ਕੈਪਟਨ ਨੇ ਸਿੱਧੂ ਨੂੰ ਦੱਸਿਆ ਸਾਰੇ ਫਸਾਦ ਦੀ ਜੜ੍ਹ, ਹਾਈਕਮਾਨ ਨੇ ਦਿੱਤੇ ਵੱਡੇ ਫੇਰਬਦਲ

    0
    44

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬ ਕਾਂਗਰਸ ਵਿਚ ਪੈਦਾ ਹੋਏ ਅੰਦਰੂਨੀ ਕਲੇਸ਼ ਨੂੰ ਸੁਲਝਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਵਾਰ ਫਿਰ ਤਿੰਨ ਮੈਂਬਰੀ ਖੜਗੇ ਪੈਨਲ ਅੱਗੇ ਪੇਸ਼ ਹੋਣਾ ਪਿਆ। ਤਿੰਨ ਘੰਟੇ ਚੱਲੀ ਇਸ ਬੈਠਕ ਵਿਚ ਕੈਪਟਨ ਨੇ ਪੰਜਾਬ ਕਾਂਗਰਸ ਵਿਚ ਚੱਲ ਰਹੇ ਵਿਵਾਦ ਲਈ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਬਿਆਨਬਾਜ਼ੀ ਨੂੰ ਜ਼ਿੰਮੇਵਾਰ ਠਹਿਰਾਇਆ।

    ਇਕ ਮੀਡੀਆ ਰਿਪੋਰਟ ਦੇ ਅਨੁਸਾਰ ਕੈਪਟਨ ਨੇ ਕਿਹਾ ਕਿ ਸਿੱਧੂ ਸਾਰੇ ਫਸਾਦ ਦੀ ਜੜ੍ਹ ਹੈ। ਕੈਪਟਨ ਨੇ ਕਿਹਾ ਕਿ ਉਸ ਨੇ ਸਿੱਧੂ ਨਾਲ ਮਤਭੇਦ ਸੁਲਝਾਉਣ ਲਈ ਕਈ ਵਾਰ ਕੋਸ਼ਿਸ਼ ਕੀਤੀ ਪਰ ਉਹ ਖ਼ੁਦ ਹੀ ਸਾਰੇ ਦਰਵਾਜ਼ੇ ਬੰਦ ਕਰਨ ਦੇ ਇਰਾਦੇ ਰੱਖਦਾ ਸੀ।

    ਪਾਰਟੀ ਸੂਤਰ ਦੱਸਦੇ ਹਨ ਕਿ ਕੈਪਟਨ ਨੇ ਇਹ ਵੀ ਕਿਹਾ ਸੀ ਕਿ ਇਨ੍ਹਾਂ ਹਾਲਤਾਂ ਵਿੱਚ ਸਿੱਧੂ ਨੂੰ ਕੋਈ ਅਹੁਦਾ ਨਹੀਂ ਦਿੱਤਾ ਜਾ ਸਕਦਾ। ਦੂਜੇ ਪਾਸੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਹੈ ਕਿ ਸਿੱਧੂ ਆਪਣੇ ਅੰਦਾਜ਼ ਵਿੱਚ ਬੱਲੇਬਾਜ਼ੀ ਕਰ ਰਹੇ ਹਨ, ਉਨ੍ਹਾਂ ਨੇ ਪਾਰਟੀ ਖ਼ਿਲਾਫ਼ ਕੁੱਝ ਨਹੀਂ ਕੀਤਾ। ਰਾਵਤ ਨੇ ਪੰਜਾਬ ਕਾਂਗਰਸ ਵਿਚ ਵੱਡੇ ਫੇਰਬਦਲ ਦਾ ਸੰਕੇਤ ਵੀ ਦਿੱਤਾ ਹੈ।

    ਰਾਹੁਲ ਗਾਂਧੀ ਨੇ ਪੰਜਾਬ ਦੇ ਨੇਤਾਵਾਂ ਨੂੰ ਦਿੱਤੀ ਸਲਾਹ –

    ਪਾਰਟੀ ਸੂਤਰਾਂ ਅਨੁਸਾਰ ਤਿੰਨ ਮੈਂਬਰੀ ਕਮੇਟੀ ਨੇ ਸਰਕਾਰ ਅਤੇ ਪਾਰਟੀ ਬਾਰੇ ਦਿੱਤੇ ਗਏ ਬਿਆਨ ਦਾ ਸਖ਼ਤ ਨੋਟਿਸ ਲਿਆ ਹੈ। ਕੈਪਟਨ ਨੇ ਕਿਹਾ ਕਿ ਸਿੱਧੂ ਦੇ ਬਿਆਨਾਂ ਨਾਲ ਆਉਣ ਵਾਲੀਆਂ ਚੋਣਾਂ ਵਿੱਚ ਨੁਕਸਾਨ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਸੀਨੀਅਰ ਕਾਂਗਰਸੀ ਨੇਤਾ ਅੰਬਿਕਾ ਸੋਨੀ ਨਾਲ ਵੀ ਮੁਲਾਕਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਸਿੱਧੂ ਦੀ ਬਿਆਨਬਾਜ਼ੀ ਤੋਂ ਨਾਰਾਜ਼ ਹਨ।

    ਉਨ੍ਹਾਂ ਨੇ ਪਾਰਟੀ ਨੇਤਾਵਾਂ ਨੂੰ ਹਦਾਇਤ ਕੀਤੀ ਹੈ ਕਿ ਅਜਿਹੀ ਬਿਆਨਬਾਜ਼ੀ ਨਾ ਕੀਤੀ ਜਾਵੇ ਜਿਸ ਨਾਲ ਪਾਰਟੀ ਨੂੰ ਨੁਕਸਾਨ ਪਹੁੰਚੇ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਨਾਰਾਜ਼ਗੀ ਹੈ ਤਾਂ ਉਹ ਆਪਣਾ ਪੱਖ ਪੰਜਾਬ ਇੰਚਾਰਜ ਜਾਂ ਕਾਂਗਰਸ ਹਾਈ ਕਮਾਂਡ ਸਾਹਮਣੇ ਰੱਖ ਸਕਦੇ ਹਨ।

    LEAVE A REPLY

    Please enter your comment!
    Please enter your name here