ਏਟੀਐੱਮ, ਬੈਂਕ, ਪੈਨਸ਼ਨ, ਐੱਸਬੀਆਈ ਨਾਲ ਜੁੜੇ ਨਿਯਮ ਬਦਲੇ, ਜਾਣੋ !

    0
    132

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਬੈਂਕਿੰਗ ਖੇਤਰ ਅਤੇ ਇਸ ਨਾਲ ਜੁੜੀਆਂ ਸੇਵਾਵਾਂ ਉੱਤੇ 1 ਮਈ 2020 ਤੋਂ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਹਨ। ਏਟੀਐੱਮ, ਬੈਂਕਿੰਗ, ਐੱਸਬੀਆਈ, ਪੀਐੱਨਬੀ, ਇਨਕਮ ਟੈਕਸ ਸਮੇਤ ਹੋਰ ਜਿਨ੍ਹਾਂ ਸੇਵਾਵਾਂ ਦੇ ਨਿਯਮਾਂ ‘ਚ ਬਦਲਾਅ ਹੋਵੇਗਾ, ਉਹ ਸਾਰੀਆਂ ਸਿੱਧੇ ਤੌਰ ‘ਤੇ ਆਮ ਆਦਮੀ ਨਾਲ ਜੁੜੀਆਂ ਹਨ। ਲਾਕਡਾਊਨ ਕਾਰਨ ਉਂਝ ਤਾਂ ਟ੍ਰੇਨ ਤੇ ਹਵਾਈ ਸੇਵਾਵਾਂ ਬੰਦ ਹਨ, ਪਰ ਇਨ੍ਹਾਂ ਨਾਲ ਜੁੜੇ ਨਿਯਮਾਂ ‘ਚ ਵੀ ਤਬਦੀਲੀ ਹੋ ਰਹੀ ਹੈ। ਇਸ ਤੋਂ ਇਲਾਵਾ, ਬੈਂਕਿੰਗ ਸਹੂਲਤਾਂ ਚਾਲੂ ਹਨ ਅਤੇ 1 ਮਈ ਤੋਂ ਹੋਣ ਵਾਲੀਆਂ ਤਬਦੀਲੀਆਂ ਤੋਂ ਬਾਅਦ ਗਾਹਕਾਂ ਨੂੰ ਕੀ ਕੀ ਸਹੂਲਤ ਮਿਲੇਗੀ ਅਤੇ ਉਨ੍ਹਾਂ ਨੂੰ ਮਿਲਣ ਵਾਲੀਆਂ ਸੇਵਾਵਾਂ ਉੱਤੇ ਕੀ ਕੀ ਪ੍ਰਭਾਵ ਪੈਣਗੇ, ਆਓ ਇਸ ਬਾਰੇ ਜਾਣੀਏ।

    1. ਐੱਸਬੀਆਈ ਦੀ ਵਿਆਜ ਦਰ ਘਟੇਗੀ, ਕਰਜ਼ ਹੋਵੇਗਾ ਸਸਤਾ

    ਐੱਸਬੀਆਈ ਯਾਨੀ ਸਟੇਟ ਬੈਂਕ ਆਫ਼ ਇੰਡੀਆ 1 ਮਈ ਤੋਂ ਇੱਕ ਲੱਖ ਤੋਂ ਜ਼ਿਆਦਾ ਬੱਚਤ ਜਮ੍ਹਾਂ ਖਾਤਿਆਂ ‘ਤੇ ਵਿਆਜ ਦਰ ਘਟਾਉਣ ਜਾ ਰਿਹਾ ਹੈ। ਇਸ ਦਾ ਫ਼ਾਇਦਾ ਨਵੇਂ ਕਰਜ਼ਦਾਰਾਂ ਨੂੰ ਹੋਵੇਗਾ ਕਿਉਂ ਕਿ ਉਨ੍ਹਾਂ ਨੂੰ ਹੁਣ ਪਹਿਲਾਂ ਤੋਂ ਕਿਤੇ ਸਸਤਾ ਕਰਜ਼ ਮੁਹੱਈਆ ਹੋਵੇਗਾ। ਆਰਬੀਆਈ ਨੇ ਅਪ੍ਰੈਲ ਮਹੀਨੇ ਰੈਪੋ ਦਰਾਂ ਘਟਾਈਆਂ ਸਨ ਜਿਸ ਕਾਰਨ ਬੱਚਤ ਜਮ੍ਹਾਂ ‘ਤੇ ਹੁਣ ਵਿਆਜ ਦਰਾਂ ਘਟਣਗੀਆਂ। ਐੱਸਬੀਆਈ ਨੇ ਐਕਸਟਰਨਲ ਬੈਂਚਮਾਰਕ ਰੂਲਜ਼ ਲਾਗੂ ਕਰਦਿਆਂ ਬੱਚਤ ਜਮ੍ਹਾਂ ਤੇ ਘੱਟ ਮਿਆਦੀ ਕਰਜ਼ ਦੀਆਂ ਦਰਾਂ ਰੈਪੋ ਦਰਾਂ ਨਾਲ ਜੋੜੀਆਂ ਹਨ।

    2. ਪੈਨਸ਼ਨ ਧਾਰਕਾਂ ਨੂੰ ਮਿਲ ਸਕੇਗੀ ਪੂਰੀ ਪੈਨਸ਼ਨ :

    ਈਪੀਐੱਸ ਪੈਨਸ਼ਨ ਧਾਰਕਾਂ ਲਈ ਇਹ ਇੱਕ ਚੰਗੀ ਖ਼ਬਰ ਹੈ। ਬੀਤੇ ਦਿਨੀਂ ਸਰਕਾਰ ਨੇ ਸੇਵਾਮੁਕਤੀ ਦੇ 15 ਸਾਲ ਬਾਅਦ ਪੂਰੀ ਪੈਨਸ਼ਨ ਰਕਮ ਦੇ ਭੁਗਤਾਨ ਦੀ ਵਿਵਸਥਾ ਮੁੜ ਸ਼ੁਰੂ ਕਰ ਦਿੱਤੀ ਸੀ। ਇਸ ਨਿਯਮ ਤਹਿਤ ਹੁਣ ਮਈ ਤੋਂ ਪੈਨਸ਼ਨ ਮਿਲਣ ਲੱਗੇਗੀ। ਸਾਲ 2009 ‘ਚ ਇਸ ਨਿਯਮ ਨੂੰ ਵਾਪਸ ਲੈ ਲਿਆ ਗਿਆ ਸੀ। ਇਸ ਨੂੰ ਪੈਨਸ਼ਨ ਕਮਿਊਟੇਸ਼ਨ ਸਿਸਟਮ ਕਿਹਾ ਜਾਂਦਾ ਹੈ। ਇਹ ਬਦਲ ਚੁਣਨ ਵਾਲੇ ਲੋਕਾਂ ਨੂੰ ਪੂਰੀ ਪੈਨਸ਼ਨ ਕੁੱਝ ਸਮੇਂ ਬਾਅਦ ਬਹਾਲੀ ਦੇ ਰੂਪ ‘ਚ ਮਿਲਦੀ ਹੈ, ਜਿਸ ਦੀ ਮਿਆਦ 15 ਸਾਲ ਹੈ। ਬੀਤੀ ਫ਼ਰਵਰੀ 2020 ‘ਚ ਕੇਂਦਰ ਸਰਕਾਰ ਨੇ ਪੂਰੀ ਪੈਨਸ਼ਨ ਬਹਾਲ ਕੀਤੇ ਜਾਣ ਦਾ ਵੱਡਾ ਐਲਾਨ ਕਰਦਿਆਂ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀ। ਇਸ ਦਾ ਦੇਸ਼ ਭਰ ਦੇ ਸਾਢੇ 6 ਲੱਖ ਤੋਂ ਜ਼ਿਆਦਾ ਪੈਨਸ਼ਨ ਧਾਰਕਾਂ ਨੂੰ ਫ਼ਾਇਦਾ ਹੋਵੇਗਾ।

    3. ਪੀਐੱਨਬੀ ਦਾ ਡਿਜ਼ੀਟਲ ਵਾਲੇਟ ਹੋਵੇਗਾ ਬੰਦ :

