ਕਿਸਾਨ ਅੰਦੋਲਨ ਦਾ ਅਸਰ! ਕੈਪਟਨ ਸਰਕਾਰ ਵੱਲੋਂ ਕਿਸਾਨਾਂ ਲਈ ਵੱਡੇ ਐਲਾਨ

    0
    160

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ)

    ਕੈਪਟਨ ਸਰਕਾਰ ਨੇ ਅਗਲੇ ਸਾਲ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਲੋਕਾਂ ਨੂੰ ਖੁਸ਼ ਕਰਨ ਦਾ ਦਾਅ ਖੇਡਿਆ ਹੈ। ਸੋਮਵਾਰ ਨੂੰ ਪੇਸ਼ ਹੋਏ ਬਜਟ ਵਿੱਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਬਜਟ ਪੇਸ਼ ਕਰਨ ਮੌਕੇ ਕਿਸਾਨਾਂ ਦਾ ਖਾਸ ਖਿਆਲ ਰੱਖਿਆ ਹੈ। ਇਸ ਬਜਟ ਉੱਪਰ ਕਿਸਾਨ ਅੰਦੋਲਨ ਦਾ ਅਸਰ ਸਾਫ਼ ਵੇਖਣ ਨੂੰ ਮਿਲਿਆ।

    ਬਜਟ ਵਿੱਚ ਕਿਸਾਨਾਂ ਦੀ ਭਲਾਈ ਲਈ 17051 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ। ‘ਫਸਲੀ ਕਰਜ਼ਾ ਮੁਆਫ਼ੀ ਸਕੀਮ’ ਤਹਿਤ ਵਰ੍ਹੇ 2021-22 ਦੌਰਾਨ ਅਗਲੇ ਪੜਾਅ ਤਹਿਤ 1.13 ਲੱਖ ਕਿਸਾਨਾਂ ਦਾ 1186 ਕਰੋੜ ਰੁਪਏ ਦਾ ਕਰਜ਼ਾ ਤੇ ਬੇਜ਼ਮੀਨੇ ਖੇਤ ਮਜ਼ਦੂਰਾਂ ਦਾ 526 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰਨ ਲਈ ਕੁੱਲ 1712 ਕਰੋੜ ਰੁਪਏ ਬਜਟ ਵਿੱਚ ਰੱਖੇ ਗਏ ਹਨ।

    ਕਿਸਾਨਾਂ ਲਈ 3780 ਕਰੋੜ ਰੁਪਏ ਦੀ ਯੋਜਨਾ ‘ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ’ ਦਾ ਐਲਾਨ ਕੀਤਾ ਹੈ। ਸਾਲ 2021-22 ਲਈ ਇਸ ਸਕੀਮ ਤਹਿਤ 1104 ਕਰੋੜ ਦਾ ਬਜਟ ’ਚ ਪ੍ਰਬੰਧ ਕੀਤਾ ਗਿਆ ਹੈ।

    ਇਸ ਨਵੀਂ ਸਕੀਮ ਤਹਿਤ ਫਾਜ਼ਿਲਕਾ ਦੇ ਪਿੰਡ ਗੋਬਿੰਦਗੜ੍ਹ ’ਚ 10 ਕਰੋੜ ਦੀ ਲਾਗਤ ਨਾਲ ਸਬਜ਼ੀਆਂ ਦਾ ਅਤਿ ਆਧੁਨਿਕ ਕੇਂਦਰ, 80 ਕਰੋੜ ਦੀ ਲਾਗਤ ਨਾਲ ਹਰ ਜ਼ਿਲ੍ਹੇ ਵਿੱਚ ਘੱਟੋ-ਘੱਟ ਇੱਕ ਬਾਗਬਾਨੀ ਮਿਲਖ, ਦਰਿਆਵਾਂ ਦੇ ਗੰਦੇ ਪਾਣੀ ਨੂੰ ਸ਼ੁੱਧ ਕਰਕੇ ਵਰਤੋਂ ਕਰਨ ਲਈ 150 ਕਰੋੜ ਰੁਪਏ ਰੱਖੇ ਗਏ ਹਨ।

    ਖੇਤੀ ਵਿਭਿੰਨਤਾ ਲਈ 200 ਕਰੋੜ ਰੁਪਏ, ਫਸਲੀ ਰਹਿੰਦ ਖੂੰਹਦ ਪ੍ਰਬੰਧਨ ਲਈ 40 ਕਰੋੜ ਰੁਪਏ ਰੱਖੇ ਗਏ ਹਨ। ਇਸੇ ਤਰ੍ਹਾਂ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਲਈ ਬਜਟ ਵਿੱਚ 4,650 ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ। ਗੰਨਾ ਉਤਪਾਦਕਾਂ ਦੀ ਮਦਦ ਲਈ 300 ਕਰੋੜ ਤੇ ਗੁਰਦਾਸਪੁਰ ਤੇ ਬਟਾਲਾ ਖੰਡ ਮਿੱਲਾਂ ਦੇ ਵਿਸਥਾਰ ਲਈ 60 ਕਰੋੜ ਰੁਪਏ ਰੱਖੇ ਗਏ ਹਨ। ਇਸੇ ਤਰ੍ਹਾਂ ਹੀ ਨਹਿਰਾਂ ਨਾਲ ਸਬੰਧਤ 29 ਨਵੀਆਂ ਯੋਜਨਾਵਾਂ ਲਈ 452 ਕਰੋੜ ਦਾ ਉਪਬੰਧ ਕੀਤਾ ਗਿਆ ਹੈ।

    LEAVE A REPLY

    Please enter your comment!
    Please enter your name here