ਐੱਸ.ਐੱਸ.ਪੀ. ਨੇ ਨਜਾਇਜ਼ ਸ਼ਰਾਬ ਕਾਰੋਬਾਰ ਨੂੰ ਜੜੋਂ ਪੁੱਟਣ ਲਈ 6 ਵਿਸ਼ੇਸ਼ ਟੀਮਾਂ ਬਣਾਈਆਂ :

    0
    138

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪੁਰ : ਨਜਾਇਜ਼ ਸ਼ਰਾਬ ਦੇ ਧੰਦੇ ਅਤੇ ਸਮਗਲਿੰਗ ਨੂੰ ਜੜੋਂ ਪੁੱਟਣ ਦੀ ਵਚਨਬੱਧਤਾ ਦੁਹਰਾਉਂਦਿਆਂ, ਜ਼ਿਲ੍ਹਾ ਪੁਲਿਸ ਨੇ ਇਸ ਮਕਸਦ ਨੂੰ ਪੂਰਾ ਕਰਨ ਲਈ ਪੁਲਿਸ ਦੀਆਂ 6 ਵਿਸ਼ੇਸ਼ ਟੀਮਾਂ ਬਣਾਈਆਂ ਹਨ, ਜੋ ਨਜਾਇਜ਼ ਸ਼ਰਾਬ ਦੇ ਧੰਦੇ ਵਿੱਚ ਸ਼ਾਮਲ ਅਨਸਰਾਂ ਖ਼ਿਲਾਫ਼ ਛਾਪੇਮਾਰੀ ਕਰਕੇ ਸਖ਼ਤ ਕਾਰਵਾਈ ਕਰਨਗੀਆਂ।

    ਐੱਸ.ਐੱਸ.ਪੀ. ਨਵਜੋਤ ਸਿੰਘ ਮਾਹਲ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਟੀਮਾਂ ਦੀ ਅਗਵਾਈ ਸਬ-ਡਿਵੀਜ਼ਨ ਪੱਧਰ ’ਤੇ ਡੀ.ਐਸ.ਪੀ. ਕਰਨਗੇ ਜਦਕਿ ਸਬੰਧਤ ਐੱਸ.ਐੱਚ.ਓ. ਇਨ੍ਹਾਂ ਟੀਮਾਂ ਵਿੱਚ ਮੁੱਖ ਤੌਰ ’ਤੇ ਸ਼ਾਮਲ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਵਲੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਦੇ ਨਿਰਦੇਸ਼ਾਂ ਤਹਿਤ ਨਜਾਇਜ਼ ਸ਼ਰਾਬ ਦੇ ਧੰਦੇ ਵਿੱਚ ਸ਼ਾਮਲ ਲੋਕਾਂ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਟੀਮਾਂ ਨੂੰ ਵਿਸ਼ੇਸ਼ ਟਰੇਨਿੰਗ ਅਤੇ ਗੁਪਤ ਆਪਰੇਸ਼ਨਾਂ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ, ਤਾਂ ਜੋ ਅਸਰਦਾਰ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ ਜਾ ਸਕਣ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਨੇ ਨਜਾਇਜ਼ ਸ਼ਰਾਬ ਅਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਸ਼ਿੰਕਜਾ ਕੱਸ ਦਿੱਤਾ ਹੈ, ਜਿਨ੍ਹਾਂ ਨਾਲ ਕਿਸੇ ਵੀ ਕੀਮਤ ’ਤੇ ਕੋਈ ਵੀ ਲਿਹਾਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਹੀ ਜ਼ਿਲ੍ਹਾ ਪੁਲਿਸ ਨੇ ਵਿਸ਼ੇਸ਼ ਨਾਕੇ ਅਤੇ ਰਾਤ ਦੇ ਨਾਕੇ ਲਾਉਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਕਿਤੇ ਵੀ ਕਿਸੇ ਕਿਸਮ ਦੀ ਢਿੱਲਮਠ ਨਾ ਰਹਿ ਜਾਵੇ।

