ਹੁਸ਼ਿਆਰਪੁਰ (ਨਰੇਸ਼ ਕੁਮਾਰ ) ਹੁਸ਼ਿਆਰਪੁਰ ਸ਼ਹਿਰ ਦੇ ਮਿੰਨੀ ਯੂਨੀਵਰਸਿਟੀ ਵਜੋਂ ਜਾਣੇ ਜਾਂਦੇ ਸਰਕਾਰੀ ਕਾਲਜ ਵਿਚ ਪ੍ਰਿੰਸੀਪਲ ਨੇ ਆਪਣੇ ਚਹੇਤਿਆਂ ਅਤੇ ਰਿਸ਼ਤੇਦਾਰਾਂ ਨੂੰ ਪੱਕੀ ਸਰਕਾਰੀ ਨੌਕਰੀ ਦੇਣ ਲਈ ਕੀਤੀਆਂ ਵੱਡੇ ਪੱਧਰ ‘ਤੇ ਧਾਂਦਲੀਆਂ ਦਾ ਮਾਲਾ ਸਾਹਮਣੇ ਆਇਆ ਹੈ। ਆਪਣੇ ਜੀ- ਹਜ਼ੂਰੀ ਪ੍ਰੋਫ਼ੈਸਰਾਂ ‘ਤੇ ਆਧਾਰਿਤ ਬਣਾਈ ਕਮੇਟੀ ਨੇ ਯੂਨੀਵਰਸਿਟੀ ਅਤੇ ਸਰਕਾਰੀ ਨਿਯਮਾਂ ਦੀ ਅਣਦੇਖ਼ੀ ਕਰਦੇ ਹੋਏ ਅਜਿਹੇ ਉਮੀਦਵਾਰਾਂ ਨੂੰ ਨੌਕਰੀ ‘ਤੇ ਰੱਖ਼ ਲਿਆ ਜਿਹੜੇ ਯੋਗ ਵੀ ਨਹੀਂ ਸਨ ਅਤੇ ਕੁੱਝ ਅਜਿਹੇ ਵਿਅਕਤੀ ਵੀ ਭਰਤੀ ਕਰ ਲਏ ਜਿਨ੍ਹਾਂ ਨੇ ਜਿਸ ਪਦ ਲਈ ਅਰਜ਼ੀ ਦਿੱਤੀ ਸੀ ਉਸ ਪਦ ਤੋਂ ਉੱਪਰੀਲੀ ਯੋਗਤਾ ਵਿਰੁੱਧ ਉਨ੍ਹਾਂ ਦੀ ਨਿਯੁਕਤੀ ਕਰ ਦਿੱਤੀ। ਇਹ ਨਿਯੁਕਤੀਆਂ ਕਰਦੇ ਸਮੇਂ ਕਾਲਜ ਵਿਚ ਕੰਮ ਕਰਦੇ ਕੁੱਝ ਕਰਮਚਾਰੀਆਂ ਅਤੇ ਉਨ੍ਹਾਂ ਦੀ ਸੀਨੀਅਰਤਾ ਨੂੰ ਅੱਖ਼ੋ ਪਰੋਖ਼ੇ ਕਰ ਦਿੱਤਾ। ਇੱਥੇ ਤੱਕ ਕਿ ਪ੍ਰਿੰਸੀਪਲ ਸਾਹਿਬ ਦੀ ਕੋਠੀ ਵਿਚ ਨਿੱਜੀ ਕੰਮ ਕਰਦੇ ਅਤੇ ਕਾਲਜ ਵਿਚ ਵੇਲਦਾਰ ਦੇ ਦੋਨੋਂ ਪੁੱਤਰਾਂ ਨੂੰ ਨੌਕਰੀ ਨਾਲ ਨਵਾਜ ਕੇ ਉਸ ਦੀ ਸੇਵਾ ਦਾ ਮੁੱਲ ਮੋੜ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਪ੍ਰਿੰਸੀਪਲ ਪਰਮਜੀਤ ਸਿੰਘ ਨੇ ਪੰਜ ਦਸੰਬਰ ਦੀ ਇੱਕ ਪੰਜਾਬੀ ਅਖ਼ਵਾਰ ਵਿਚ ਕਾਲਜ ਅੰਦਰ ਲੈਬਾਰਟਰੀ ਅਟੈਂਡੈਂਟ 04, ਲਾਇਬਰੇਰੀ ਅਟੈਂਡੈਂਟ 03, ਸੇਵਾਦਾਰ 01, ਬੇਲਦਾਰ 02। ਵਾਟਰਮੈਂਨ 02 ਸਫ਼ਾਈ ਸੇਵਕ 03, ਮਾਲੀ ਇੱਕ ਅਤੇ ਚੌਕੀਦਾਰ ਦੇ 04 ਪਦਾਂ ਲਈ ਇਸ਼ਿਤਾਰ ਦੇ ਕੇ ਇਨ੍ਹਾਂ ਅਸਾਮੀਆਂ ਨੂੰ ਭਰਨ ਲਈ ਅਰਜੀਆਂ ਮੰਗੀਆਂ। ਅਖ਼ਵਾਰੀ ਇਸ਼ਤਿਹਾਰ ਅਨੁਸਾਰ ਇਨ੍ਹਾਂ ਅਸਾਮੀਆਂ ਲਈ ਬੇਨਤੀ ਪੱਤਰ ਦੇਣ ਵਾਲੇ ਉਮੀਦਵਾਰਾਂ ਨੂੰ ਰਜਿਸਟਰਡ ਪੋਸਟ ਦਰਆਰਾ ਹੀ ਅਪਲਾਈ ਕਰਨਾ ਸੀ। ਪ੍ਰਿੰਸੀਪਲ ਸਾਹਿਬ ਨੇ ਸਾਰੇ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਪਹਿਲਾਂ ਹੀ ਸੋਚੀ ਯੋਜਨਾ ਅਨੁਸਾਰ ਜਿਨ੍ਹਾਂ ਉਮੀਦਵਾਰਾਂ ਨੂੰ ਨੌਕਰੀ ‘ਤੇ ਰੱਖ਼ਣਾ ਸੀ ਉਨ੍ਹਾਂ ਕੋਲੋਂ ਅਰਜੀਆਂ ਦਸਤੀ ਲੈ ਲਈਆਂ ਅਤੇ ਬਾਕੀ ਉਮੀਦਵਾਰਾਂ ਕੋਲੋਂ ਅਰਜ਼ੀਆਂ ਰਜਿਸਟਰਡ ਪੋਸਟ ਰਾਂਹੀ ਹੀ ਲਈਆਂ। ਇਨ੍ਹਾਂ ਅਸਾਮੀਆਂ ਨੂੰ ਪੁਰ ਕਰਨ ਲਈ ਅੱਠ ਜਨਵਰੀ ਨੂੰ ਬੇਨਤੀ ਪੱਤਰ ਦੇਣ ਵਾਲੇ ਉਮੀਦਵਾਰਾਂ ਦੀ ਇੰਟਰਵਿਊ ਰੱਖ਼ ਲਈ ਅਤੇ ਇੰਟਰਵਿਊ ਲੈਣ ਲਈ ਬਣਾਈ ਕਮੇਟੀ ਵਲੋਂ ਉਮੀਦਵਾਰਾਂ ਦੀ ਸੂਚੀ ਬਣਾਉਣਾ, ਉਨ੍ਹਾਂ ਦੀ ਹਾਜ਼ਰੀ ਲਗਾਉਣਾ, ਉਨ੍ਹਾਂ ਦੀ ਯੋਗਤਾ ਲਿਸਟ ਸਮੇਤ ਅਜਿਹੇ ਕਈ ਨਿਯਮਾਂ ਨੂੰ ਦਰਕਿਨਾਰ ਕਰਕੇ ਆਪਣੇ ਚਹੇਤਿਆਂ ਨੂੰ ਉਸੇ ਦਿਨ ਨਿਯੁਕਤੀ ਪੱਤਰ ਬਣਾ ਕੇ ਦੇ ਦਿੱਤੇ ਅਤੇ ਉਸੇ ਹੀ ਦਿਨ ਚੁਣੇ ਗਏ ਉਮੀਦਵਾਰਾਂ ਦਾ ਮੈਡੀਕਲ ਵੀ ਕਰਵਾ ਦਿੱਤਾ। ਹੋਰ ਤਾਂ ਹੋਰ ਕਾਲਜ ਵਿਚ ਪਹਿਲਾਂ ਹੀ ਕੰਮ ਕਰਦੇ ਕਰਮਚਾਰੀਆਂ ਦੀ ਸੀਨੀਅਰਤਾ ਨੂੰ ਵੀ ਅੱਖ਼ੋਂ ਪਰੋਖ਼ੇ ਕਰ ਦਿੱਤਾ। ਕਾਲਜ ਵਿਚ ਕੰਮ ਕਰਦੇ ਇੱਕ ਮਾਲੀ ਜੋ ਕਿ ਪ੍ਰਿੰਸੀਪਲ ਸਾਹਿਬ ਦੀ ਨਿੱਜੀ ਕੋਠੀ ਵਿਚ ਹੀ ਸੇਵਦਾਰੀ ਕਰਦਾ ਹੈ ਉਸ ਦੇ ਦੋ ਪੁੱਤਰਾਂ ਨੂੰ ਨੌਕਰੀ ਨਾਲ ਨਵਾਜ ਕੇ ਉਸ ਦੀ ਸੇਵਾ ਦਾ ਮੁੱਲ ਮੋੜ ਦਿੱਤਾ। ਜਿਹੜੇ ਵੱਧ ਯੋਗਤਾ ਵਾਲੇ ਉਮੀਦਵਾਰਾਂ ਨੂੰ ਵੀ ਅਰਜ਼ੀ ਦਿੱਤੀ ਸੀ ਉਹ ਹੀ ਦਰਕਿਨਾਰ ਕਰ ਦਿੱਤੇ ਗਏ। ਕਾਲਜ ਦੇ ਇੱਕ ਹੋਰ ਚਹੇਤੇ ਕਰਮਚਾਰੀ ਜਿਹੜਾ ਕਿ ਦਸਵੀਂ ਵੀ ਪਾਸ ਨਹੀਂ ਸੀ ਉਸ ਨੂੰ ਵੀ ਤਰੱਕੀ ਦੇ ਦਿੱਤੀ ਜਦਕਿ ਕਾਲਜ ਵਿਚ ਕੰਮ ਕਰਦੇ ਇੱਕ ਹੋਰ ਸੀਨੀਅਰ ਅਤੇ ਵਧੇਰੇ ਤਜਰਬਾ ਰੱਖ਼ਣ ਵਾਲੇ ਕਰਮਚਾਰੀ ਵੱਲ ਪ੍ਰਿੰਸੀਪਲ ਸਾਹਿਬ ਦੀ ਸਵੱਲੀ ਨਜ਼ਰ ਹੀ ਨਹੀਂ ਪਈ। ਪ੍ਰਿੰਸੀਪਲ ਸਾਹਿਬ ਅਤੇ ਨਿਯੁਕਤੀ ਕਮੇਟੀ ਦੀਆਂ ਮਨਮਾਨੀਆਂ ਇੱਥੇ ਹੀ ਖ਼ਤਮ ਨਹੀਂ ਹੋਈਆਂ ਸਗੋਂ ਉਨ੍ਹਾਂ ਕੁੱਝ ਅਜਿਹੇ ਉਮੀਦਵਾਰਾਂ ਦੀ ਨਿਯੁਕਤੀ ਲਾਇਬਰੇਰੀ ਅਟੈਂਡੈਂਟ ਵਜੋ ਕਰ ਦਿੱਤੀ ਜਿਨ੍ਹਾਂ ਨੇ ਅਰਜ਼ੀ ਕਿਸੇ ਹੋਰ ਪਦ ਵਿਰੁੱਧ ਕੀਤੀ ਸੀ। ਇੱਥੇ ਹੀ ਬੱਸ ਨਹੀਂ ਪ੍ਰਿੰਸੀਪਲ ਸਾਹਿਬ ਨੇ ਇੱਕ ਰਾਜਸੀ ਆਗੂ ਦੇ ਨਿੱਜੀ ਪੀ ਏ ਦੀ ਪਤਨੀ ਨੂੰ ਵੀ ਨੌਕਰੀ ਨਾਲ ਨਵਾਜ ਦਿੱਤਾ। ਪਹਿਲਾਂ ਤੋਂ ਪ੍ਰੋਫ਼ੈਸਰਾਂ ਦੀਆਂ ਨਿਯੁਕਤੀਆਂ ਸਬੰਧੀ ਉੱਚ ਅਦਾਲਤ ਦੇ ਚੱਕਰ ਕੱਟ ਰਹੇ ਪ੍ਰਿੰਸੀਪਲ ਸਾਹਿਬ ਵਲੋਂ ਆਪਣੇ ਨਜ਼ਦੀਕੀਆਂ ਨੂੰ ਖ਼ੁਸ਼ ਕਰਨ ਲਈ ਸਰਕਾਰੀ ਕਾਲਜ ਪੋਜੇਵਾਲ ਵਿਚ ਵੀ ਨਿਯੁਕਤੀਆਂ ਕੀਤਆਂ ਅਤੇ ਸਰਕਾਰੀ ਕਾਲਜ ਤਲਵਾੜਾ ਵਿਚ ਵੀ ਅਜਿਹੀਆਂ ਨਿਯੁਕਤੀਆਂ ਕਰਨ ਲਈ ਇਸ਼ਤਿਹਾਰ ਦਿੱਤੇ ਹਨ। ਇਸ ਸਬੰਧੀ ਪੜਤਾਲੀਆ ਕਮੇਟੀ ਦੇ ਮੈਂਬਰਾਂ ਅਵਿਨਾਸ਼ ਕੌਰ, ਰਾਜੇਸ਼ ਡੋਗਰਾ, ਹਰਦੀਪ ਸਿੰਘ ਨੇ ਵੀ ਆਪਣਾ ਪੱਲਾ ਝਾੜਦੇ ਹੋਏ ਕਿਹਾ ਕਿ ਇਸ ਸਬੰਧੀ ਸਿਰਫ਼ ਪ੍ਰਿੰਸੀਪਲ ਹੀ ਦੱਸ ਸਕਦੇ ਹਨ। ਪ੍ਰਿੰਸੀਪਲ ਪਰਮਜੀਤ ਸਿੰਘ ਨੇ ਨੋ ਕੰਮੈਂਟਸ ਕਹਿ ਕੇ ਫ਼ੋਨ ਕੱਟ ਦਿੱਤਾ।