ਨਿਊਜ਼ ਡੈਸਕ ( ਜਨਗਾਥਾ ਟਾਈਮਜ਼) ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਖਿਲਾਫ਼ ਕਾਂਗਰਸ ਪਾਰਟੀ ਵੱਲੋਂ ਕਿਹੜਾ ਚਿਹਰਾ ਚੋਣ ਮੈਦਾਨ ਵਿਚ ਉਤਾਰਿਆ ਜਾਵੇਗਾ, ਇਸ ਬਾਰੇ ਇੱਕ ਹਫ਼ਤੇ ਦੇ ਅੰਦਰ ਸਥਿਤੀ ਸਾਫ਼ ਹੋ ਜਾਵੇਗੀ, ਹਾਲਾਂਕਿ ਅਜੇ ਅਕਾਲੀ ਦਲ ਵੱਲੋਂ ਬੀਬੀ ਬਾਦਲ ਨੂੰ ਬਠਿੰਡਾ ਤੋਂ ਲਗਾਤਾਰ ਤੀਜੀ ਵਾਰ ਪਾਰਟੀ ਉਮੀਦਵਾਰ ਬਣਾਉਣ ਬਾਰੇ ਪੱਤੇ ਨਹੀਂ ਖੋਲ੍ਹੇ ਗਏ ਹਨ।
ਕਿਆਸ ਲਗਾਏ ਜਾ ਰਹੇ ਹਨ ਕਿ ਬਠਿੰਡਾ ਦੀ ਥਾਂ ਪਾਰਟੀ ਹੁਣ ਬੀਬੀ ਬਾਦਲ ਨੂੰ ਫ਼ਿਰੋਜ਼ਪੁਰ ਸੀਟ ਤੋਂ ਉਮੀਦਵਾਰ ਐਲਾਨ ਸਕਦੀ ਹੈ। ਪਰ ਹਰਸਿਮਰਤ ਬਾਦਲ ਕਈ ਵਾਰ ਸਾਫ਼ ਕਰ ਚੁੱਕੇ ਹਨ ਕਿ ਮੈਂ ਬਠਿੰਡਾ ਤੋਂ ਹੀ ਚੋਣ ਲੜਾਂਗੀ। ਬਠਿੰਡਾ ਸੀਟ ਤੋਂ ਆਪਣੇ ਪੁੱਤਰ ਨੂੰ ਟਿਕਟ ਦਿਵਾਉਣ ਲਈ ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ ਨੇ ਦਿੱਲੀ ਡੇਰੇ ਲਾ ਰਹੇ ਹਨ, ਜਿੱਥੇ ਪਾਰਟੀ ਦੇ ਉਮੀਦਵਾਰ ਤੈਅ ਕਰਨ ਨੂੰ ਲੈ ਕੇ ਸਕਰੀਨਿੰਗ ਕਮੇਟੀ ਦੀ ਬੈਠਕ ਚੱਲ ਰਹੀ ਹੈ, ਹੋਰ ਵੀ ਕਈ ਟਿਕਟ ਦੇ ਚਾਹਵਾਨ ਦਿੱਲੀ ਪਹੁੰਚ ਗਏ ਹਨ। ਕਈ ਕਾਂਗਰਸੀ ਅੰਮ੍ਰਿਤਸਰ ਸੀਟ ਤੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਉਮੀਦਵਾਰ ਬਣਾਉਣ ਦੀ ਮੰਗ ਕਰ ਰਹੇ ਹਨ ਤੇ ਮਨਮੋਹਨ ਸਿੰਘ ਦੇ ਨਾਮ ਉੱਤੇ ਪਾਰਟੀ ਚਰਚਾ ਵੀ ਕਰ ਸਕਦੀ ਹੈ। ਗੁਰਦਾਸਪੁਰ ਤੋਂ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਚੋਣ ਲੜਨ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਮੋਹਰ ਲਗਾ ਚੁੱਕੇ ਹਨ।