੀ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਨਵੀਂ ਬੈਠਕ ਦੀ ਕੋਈ ਤਾਰੀਖ਼ ਨਹੀਂ ਮਿੱਥੀ ਗਈ ਸੀ। ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਸਰਕਾਰ ਉੱਪਰ ਦਬਾਅ ਬਣਾਉਣ ਲਈ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਰਣਨੀਤੀ ਬਣਾਈ ਜਾਵੇਗੀ।

    ਓਧਰ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਬੁੜਾਰੀ ‘ਚ ਪੰਜ ਹੋਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਸੁਰਜੀਤ ਉਰਫ਼ ਦੀਪੂ (26), ਸਤਵੀਰ ਸਿੰਘ ਉਰਫ ਸਚਿਨ (32), ਸੰਦੀਪ ਸਿੰਘ (30), ਦਵੇਂਦਰ ਸਿੰਘ (35) ਤੇ ਰਵੀ ਕੁਮਾਰ (24) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਨੁਸਾਰ ਉਨ੍ਹਾਂ ‘ਚੋਂ ਤਿੰਨ ਨਹਿਰੂ ਵਿਹਾਰ ਤੇ ਦੋ ਰੋਹਿਨੀ ਦੇ ਰਹਿਣ ਵਾਲੇ ਹਨ।

    ਦੱਸ ਦੇਈਏ ਕਿ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦੇ ਮਾਮਲੇ ‘ਚ ਪੁਲਿਸ ਨੇ ਸੋਮਵਾਰ ਰਾਤ ਅਦਾਕਾਰ ਦੀਪ ਸਿੱਧੂ ਨੂੰ ਗ੍ਰਿਫ਼ਤਾਰ ਕੀਤਾ ਸੀ। ਦੀਪ ਸਿੱਧੂ ਨੂੰ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਗ੍ਰਿਫ਼ਤਾਰ ਕੀਤਾ ਹੈ। ਮੁੱਖ ਮੁਲਜ਼ਮ ਦੀਪ ਸਿੱਧੂ 26 ਜਨਵਰੀ ਤੋਂ ਫ਼ਰਾਰ ਸੀ। ਹਾਲਾਂਕਿ ਦੀਪ ਤੋਂ ਇਲਾਵਾ, ਸਾਬਕਾ ਗੈਂਗਸਟਰ ਲੱਖਾ ਸਿਧਾਣਾ ਅਤੇ ਜੁਗਰਾਜ, ਜਿਨ੍ਹਾਂ ਨੇ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਇਆ ਸੀ, ਅਜੇ ਵੀ ਗਾਇਬ ਹਨ।

     

    LEAVE A REPLY

    Please enter your comment!
    Please enter your name here