ਹੁਸ਼ਿਆਰਪੁਰ (ਰੁਪਿੰਦਰ ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ੍ਰੀ ਮਨੋਹਰ ਕਾਂਤ ਕਲੋਹੀਆ, ਆਈ.ਏ.ਐਸ. (ਰਿਟਾ:) ਨੇ ਅੱਜ ਹੁਸ਼ਿਆਰਪੁਰ ਵਿਖੇ ਬੋਰਡ ਦੇ ਖੇਤਰੀ ਦਫ਼ਤਰ ਅਤੇ ਪਾਠ ਪੁਸਤਕਾਂ ਦੇ ਸੇਲ ਡਿਪੂ ਦੀ ਅਚਨਚੇਤੀ ਚੈਕਿੰਗ ਕੀਤੀ ਅਤੇ ਜਾਰੀ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਅਗਲੇ ਅਕਾਦਮਿਕ ਸਾਲ ਲਈ ਦਫ਼ਤਰ ਦੇ ਡਿਪੂ ਦੇ ਕਾਰਜਾਂ ਸਬੰਧੀ ਆਦੇਸ਼ ਜਾਰੀ ਕੀਤੇ।
ਮੀਡੀਆ ਲਈ ਜਾਰੀ ਕੀਤੀ ਗਈ ਜਾਣਕਾਰੀ ਵਿੱਚ ਸ਼੍ਰੀ ਕਲੋਹੀਆ ਨੇ ਦੱਸਿਆ ਕਿ ਅਕਾਦਮਿਕ ਸਾਲ 2019-20 ਲਈ ਨਵੀਆਂ ਪਾਠ ਪੁਸਤਕਾਂ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਹੁਸ਼ਿਆਰਪੁਰ ਖੇਤਰੀ ਦਫ਼ਤਰ ਅਧੀਨ ਪੈਂਦੇ 19 ਬਲਾਕਾਂ ਵਿੱਚ 2018-19 ਦੀਆਂ ਮੁੱਖ ਤੇ ਵਾਧੂ ਮੰਗ ਦੀਆਂ ਪਾਠ ਪੁਸਤਕਾਂ ਦੀ ਸਪਲਾਈ ਮੁਕੰਮਲ ਕਰਨ ਮਗਰੋਂ ਹੁਣ ਅਗਲੇ ਸਾਲ ਲਈ ਢਾਈ ਲੱਖ ਤੋਂ ਵੱਧ ਨਵੀਆਂ ਪਾਠ ਪੁਸਤਕਾਂ ਹੁਸ਼ਿਆਰਪੁਰ ਡਿਪੂ ਵਿੱਚ ਪਹਿਲਾਂ ਹੀ ਪੁੱਜ ਚੁੱਕੀਆਂ ਹਨ। ਖੇਤਰੀ ਦਫ਼ਤਰ ਦੇ ਮੈਨੇਜਰ ਸ਼੍ਰੀ ਲਲਿਤ ਕੁਮਾਰ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਇੱਕ ਲੱਖ ਤੀਹ ਹਜਾ਼ਰ ਤੋਂ ਵੱਧ ਕਿਤਾਬਾਂ ਵਿਕਰੀ ਦੀਆਂ ਅਤੇ ਇੱਕ ਲੱਖ ਵੀਹ ਹਜ਼ਾਰ ਦੇ ਲਗਪਗ ਕਿਤਾਬਾਂ ਭਲਾਈ ਵਿਭਾਗ ਰਾਹੀਂ ਮੁਫ਼ਤ ਵੰਡ ਲਈ ਪੁੱਜੀਆਂ ਹਨ।
ਸ੍ਰੀ ਕਲੋਹੀਆ ਨੇ ਆਸ ਪ੍ਰਗਟਾਈ ਕਿ ਮੱਧ ਮਾਰਚ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਅਗਲੇ ਸਾਲ ਦੀਆਂ 80 ਫ਼ੀਸਦੀ ਪਾਠ ਪੁਸਤਕਾਂ ਆਪਣੇ ਖੇਤਰੀ ਸੇਲ ਡਿਪੂੂੂਆਂ ਤੱਕ ਪਹੁੰਚਾ ਦੇਵੇਗਾ ਅਤੇ 31 ਮਾਰਚ 2019 ਤੱਕ ਪਾਠ ਪੁਸਤਕਾਂ ਬਾਕਾਇਦਾ ਵਿਦਿਆਰਥੀਆਂ ਵਿੱਚ ਵੰਡੇ ਜਾਣ ਲਈ ਬਲਾਕ ਪੱਧਰੀ ਕੇਂਦਰਾਂ ਤੱਕ ਪੁੱਜਦੀਆਂ ਕਰ ਦਿੱਤੀਆਂ ਜਾਣਗੀਆਂ।
ਸ਼੍ਰੀ ਕਲੋਹੀਆ ਨੇ ਖੇਤਰੀ ਦਫ਼ਤਰ ਦੀ ਕਾਰਗੁਜ਼ਾਰੀ ਸਬੰਧੀ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਬੋਰਡ ਵੱਲੋਂ ਆਗਾਮੀ ਪ੍ਰੀਖਿਆਵਾਂ ਲਈ ਕੀਤੀ ਜਾ ਰਹੇ ਵਿਲੱਖਣ ਪ੍ਰਬੰਧਾਂ ਦੀ ਤਫ਼ਸੀਲ ਦਿੱਤੀ। ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਭਰ ਦੇ ਵਿਦਿਆਰਥੀ, ਮਾਪੇ ਅਤੇ ਅਧਿਆਪਕ ਛੇਤੀ ਹੀ ਨਕਲ ਨੂੰ ਨਸ਼ਿਆਂ ਵਰਗਾ ਹੀ ਕੋਹੜ ਮੰਨਦੇ ਹੋਏ ਇਸ ਤੋਂ ਛੁਟਕਾਰਾ ਪਾਉਣ ਦਾ ਮਾਨਸਿਕ ਤਹੱਈਆ ਕਰਨਗੇ।
ਕੈਪਸ਼ਨ: ਸਿੱਖਿਆ ਬੋਰਡ ਦੇ ਚੇਅਰਮੈਨ ਸ੍ਰੀ ਮਨੋਹਰ ਕਾਂਤ ਕਲੋਹੀਆ ਐਤਵਾਰ ਨੂੰ ਹੁਸ਼ਿਆਰਪੁਰ ਖੇਤਰੀ ਦਫ਼ਤਰ ਅਤੇ ਸੇਲ ਡਿਪੂ ਦਾ ਮੁਆਇਨਾ ਕਰਦੇ ਹੋਏ।