ਕੈਪਟਨ ਦੇ ਰੁਜਗਾਰ ਮੇਲੇ ‘ਚ ਪਹੁੰਚਿਆ ਇਕਲੌਤਾ ਨੌਜਵਾਨ

  0
  120

  ਚੰਡੀਗੜ੍ਹ(ਜਨਗਾਥਾ ਟਾਈਮਜ਼)  ਕੈਪਟਨ ਸਰਕਾਰ ਵੱਲੋਂ ਕਰਵਾਏ ਜਾ ਰਹੇ ਰੁਜਗਾਰ ਮੇਲਿਆਂ ਤੋਂ ਨੌਜਵਾਨਾਂ ਦੀ ਮੋਹ ਭੰਗ ਹੋ ਗਿਆ ਹੈ। ਸੋਮਵਾਰ ਨੂੰ ਲੁਧਿਆਣਾ ਵਿੱਚ ਸਰਕਾਰ ਵੱਲੋਂ ਪ੍ਰਾਈਵੇਟ ਕੰਪਨੀਆਂ ਓਲਾ ਤੇ ਫੂਡ ਪਾਂਡਾ ਦੇ ਸਹਿਯੋਗ ਨਾਲ ਲਾਏ ਗਏ ਰੁਜ਼ਗਾਰ ਮੇਲੇ ਵਿੱਚ 1571 ਅਰਜ਼ੀਆਂ ਪਹੁੰਚੀਆਂ ਪਰ ਸਿਰਫ਼ ਇੱਕ ਨੌਜਵਾਨ ਹੀ ਨੌਕਰੀ ਲਈ ਆਇਆ।

  ਆਮ ਆਦਮੀ ਪਾਰਟੀ ਨੇ ਸਰਕਾਰ ਨੂੰ ਸਰਕਾਰ ਨੂੰ ਘੇਰਦਿਆਂ ਕਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਹਰ ਘਰ ਰੁਜਗਾਰ ਦਾ ਨਾਅਰਾ ਦੇਣ ਵਾਲੀ ਕਾਂਗਰਸ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ ਹੈ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਨੌਜਵਾਨਾਂ ਨੂੰ ਭਰਮਾਉਣ ਲਈ ਕੈਪਟਨ ਨੇ ਵੱਡੇ-ਵੱਡੇ ਝੂਠੇ ਨਾਅਰੇ ਦਿੱਤੇ ਸਨ ਪਰ ਚੋਣ ਜਿੱਤਣ ਮਗਰੋਂ ਆਪਣੇ ਵਾਅਦਿਆਂ ਤੋਂ ਮੁੱਕਰ ਗਏ ਹਨ।

  ਉਨ੍ਹਾਂ ਕਿਹਾ ਕਿ ਬੜੇ ਜ਼ੋਰ ਸ਼ੋਰ ਨਾਲ ਲੱਖਾਂ ਰੁਪਏ ਦੇ ਇਸ਼ਤਿਹਾਰ ਦੇ ਕੇ ਲੁਧਿਆਣਾ ਵਿੱਚ ਸਰਕਾਰ ਵੱਲੋਂ ਪ੍ਰਾਈਵੇਟ ਕੰਪਨੀਆਂ ਓਲਾ ਤੇ ਫੂਡ ਪਾਂਡਾ ਦੇ ਸਹਿਯੋਗ ਨਾਲ ਲਾਏ ਗਏ ਰੁਜ਼ਗਾਰ ਮੇਲੇ ਵਿੱਚ 1571 ਅਰਜ਼ੀਆਂ ਆਉਣ ਤੋਂ ਬਾਅਦ ਸਿਰਫ਼ ਇੱਕ ਨੌਜਵਾਨ ਦਾ ਨੌਕਰੀ ਲਈ ਆਉਣਾ ਸਿੱਧ ਕਰਦਾ ਹੈ ਕਿ ਨੌਜਵਾਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਉੱਤੇ ਕੋਈ ਭਰੋਸਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਭਰੋਸੇ ਟੁੱਟਣ ਦਾ ਅਸਲ ਕਾਰਨ ਪਿਛਲੇ ਰੁਜ਼ਗਾਰ ਮੇਲਿਆਂ ਵਿੱਚ ਸਰਕਾਰ ਵੱਲੋਂ ਪੜ੍ਹੇ ਲਿਖੇ ਨੌਜਵਾਨਾਂ ਲਈ ਅਤਿ ਨੀਵੇਂ ਦਰਜੇ ਦੀਆਂ ਨੌਕਰੀਆਂ ਦੀ ਪੇਸ਼ਕਸ਼ ਹੈ। ਉਨ੍ਹਾਂ ਕਿਹਾ ਕਿ ਐਮਏ, ਪੀਐਚਡੀ ਕਰ ਚੁੱਕੇ ਨੌਜਵਾਨਾਂ ਨੂੰ ਪਰਚੂਨ, ਕੱਪੜੇ ਤੇ ਸਰਵਿਸ ਸਟੇਸ਼ਨ ਵਰਗੀਆਂ ਨੌਕਰੀਆਂ ਦੀ ਪੇਸ਼ਕਸ਼ ਉਨ੍ਹਾਂ ਨਾਲ ਭੱਦਾ ਮਜ਼ਾਕ ਹੈ।

  ਚੀਮਾ ਨੇ ਕਿਹਾ ਕਿ ਕਿਸਾਨਾਂ, ਦਲਿਤਾਂ, ਖੇਤ ਮਜਦੂਰਾਂ ਵਾਂਗ ਪੰਜਾਬ ਦੇ ਨੌਜਵਾਨਾਂ ਨਾਲ ਵੀ ਵੱਡਾ ਧੋਖਾ ਹੋਇਆ ਹੈ ਤੇ ਹਰ ਘਰ ਵਿੱਚ ਰੁਜ਼ਗਾਰ ਦੇਣ ਜਾਂ ਰੁਜ਼ਗਾਰ ਨਾ ਦੇਣ ਦੀ ਸੂਰਤ ਵਿੱਚ ਬੇਰੁਜਗਾਰੀ ਭੱਤਾ ਦੇਣਾ ਵੀ ਚੋਣ ਜੁਮਲਾ ਸਾਬਤ ਹੋਇਆ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਦੇ ਵਾਅਦੇ ਸਿਰਫ਼ ਭਾਸ਼ਣ ਹੀ ਸਾਬਤ ਹੋਏ ਹਨ ਜਦੋਂਕਿ ਜ਼ਮੀਨੀ ਪੱਧਰ ‘ਤੇ ਇਨ੍ਹਾਂ ਉੱਤੇ ਕਿਸੇ ਤਰ੍ਹਾਂ ਦਾ ਅਮਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਰੁਜਗਾਰ ਦੇ ਮੌਕੇ ਪੈਦਾ ਕਰਨ ਵੱਲ ਵੀ ਸਰਕਾਰ ਦਾ ਕੋਈ ਧਿਆਨ ਨਹੀਂ ਹੈ ਸਗੋਂ ਪਹਿਲਾਂ ਤੋਂ ਨੌਕਰੀ ਕਰ ਰਹੇ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਕਟੌਤੀ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

  LEAVE A REPLY

  Please enter your comment!
  Please enter your name here