    ਪੰਜਾਬ ਨੈਸ਼ਨਲ ਬੈਂਕ 1 ਮਈ ਤੋਂ ਆਪਣਾ ਡਿਜ਼ੀਟਲ ਵਾਲੇਟ ਬੰਦ ਕਰਨ ਜਾ ਰਿਹਾ ਹੈ। ਪੀਐੱਨਬੀ ਦੀ ਪੇਮੈਂਟ ਵਾਲੇਟ ਸੇਵਾ ਪੀਐੱਨਬੀ ਕਿੱਟੀ ਵਾਲਿਟ 30 ਅਪ੍ਰੈਲ ਤੋਂ ਹੀ ਬੰਦ ਹੋ ਜਾਵੇਗੀ। ਬੈਂਕ ਨੇ ਇਸ ਦੀ ਜਾਣਕਾਰੀ ਆਪਣੇ ਗਾਹਕਾਂ ਨੂੰ ਦੇ ਦਿੱਤੀ ਹੈ। ਗਾਹਕਾਂ ਕੋਲ ਕਰੈਡਿਟ ਕਾਰਡ, ਡੈਬਿਟ ਕਾਰਡ ਤੇ ਨੈੱਟ ਬੈਂਕਿੰਗ ਦੀ ਜਗ੍ਹਾ ਪੀਐੱਨਬੀ ਕਿੱਟੀ ਵਾਲਿਟ ਰਾਹੀਂ ਪੇਮੈਂਟ ਕਰਨ ਦਾ ਵਿਕਲਪ ਸੀ। ਇਸ ਦੀ ਖ਼ਾਸੀਅਤ ਇਹ ਹੈ ਕਿ ਇਸ ਵਿੱਚ ਨੈੱਟਬੈਂਕਿੰਗ ਦਾ ਪਾਸਵਰਡ ਜਾਂ ਕਾਰਡ ਦੀ ਡਿਟੇਲ ਸ਼ੇਅਰ ਕਰਨਾ ਲਾਜ਼ਮੀ ਨਹੀਂ ਸੀ। ਪੀਐੱਨਬੀ ਵੱਲੋਂ ਦਸੰਬਰ 2016 ‘ਚ ਸ਼ੁਰੂ ਕੀਤੀ ਇਹ ਸੇਵਾ ਹੁਣ ਖ਼ਤਮ ਹੋਵੇਗੀ

    4. ਏਟੀਐੱਮ ਹੋਣਗੇ ਨਿਯਮਿਤ ਰੂਪ ਨਾਲ ਸੈਨੀਟਾਈਜ਼ :

    ਛੂਤ ਦੀ ਮਹਾਂਮਾਰੀ ਕੋਰੋਨਾ ਤੋਂ ਬਚਾਅ ਦੇ ਮੱਦੇਨਜ਼ਰ ਹੁਣ ਏਟੀਐੱਮ ਲਈ ਨਵੀਂ ਵਿਵਸਥਾ ਹੋਣ ਜਾ ਰਹੀ ਹੈ। ਕਿਸੇ ਵੀ ਏਟੀਐੱਮ ਨੂੰ ਗਾਹਕ ਵੱਲੋਂ ਇਸਤੇਮਾਲ ਕੀਤੇ ਜਾਣ ਤੋਂ ਬਾਅਦ ਲਾਗ ਮੁਕਤ ਕਰਨ ਲਈ ਸੈਨੀਟਾਈਜ਼ ਕੀਤਾ ਜਾਵੇਗਾ। ਗਾਜ਼ੀਆਬਾਦ ਤੇ ਚੇਨਈ ਤੋਂ ਅੱਜ ਇਸ ਦੀ ਸ਼ੁਰੂਆਤ ਹੋ ਗਈ ਹੈ, ਅਤੇ ਇਸ ਨਿਯਮ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ। ਉਲੰਘਣਾ ਹੋਣ ‘ਤੇ ਏਟੀਐੱਮ ਚੈਂਬਰ ਨੂੰ ਸੀਲ ਕਰਨ ਦੀ ਗੱਲ ਕਹੀ ਜਾ ਰਹੀ ਹੈ। ਗਾਜ਼ੀਆਬਾਦ ਦੇ ਨੋਡਲ ਅਧਿਕਾਰੀ ਸੁਧੀਰ ਗਰਗ ਦੀ ਹਿਦਾਇਤ ‘ਤੇ ਹੁਣ ਸਾਰੇ ਬੈਂਕਾਂ ਦੇ ਏਟੀਐੱਮ ਬੂਥ ਸੈਨੀਟਾਈਜ਼ ਕੀਤੇ ਜਾਣਗੇ, ਅਤੇ ਇਹ ਕੰਮ ਇੱਕ ਵਿਸ਼ੇਸ਼ ਟੀਮ ਕਰੇਗੀ। ਨਗਰ ਨਿਗਮ ਪ੍ਰਸ਼ਾਸਨ ਨੇ ਬੈਂਕਾਂ ਤੋਂ ਏਟੀਐੱਮ ਦੀ ਲੋਕਸ਼ਨ ਪ੍ਰਾਪਤ ਕਰ ਲਈ ਹੈ। ਸੈਨੀਟਾਈਜ਼ ਲਈ ਕੈਮੀਕਲ ਦੀਆਂ ਬੋਤਲਾਂ ਵੀ ਦਿੱਤੀਆਂ ਜਾ ਚੁੱਕੀਆਂ ਹਨ। ਹੁਣ ਸਾਰੇ ਬੈਂਕ ਸਾਰੇ ਏਟੀਐੱਮ ਨੂੰ ਸੈਨੀਟਾਈਜ਼ ਕਰਵਾਉਣਗੇ। ਏਟੀਐੱਮ ਨੂੰ ਇੱਕ ਖ਼ਾਸ ਕੈਮੀਕਲ ਨਾਲ ਸੈਨੀਟਾਈਜ਼ ਕੀਤਾ ਜਾਵੇਗਾ, ਅਤੇ ਹੌਟ-ਸਪੌਟ ਇਲਾਕਿਆਂ ‘ਚ ਇਹ ਸੈਨੀਟਾਈਜ਼ੇਸ਼ਨ ਦੋ ਵਾਰ ਵੀ ਕੀਤਾ ਜਾਵੇਗਾ।

