ਗੜ੍ਹਸ਼ੰਕਰ (ਸੇਖ਼ੋ) – ਗੁਡਜ਼ ਕੈਰੀਅਰ ਟਰੱਕ ਅਪਰੇਟਰ ਵੈਲਫੇਅਰ ਸੁਸਾਇਟੀ ਮਾਹਿਲਪੁਰ ਦਾ ਇਕ ਵਫ਼ਦ ਅੱਜ ਕਾਮਰੇਡ ਦਰਸ਼ਨ ਸਿੰਘ ਮੱਟੂ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਈਸ਼ਾ ਕਾਲੀਆ ਨੂੰ ਮਿਲਿਆ। ਇਸ ਮੌਕੇ ਟਰੱਕ ਯੂਨੀਅਨ ਦੇ ਅਹੁਦੇਦਾਰਾਂ ਨੇ ਕਣਕ ਦੀ ਢੋਆ ਢੋਆਈ ਦੌਰਾਨ ਆ ਰਹੀਆਂ ਦਿੱਕਤਾਂ ਦੂਰ ਕਰਨ ਦੀ ਮੰਗ ਕੀਤੀ। ਵਫ਼ਦ ਨੇ ਕਿਹਾ ਕਿ ਮਾਹਿਲਪੁਰ ਬਲਾਕ ਦੀਆਂ ਮੰਡੀਆਂ ਦਾ ਮਾਲ ਐਫ ਸੀ ਆਈ ਡਿਪੂ ਹੁਸ਼ਿਆਰਪੁਰ ਅਤੇ ਐਫ ਸੀ ਆਈ ਡਿਪੂ ਨਸਰਾਲਾ ਵਿਖੇ ਸਪਲਾਈ ਹੁੰਦਾ ਹੈ ਪਰ ਇੱਥੇ ਪੁੱਜੀਆਂ ਗੱਡੀਆਂ ਦਾ ਮਾਲ ਉਤਾਰਨ ਲਈ ਲੇਬਰ ਵਲੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਜੋ ਕਿ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਸਪਲਾਈ ਲਈ ਉਨ੍ਹਾਂ ਨੇ ਟੈਂਡਰ ਲਿਆ ਹੈ ਅਤੇ ਨਿਯਮਾਂ ਅਨੁਸਾਰ ਲੋਡਿੰਗ ਅਤੇ ਅਨਲੋਡਿੰਗ ਕਰਨ ਦਾ ਸਮੁੱਚਾ ਖਰਚ ਸਬੰਧਤ ਵਿਭਾਗ ਦਾ ਹੁੰਦਾ ਹੈ। ਵਫ਼ਦ ਨੇ ਕਿਹਾ ਕਿ ਜਲੰਧਰ ਰੋਡ ਨਸਰਾਲਾ ‘ਤੇ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਹੈ ਜਿਸ ਕਰਕੇ ਕਣਕ ਦੀਆਂ ਭਰੀਆਂ ਗੱਡੀਆਂ ਦੀ ਪਾਰਕਿੰਗ ਲਈ ਕੋਈ ਥਾਂ ਨਹੀਂ ਹੈ । ਵਫ਼ਦ ਨੇ ਮੰਗ ਕੀਤੀ ਕਿ ਉਕਤ ਸਮੱਸਿਆਵਾਂ ਦੇ ਹੱਲ ਸਬੰਧੀ ਕਦਮ ਚੁੱਕੇ ਜਾਣ। ਇਸ ਮੌਕੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਇਨ੍ਹਾਂ ਸਮੱਸਿਆਵਾਂ ਬਾਰੇ ਸਬੰਧਤ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਜਾਣਗੇ ਅਤੇ ਕਣਕ ਦੀ ਢੋਆ ਢੋਆਈ ਸਬੰਧੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਟਰੱਕ ਯੂਨੀਅਨ ਮਾਹਿਲਪੁਰ ਦੇ ਅਹੁਦੇਦਾਰਾਂ ਵਲੋਂ ਬਲਜੀਤ ਸਿੰਘ,ਗੁਰਦੀਪ ਸਿੰਘ,ਗੁਰਮੀਤ ਸਿੰਘ,ਸ਼ਿਵ ਕੁਮਾਰ ਬਾਲੀ ਆਦਿ ਵੀ ਹਾਜ਼ਰ ਸਨ।
ਕੈਪਸਨ- ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੂੰ ਮੰਗ ਪੱਤਰ ਦਿੰਦੇ ਹੋਏ ਟਰੱਕ ਯੂਨੀਅਨ ਮਾਹਿਲਪੁਰ ਦੇ ਅਹੁਦੇਦਾਰ ।