ਵਿਧਾਨ ਸਭਾ ਕਮੇਟੀ ਵੱਲੋਂ ਕਿਸਾਨ ਅੰਦੋਲਨ ‘ਚ ਤਸ਼ੱਦਦ ਦਾ ਸ਼ਿਕਾਰ ਹੋਏ ਕਿਸਾਨਾਂ ਨਾਲ ਮੀਟਿੰਗ

  0
  44

  ਮੋਗਾ, ਜਨਗਾਥਾ ਟਾਇਮਜ਼: (ਰਵਿੰਦਰ)

  ਪੰਜਾਬ ਵਿਧਾਨ ਸਭਾ ਕਮੇਟੀ ਵੱਲੋਂ ਅੱਜ ਕਿਸਾਨਾਂ ‘ਤੇ ਹੋ ਰਹੇ ਅੱਤਿਆਚਾਰਾਂ ਸੰਬੰਧੀ ਉਨ੍ਹਾਂ ਪੀੜਤਾਂ ਨਾਲ ਮੁਲਾਕਾਤ ਕੀਤੀ, ਜਿਹੜੇ ਕੇਂਦਰ ਦੇ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਦੌਰਾਨ ਜ਼ਖ਼ਮੀ ਹੋਏ ਸਨ ਜਾਂ ਪੁਲਿਸ ਦੁਆਰਾ ਕਥਿਤ ਤੌਰ ‘ਤੇ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ ਸਨ।

  ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਦੀ ਅਗਵਾਈ ਵਾਲੀ ਕਮੇਟੀ, ਜਿਸ ਵਿੱਚ ਫਤਹਿ ਜੰਗ ਸਿੰਘ ਬਾਜਵਾ, ਕੁਲਬੀਰ ਸਿੰਘ ਜ਼ੀਰਾ (ਦੋਵੇਂ ਅੱਜ ਦੀ ਮੀਟਿੰਗ ਵਿੱਚ ਹਾਜ਼ਰ ਨਹੀਂ ਸਨ), ਸਰਵਜੀਤ ਕੌਰ ਮਾਣੂੰਕੇ ਅਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਸਮੇਤ ਵਿਧਾਨ ਸਭਾ ਦੇ ਹੋਰ ਮੈਂਬਰਾਂ ਨੇ ਜਖ਼ਮੀ ਕਿਸਾਨਾਂ ਜਾਂ ਕਥਿਤ ਤੌਰ ‘ਤੇ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੁਲਿਸ ਦੀ ਤਸ਼ੱਦਦ ਦਾ ਸ਼ਿਕਾਰ ਹੋਏ ਹੋਰਾਂ ਦੇ ਬਿਆਨ ਦਰਜ ਕੀਤੇ।

  ਕਮੇਟੀ ਨੇ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਵਿਰੋਧ ਪ੍ਰਦਰਸ਼ਨ ਦੌਰਾਨ ਕਿਸਾਨਾਂ ‘ਤੇ ਹੋ ਰਹੇ ਅੱਤਿਆਚਾਰਾਂ ਬਾਰੇ ਵਿਸਥਾਰਤ ਰਿਪੋਰਟ ਪੇਸ਼ ਕਰਨ ਲਈ, ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਨੂੰ ਸ਼ਾਮਲ ਕਰਕੇ ਇਹ ਕਮੇਟੀ ਬਣਾਈ ਹੈ। ਕਮੇਟੀ ਨੇ ਕਿਹਾ ਕਿ ਕਮੇਟੀ ਵੱਲੋਂ ਲੁਧਿਆਣਾ ਅਤੇ ਮੋਗਾ ਵਿਖੇ ਮੀਟਿੰਗਾਂ ਕੀਤੀਆਂ ਗਈਆਂ ਹਨ ਅਤੇ ਇਸ ਉਪਰੰਤ ਉਹ ਪੰਜਾਬ ਦੇ ਹਰ ਖੇਤਰਾਂ ਦਾ ਵੀ ਦੌਰਾ ਕਰੇਗੀ ਅਤੇ ਦਿੱਲੀ ਤੇ ਹਰਿਆਣਾ ਪੁਲਿਸ ਫੋਰਸ ਵੱਲੋਂ ਕੀਤੇ ਅੱਤਿਆਚਾਰ ਤੋਂ ਪੀੜ੍ਹਤਾਂ ਨਾਲ ਮੁਲਾਕਾਤ ਕਰੇਗੀ। ਕਮੇਟੀ ਨੇ ਪੀੜਤਾਂ ਨੂੰ ਇਨਸਾਫ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਉਹ ਵਿਧਾਨ ਸਭਾ ਤੋ਼ ਪਹਿਲਾਂ ਰਿਪੋਰਟ ਵਿੱਚ ਹੋਏ ਹਰ ਤਸ਼ੱਦਦ ਨੂੰ ਉਜਾਗਰ ਕਰੇਗੀ।

  ਉਨ੍ਹਾਂ ਨੇ ਕਿਹਾ ਕਿ ਜਿਹੜਾ ਵੀ ਵਿਅਕਤੀ ਪੁਲਿਸ ਹੱਥੋਂ ਹੋਏ ਜ਼ੁਲਮ ਬਾਰੇ ਆਪਣਾ ਬਿਆਨ ਦਰਜ ਕਰਾਉਣਾ ਚਾਹੁੰਦਾ ਹੈ ਉਹ 97791-11022 ਅਤੇ 80544-95901 ‘ਤੇ ਫੋਨ ਕਰ ਸਕਦਾ ਹੈ। ਇਸ ਤੋਂ ਅਗਲੀ ਮੀਟਿੰਗ ਮਿਤੀ 10 ਜੂਨ ਨੂੰ ਸਰਕਟ ਹਾਊਸ ਬਠਿੰਡਾ ਵਿਖੇ ਹੋਵੇਗੀ।

  ਇਸ ਦੌਰਾਨ ਪੀੜਤਾਂ ਨੇ ਕਮੇਟੀ ਮੈਂਬਰਾਂ ਵੱਲੋਂ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨ ਲਈ ਸ਼ਲਾਘਾ ਵੀ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਹੰਸ, ਵਧੀਕ ਸਕੱਤਰ ਗ੍ਰਹਿ ਵਿਭਾਗ ਬਲਦੀਪ ਕੌਰ, ਐੱਸ ਪੀ (ਡੀ) ਅਜੀਤਗੜ੍ਹ, ਹਰਮਨਜੀਤ ਸਿੰਘ ਹਾਂਸ, ਪੰਜਾਬ ਐਗਰੀਕਲਚਰ ਐਕਸਪੋਰਟ ਨਿਗਮ ਦੇ ਡਾਇਰੈਕਟਰ ਗੌਰਵ ਬੱਬਾ ਅਤੇ ਹੋਰ ਹਾਜ਼ਰ ਸਨ।

  LEAVE A REPLY

  Please enter your comment!
  Please enter your name here