    5. ਰੇਲ ਦੇ ਗਾਹਕ ਬਦਲ ਸਕਣਗੇ ਆਪਣਾ ਬੋਰਡਿੰਗ ਸਟੇਸ਼ਨ :

    ਲਾਕਡਾਊਨ ਕਾਰਨ ਰੇਲਵੇ ਸੇਵਾਵਾਂ ਬੰਦ ਹਨ ਪਰ ਭਵਿੱਖ ਵਿੱਚ ਜਦੋਂ ਵੀ ਰੇਲ ਸੇਵਾਵਾਂ ਬਹਾਲ ਹੋਣਗੀਆਂ, ਤਾਂ ਇਹ ਨਿਯਮ ਲਾਗੂ ਹੋਵੇਗਾ। 1 ਮਈ ਤੋਂ ਲਾਗੂ ਹੋਣ ਜਾ ਰਹੇ ਰੇਲਵੇ ਦੇ ਇਸ ਨਵੇਂ ਨਿਯਮ ਅਨੁਸਾਰ ਹੁਣ ਯਾਤਰੀ ਚਾਰਟ ਨਿਕਲ ਜਾਣ ਦੇ 4 ਘੰਟੇ ਪਹਿਲਾਂ ਤੱਕ ਆਪਣਾ ਬੋਰਡਿੰਗ ਸਟੇਸ਼ਨ ਬਦਲ ਸਕਣਗੇ। ਹੁਣ ਤੱਕ ਦਾ ਵਿਕਲਪ ਇਹ ਸੀ ਕਿ ਯਾਤਰੀ ਆਪਣੇ ਬੋਰਡਿੰਗ ਸਟੇਸ਼ਨ ਨੂੰ ਯਾਤਰਾ ਦੀ ਤਾਰੀਕ ਤੋਂ 24 ਘੰਟੇ ਪਹਿਲਾਂ ਹੀ ਬਦਲ ਸਕਦੇ ਸਨ। ਜੇਕਰ ਯਾਤਰੀ ਬੋਰਡਿੰਗ ਸਟੇਸ਼ਨ ‘ਚ ਬਦਲਾਅ ਕਰਨ ਦੇ ਬਾਵਜੂਦ ਯਾਤਰਾ ਨਹੀਂ ਕਰਦੇ ਅਤੇ ਟਿਕਟ ਕੈਂਸਲ ਕਰਦੇ ਹਨ ਤਾਂ ਅਜਿਹੇ ਵਿੱਚ ਉਨ੍ਹਾਂ ਨੂੰ ਕੋਈ ਰਿਫ਼ੰਡ ਨਹੀਂ ਦਿੱਤਾ ਜਾਵੇਗਾ।

