ਗੜ੍ਹਸ਼ੰਕਰ (ਸੇਖ਼ੋ)- ਗੜ੍ਹਸ਼ੰਕਰਸ਼ਹਿਰ ਵਿਚ ਜਿੱਥੇ ਕੂੜਾ ਕਰਕਟ ਦੇ ਧੁਕਵਏ ਪ੍ਰਬੰਧ ਨਾ ਹੋਣ ਕਾਰਨ ਸ਼ਹਿਰ ਵਿਚ ਕੂੜੇ ਦੇ ਢੇਰ ਲੱਗੇ ਆਮ ਦੇਖੇ ਜਾ ਸਕਦੇ ਹਨ ਉੱਥੇ ਹੀ ਗੰਦੇ ਪਾਣੀ ਦੀ ਨਿਕਾਸੀ ਦਾ ਵੀ ਢੁਕਵਾਂ ਪ੍ਰਬੰਧ ਨਹੀਂ ਹੈ। ਸ਼ਹਿਰ ਵਿਚ ਥਾਂ ਥਾਂ ਨਾਲਿਆਂ ਦੇ ਗਟਰ ਖੁਲ੍ਹੇ ਪਏ ਹਨ ਜਿਸ ਨਾਲ ਜਿੱਥੇ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ ਉੱਥੇ ਹੀ ਨੇੜਲੇ ਰਿਹਾਇਸ਼ੀ ਘਰਾਂ ਨੂੰ ਬਦਬੂਦਾਰ ਮਾਹੌਲ ਵਿਚ ਜੀਉਣਾ ਪੈ ਰਿਹਾ ਹੈ।
ਇਸ ਬਾਰੇ ਗੱਲ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਸਥਾਨਕ ਮੰਡਲ ਪ੍ਰਧਾਨ ਲਵਲੀ ਖੰਨਾ ਨੇ ਕਿਹਾ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਦਾ ਬੁਰਾ ਹਾਲ ਹੈ ਅਤੇ ਸ਼ਹਿਰ ਵਿਚ ਗਟਰਾਂ ਦੇ ਖੁਲ੍ਹੇ ਅਤੇ ਟੁੱਟੇ ਢੱਕਣ ਲੋਕਾਂ ਲਈ ਵੱਖਰੀਆਂ ਸਮੱਸਿਆਵਾਂ ਪੈਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਰਸਾਤ ਦਾ ਮੌਸਮ ਨੇੜੇ ਹੋਣ ਕਰਕੇ ਸਫ਼ਾਈ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਵਿਸ਼ੇਸ਼ ਕੰਮ ਕਰਨ ਦੀ ਲੋੜ ਹੈ ਜਦ ਕਿ ਨਗਰ ਕੌਂਸਲ ਦੇ ਅਧਿਕਾਰੀ ਇਸ ਪਾਸੇ ਅੱਖਾਂ ਬੰਦ ਕਰੀ ਬੈਠੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਨਵਾਂਸ਼ਹਿਰ ਰੋਡ,ਨੰਗਲ ਰੋਡ ਅਤੇ ਬੰਗਾ ਰੋਡ ‘ਤੇ ਕੂੜੇ ਦੇ ਢੇਰ ਵੱਧਦੇ ਜਾ ਰਹੇ ਹਨ ਅਤੇ ਇਨ੍ਹਾਂ ਨੂੰ ਚੁੱਕਣ ਅਤੇ ਸ਼ਹਿਰ ਵਿਚ ਪੱਕੇ ਕੰਨਟੇਨਰ ਰੱਖਣ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਸ਼ਹਿਰ ਦੇ ਡੀਏਵੀ ਕਾਲਜ ਰੋਡ,ਅਨਾਜ ਮੰਡੀ ਰੋਡ,ਕੰਨਿਆ ਵਿਦਿਆਲਆ ਸੜਕ ਸਮੇਤ ਘਾਟੀ ਦੇ ਘਰਾਂ ਵੱਲ ਗਟਰਾਂ ਦੇ ਢੱਕਣ ਖੁਲੇ ਪਏ ਹਨ ਜਿਨ੍ਹਾਂ ਵਿਚੋਂ ਬਦਬੂਦਾਰ ਗੰਦਾ ਪਾਣੀ ਬਾਹਰ ਨਿਕਲਦਾ ਹੈ ਅਤੇ ਕਈ ਢੱਕਣ ਟੁੱਟੀ ਹਾਲਤ ਵਿਚ ਹਨ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਪਾਸੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਸ਼ਹਿਰ ਦੀ ਸਫ਼ਾਈ ਵਿਵਸਥਾ ਸੁਧਾਰੀ ਜਾਵੇ। ਇਸ ਬਾਰੇ ਈਓ ਆਦਰਸ਼ ਕੁਮਾਰ ਨੇ ਕਿਹਾ ਕਿ ਗੰਦੇ ਨਾਲੇ ਦੀ ਸਫ਼ਾਈ ਕਰਵਾ ਦਿੱਤੀ ਗਈ ਹੈ ਅਤੇ ਬਰਸਾਤ ਤੋਂ ਪਹਿਲਾਂ ਪਹਿਲਾਂ ਗਟਰਾਂ ਦੀ ਸਫਾਈ ਅਤੇ ਖਸਤਾ ਹਾਲ ਗਟਰਾਂ ਸਬੰਧੀ ਕਾਰਵਾਈ ਕੀਤੀ ਜਾਵੇਗੀ।