    ਵਿਸ਼ੇਸ਼ ਪੁਲਿਸ ਟੀਮਾਂ ਬਾਰੇ ਉਨ੍ਹਾਂ ਨੇ ਦੱਸਿਆ ਕਿ ਇਹ ਟੀਮਾਂ ਡੀ.ਐਸ.ਪੀਜ਼ ਦੀ ਅਗਵਾਈ ਹੇਠ ਸੰਬੰਧਤ ਥਾਣਾ ਮੁੱਖੀ ਸਮੇਤ ਪੂਰੀ ਟੀਮ ਨਾਲ ਛਾਪੇਮਾਰੀਆਂ ਕਰਨਗੀਆਂ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅੰਤਰਰਾਜ਼ੀ ਅਤੇ ਅੰਤਰ ਜ਼ਿਲ੍ਹਾ ਹੱਦਾਂ ’ਤੇ ਪੁਲਿਸ ਵਲੋਂ ਚੌਕਸੀ ਵਧਾ ਦਿੱਤੀ ਗਈ ਹੈ ਜਿਸ ਨਾਲ ਨਜਾਇਜ਼ ਸ਼ਰਾਬ ਦੀ ਸਮਗਲਿੰਗ ਨੂੰ ਠੱਲ੍ਹ ਪਵੇਗੀ। 30 ਜੁਲਾਈ ਤੋਂ 6 ਅਗਸਤ ਤੱਕ ਨਜਾਇਜ਼ ਸ਼ਰਾਬ ਦੇ ਧੰਦੇ ਖ਼ਿਲਾਫ਼ ਕੀਤੀ ਕਾਰਵਾਈ ਬਾਰੇ ਉਨ੍ਹਾਂ ਦੱਸਿਆ ਕਿ ਇਸ ਦੌਰਾਨ ਆਬਕਾਰੀ ਐਕਟ ਤਹਿਤ 36 ਕੇਸ ਦਰਜ ਕਰਕੇ 32 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 324 ਲਿਟਰ ਨਜਾਇਜ਼ ਸ਼ਰਾਬ, 753 ਲਿਟਰ ਜਾਇਜ਼ ਸ਼ਰਾਬ ਅਤੇ 13900 ਕਿਲੋ ਲਾਹਣ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਦਸੂਹਾ ਪੁਲਿਸ ਨੇ 400 ਕਿਲੋ ਲਾਹਣ ਅਤੇ ਨਜਾਇਜ਼ ਸ਼ਰਾਬ ਦੇ ਧੰਦੇ ਵਿੱਚ ਵਰਤੀਆਂ ਜਾਣ ਵਾਲੀਆਂ 3 ਕਿਸ਼ਤੀਆਂ ਆਦਿ ਵੀ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਤੋਂ ਇਲਾਵਾ 4 ਅਗਸਤ ਨੂੰ ਜ਼ਿਲ੍ਹਾ ਪੁਲਿਸ ਨੇ ਆਬਕਾਰੀ ਐਕਟ ਤਹਿਤ ਅਕਤੂਬਰ 2013 ਦੇ ਪਰਚੇ ਵਿੱਚ ਨਾਮਜ਼ਦ ਸੰਦੀਪ ਕੁਮਾਰ, ਜੋ ਕਿ ਭਗੌੜਾ ਸੀ, ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

    ਇਸੇ ਤਰ੍ਹਾਂ 1 ਜਨਵਰੀ 2020 ਤੋਂ ਲੈ ਕੇ 6 ਅਗਸਤ ਤੱਕ 248 ਮਾਮਲੇ ਦਰਜ ਕਰਕੇ 297 ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ-ਨਾਲ 1.37 ਕਰੋੜ ਲਿਟਰ ਨਜਾਇਜ਼ ਸ਼ਰਾਬ, ਦੋ ਚਾਲੂ ਭੱਠੀਆਂ, 33900 ਕਿਲੋ ਲਾਹਨ, 1.20 ਕਰੋੜ ਮਿਲੀਲਿਟਰ ਜਾਇਜ਼ ਸ਼ਰਾਬ ਬਰਾਮਦ ਕੀਤੀ ਜਾ ਚੁੱਕੀ ਹੈ।

    ਨਸ਼ਿਆਂ ਖਿਲਾਫ਼ ਮੁਹਿੰਮ ਤਹਿਤ 207 ਗ੍ਰਿਫਤਾਰ :

    ਨਵਜੋਤ ਸਿੰਘ ਮਾਹਲ ਨੇ ਨਸ਼ਿਆਂ ਖਿਲਾਫ਼ ਜ਼ਿਲ੍ਹਾ ਪੁਲਿਸ ਵਲੋਂ 31 ਜੁਲਾਈ ਤੱਕ ਕੀਤੀ ਕਾਰਵਾਈ ਸੰਬੰਧੀ ਦੱਸਿਆ ਕਿ 207 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 140 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਵਾਈਆਂ ਦੌਰਾਨ 1881 ਕਿਲੋ ਚੂਰਾ ਪੋਸਤ, 673 ਗ੍ਰਾਮ ਹੈਰੋਇਨ, 1.7 ਕਿਲੋ ਅਫੀਮ, 1.420 ਕਿਲੋ ਗਾਂਜਾ, 6 ਕਿਲੋ ਨਸ਼ੀਲਾ ਪਾਊਡਰ ਅਤੇ 5794 ਕੈਪਸੂਲ ਬਰਾਮਦ ਕੀਤੇ ਜਾ ਚੁੱਕੇ ਹਨ।

    ਪੁਲਿਸ-ਆਬਕਾਰੀ ਟੀਮਾਂ ਵਲੋਂ ਸਾਂਝੀ ਛਾਪੇਮਾਰੀ :

    ਐੱਸ.ਐੱਸ.ਪੀ. ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਵਲੋਂ ਨਜਾਇਜ਼ ਸ਼ਰਾਬ ਅਤੇ ਸਮਗਲਿੰਗ ਖ਼ਿਲਾਫ਼ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਉਨ੍ਹਾਂ ਨੇ ਕਿਹਾ ਕਿ ਬੀਤੇ ਸਮੇਂ ਵਿੱਚ ਦੋਵਾਂ ਵਿਭਾਗਾਂ ਦੀਆਂ ਟੀਮਾਂ ਦੀਆਂ ਕਾਰਵਾਈਆਂ ਨੇ ਚੰਗੇ ਨਤੀਜੇ ਸਾਹਮਣੇ ਲਿਆਂਦੇ ਹਨ ਜੋ ਭਵਿੱਖ ਵਿੱਚ ਵੀ ਜਾਰੀ ਰਹਿਣਗੇ।

    LEAVE A REPLY

    Please enter your comment!
    Please enter your name here