    6. ਏਅਰ-ਇੰਡੀਆ ਨਹੀਂ ਲਵੇਗਾ ਕੈਂਸਲੇਸ਼ਨ ਚਾਰਜ :

    1 ਮਈ ਤੋਂ ਏਅਰ-ਇੰਡੀਆ ਯਾਤਰੀਆਂ ਨੂੰ ਇੱਕ ਵੱਡੀ ਸਹੂਲਤ ਦੇਣ ਜਾ ਰਹੀ ਹੈ। ਹੁਣ ਯਾਤਰੀਆਂ ਨੂੰ ਟਿਕਟ ਕੈਂਸਲ ਕਰਵਾਉਣ ‘ਤੇ ਕੋਈ ਵਾਧੂ ਖ਼ਰਚਾ ਨਹੀਂ ਦੇਣਾ ਪਵੇਗਾ। ਕੰਪਨੀ ਨੇ ਟਿਕਟ ਬੁਕਿੰਗ ਦੇ 24 ਘੰਟਿਆਂ ਦੇ ਅੰਦਰ ਉਸ ਨੂੰ ਕੈਂਸਲ ਕਰਨ ਜਾਂ ਬਦਲਾਅ ਕੀਤੇ ਜਾਣ ‘ਤੇ ਕੈਂਸਲੇਸ਼ਨ ਚਾਰਜ 1 ਮਈ ਤੋਂ ਖ਼ਤਮ ਕਰ ਦਿੱਤਾ ਹੈ। ਏਅਰ-ਇੰਡੀਆ ਦੇ ਸੀਐੱਮਡੀ ਨੇ ਬੀਤੀ 24 ਅਪ੍ਰੈਲ ਨੂੰ ਜਾਰੀ ਹੋਏ ਇੱਕ ਸਰਕੂਲਰ ‘ਚ ਇਸ ਦੀ ਜਾਣਕਾਰੀ ਦਿੱਤੀ ਹੈ।

    7. ਆਧਾਰ ਕਾਰਡ ਰਾਹੀਂ 10 ਹਜ਼ਾਰ ਰੁਪਏ ਤੱਕ ਦੀ ਪੇਮੈਂਟ ਘਰ ਬੈਠੇ :

    ਲਾਕਡਾਊਨ ਦੌਰਾਨ ਭਾਰਤੀ ਡਾਕ ਵਿਭਾਗ ਨੇ ਚਲਿਤ ਏਟੀਐੱਮ ਦੀ ਸਹੂਲਤ ਲੋਕਾਂ ਨੂੰ ਦਿੱਤੀ ਹੈ। ਇਸ ਲਈ ਪੈਸੇ ਕਢਵਾਉਣ ਲਈ ਬੈਂਕ ਜਾਂ ਏਟੀਐੱਮ ਬੂਥ ਤੱਕ ਜਾਣ ਦੀ ਜ਼ਰੂਰਤ ਨਹੀਂ ਹੈ। ਡਾਕ ਵਿਭਾਗ ਨੇ ਡਿਜ਼ੀਟਲ ਪੇਮੈਂਟ ਏਈਪੀਐੱਸ ਯਾਨੀ ਆਧਾਰ ਇਨੈਬਲਡ ਪੇਮੈਂਟ ਸਿਸਟਮ ਦੀ ਸ਼ਰੂਆਤ ਕੀਤੀ ਹੈ। ਇਸ ਸਹੂਲਤ ਤਹਿਤ ਤੁਸੀਂ ਲਾਕਡਾਊਨ ‘ਚ 10 ਹਜ਼ਾਰ ਰੁਪਏ ਤੱਕ ਦੀ ਰਕਮ ਘਰ ਬੈਠੇ ਮੰਗ ਸਕਦੇ ਹੋ। ਖ਼ਾਸ ਗੱਲ ਇਹ ਹੈ ਕਿ ਤੁਹਾਡਾ ਖਾਤਾ ਕਿਸੇ ਵੀ ਬੈਂਕ ‘ਚ ਹੋਵੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਜ਼ਰੂਰਤ ਪੈਣ ‘ਤੇ ਤੁਹਾਨੂੰ ਪੈਸਾ ਮਿਲ ਜਾਵੇਗਾ।

    LEAVE A REPLY

    Please enter your comment!
    Please enter your name here